ਕਿਸ਼ਨ ਸਿੰਘ ਆਰਿਫ਼ ਉਨ੍ਹੀਵੀਂ ਸਦੀ ਦੇ ਦੂਜੇ ਅੱਧ ਦੇ ਪੰਜਾਬੀ ਸਾਹਿਤ ਦੇ ਪ੍ਰਸਿੱਧ ਕਿੱਸਾਕਾਰ ਅਤੇ ਕਵੀ ਸਨ। ਉਨ੍ਹਾਂ ਦਾ ਜਨਮ 1836 ਵਿੱਚ ਅੰਮ੍ਰਿਤਸਰ, ਪੰਜਾਬ ਵਿੱਚ ਭਾਈ ਨਰੈਣ ਸਿੰਘ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ ਵਿੱਚ ਪ੍ਰਕਾਸ਼ਕ ਅਤੇ ਪੁਸਤਕ ਵਿਕਰੇਤਾ ਸਨ, ਜਿਸ ਕਾਰਨ ਕਿਸ਼ਨ ਸਿੰਘ ਨੂੰ ਛੋਟੀ ਉਮਰ ਵਿੱਚ ਹੀ ਕਿੱਸਿਆਂ ਅਤੇ ਕਿਤਾਬਾਂ ਦਾ ਅਧਿਐਨ ਕਰਨ ਦਾ ਮੌਕਾ ਮਿਲਿਆ। ਪਿਤਾ ਦੀ ਮੌਤ ਤੋਂ ਬਾਅਦ, ਉਨ੍ਹਾਂ ਨੇ ਇਸੇ ਪੇਸ਼ੇ ਨੂੰ ਅਪਣਾਇਆ ਅਤੇ ਪ੍ਰਕਾਸ਼ਨ ਦੇ ਨਾਲ-ਨਾਲ ਸਾਹਿਤਕ ਰਚਨਾਵਾਂ ਵਿੱਚ ਵੀ ਯੋਗਦਾਨ ਪਾਇਆ।
ਕਿਸ਼ਨ ਸਿੰਘ ਆਰਿਫ਼ ਨੇ ਪੰਜਾਬੀ ਸਾਹਿਤ ਵਿੱਚ ਕਿੱਸਾ-ਕਾਵਿ ਦੀ ਪਰੰਪਰਾ ਨੂੰ ਅਮੀਰ ਕੀਤਾ। ਕਿਸ਼ਨ ਸਿੰਘ ਆਰਿਫ਼ ਨੇ 26 ਦੇ ਲਗਭਗ ਆਪਣੀਆਂ ਰਚਨਾਵਾਂ ਲਿਖਿਆ ਹਨ ਜਿਹਨਾਂ ਵਿਚ ਮੁੱਖ ਰੂਪ ਵਿਚ ਹੀਰ ਰਾਂਝਾ, ਸ਼ੀਰੀ ਫ਼ਰਹਾਦ, ਪੂਰਨ ਭਗਤ, ਭਰਥਰੀ ਹਰੀ, ਰਾਜਾ ਰਸਾਲੂ ਅਤੇ ਦੁੱਲਾ ਭੁੱਟੀ ਆਦਿ ਹਨ। ਇਸ ਤੋਂ ਇਲਾਵਾਂ ਉਹਨਾਂ ਨੇ ਕਾਫ਼ੀਆਂ, ਕੋਰੜੇ, ਖਟਪਦੇ, ਕੁੰਡਲੀਏ ਅਰਫ਼ ਕ੍ਰਿਸ਼ਟ ਕਟਾਰ ਬਿਬੇਗ ਬਾਣ, ਸਰਬੰਗ, ਗਿਆਨ ਚਰਖਾ, ਜੀਵ ਸਿਆਪਾ, ਰਾਜਨੀਤੀ, ਕਸੀਦਾ ਆਰਫ਼, ਕਾਰ ਸਰੋਵਰ, ਬਾਰਾਂਮਾਹ, ਸੀਹਰਫ਼ੀ, ਸਤਵਾਰਾ, ਪੈਂਤੀ ਅੱਖਰੀ, ਬੁਝਾਰਤਾਂ ਆਦਿ ਰਚਨਾਵਾਂ ਰਚੀਆਂ ਹਨ।
ਉਨ੍ਹਾਂ ਦੀਆਂ ਰਚਨਾਵਾਂ ਪੰਜਾਬੀ ਸਭਿਆਚਾਰ, ਪ੍ਰੇਮ-ਕਹਾਣੀਆਂ, ਅਤੇ ਅਧਿਆਤਮਕ ਵਿਚਾਰਾਂ ਨੂੰ ਉਜਾਗਰ ਕਰਦੀਆਂ ਹਨ। ਕਿਸ਼ਨ ਸਿੰਘ ਆਰਿਫ਼ ਦੀਆਂ ਰਚਨਾਵਾਂ ਵਿੱਚ ਜਜ਼ਬਾਤ ਘੱਟ ਅਤੇ ਸਿਧਾਂਤਕ ਤੇ ਨੈਤਿਕ ਸਿੱਖਿਆਵਾਂ ਨੂੰ ਜ਼ਿਆਦਾ ਥਾਂ ਮਿਲੀ। ਉਨ੍ਹਾਂ ਦੀਆਂ ਰਚਨਾਵਾਂ ਦੀ ਬੋਲੀ ਠੇਠ ਪੰਜਾਬੀ ਹੈ, ਜਿਸ ਵਿੱਚ ਸਰਲਤਾ ਅਤੇ ਰਵਾਨੀ ਸਾਫ਼ ਦਿਖਾਈ ਦਿੰਦੀ ਹੈ। ਉਨ੍ਹਾਂ ਦੀ ਕਵਿਤਾ ਵਿੱਚ ਸੰਤ-ਮੱਤ, ਵੈਰਾਗ, ਬਹਾਦਰੀ, ਸਤ, ਧਰਮ, ਅਤੇ ਨੇਕੀ ਵਰਗੇ ਵਿਸ਼ਿਆਂ ਨੂੰ ਉਭਾਰਿਆ ਗਿਆ, ਜਦਕਿ ਚੋਰੀ, ਠੱਗੀ ਅਤੇ ਧੋਖੇ ਵਰਗੀਆਂ ਬੁਰਾਈਆਂ ਦੀ ਨਿਖੇਧੀ ਕੀਤੀ ਗਈ। ਉਨ੍ਹਾਂ ਦਾ ਦੇਹਾਂਤ 1900 ਈ. ਵਿਚ ਹੋ ਜਾਂਦਾ ਹੈ।