ਗ਼ੁਲਾਮ ਰਸੂਲ ਆਲਮਪੁਰੀ
ਉੱਘੇ ਵਿਦਵਾਨ ਅਤੇ ਪ੍ਰਸਿੱਧ ਕ਼ਿੱਸਾਕਾਰ। ਆਪਣੇ ਮਾਰਫ਼ਤੀ ਰੰਗ ਦੇ ਕ਼ਿੱਸੇ (ਅਹਿਸਨੁਲ ਕਸਿਸ) ਅਤੇ ਚਿੱਠੀਆਂ ਲਈ ਮਸ਼ਹੂਰ।
ਮੌਲਵੀ ਗ਼ੁਲਾਮ ਰਸੂਲ ਉਨ੍ਹੀਵੀਂ ਸਦੀ ਦੇ ਇੱਕ ਉੱਘੇ ਵਿਦਵਾਨ ਅਤੇ ਪ੍ਰਸਿੱਧ ਸ਼ਾਇਰ ਸਨ। ਆਪ ਦੇ ਦਾਦਾ ਮੌਲਵੀ ਨਿਜ਼ਾਮੁਦੀਨ ਅਤੇ ਮੌਲਵੀ ਰਹੀਮ ਬਖ਼ਸ਼ ਬੜੇ ਆਲਿਮ ਫ਼ਾਜ਼ਿਲ ਸਨ। ਆਪ ਨੇ ਸ਼ਾਹੀ ਮਸਜਿਦ ਲਾਹੌਰ ਦੇ ਇਮਾਮ ਮੌਲਵੀ ਗ਼ੁਲਾਮ ਮੁਹੀ-ਉੱ-ਦੀਨ ਤੋਂ ਵਿਦਿਆ ਲਈ । ਆਪ ਨੂੰ ਤਸੱਵੁਫ਼ ਦੀ ਤਾਂਘ ਹਜ਼ਰਤ ਸਾਹਿਬ ਕੋਠਾ ਦੇ ਦਰਬਾਰ ਲੈ ਗਈ, ਉਨ੍ਹਾਂ ਦਿਨਾਂ ਵਿੱਚ ਆਪ ਉੱਤੇ ਅਨੋਖੀ ਕੈਫ਼ੀਅਤ ਛਾਈ ਹੋਈ ਸੀ, ਜੋ 1847 ਈਸਵੀ ਵਿੱਚ ਸੱਸੀ-ਪੁੰਨੂੰ ਦੇ ਕ਼ਿੱਸੇ ਦੇ ਰੂਪ ਵਿੱਚ ਜ਼ਾਹਿਰ ਹੋਇਆ। ਇਸ ਤੋਂ ਇਲਾਵਾ ਆਪ ਨੇ ਨਸੀਹਤਨਾਮਾ, ਯੂਸਫ ਜ਼ੁਲੈਖ਼ਾਂ (ਅਹਿਸਨੁਲ ਕਸਿਸ), ਚਿੱਠੀਆਂ, ਸੀਹਰਫ਼ੀ ਅਤੇ ਬਾਰਾਂਮਾਹ ਵੀ ਲਿਖੇ ਹਨ। ਆਪ ਦੀ ਰਚਨਾ ਵਿੱਚ ਦਰਦ ਅਤੇ ਸੋਜ਼ ਦੀ ਭਰਮਾਰ ਹੈ। ਇਸ ਲਈ ਆਪ ਦੀਆਂ ਕਿਰਤਾਂ ਖ਼ਾਸ ਕਰਕੇ ਸੱਸੀ, ਸੀਹਰਫ਼ੀ, ਜ਼ੁਲੈਖ਼ਾਂ ਬੜੇ ਉਤਸ਼ਾਹ ਨਾਲ ਪੜ੍ਹੀਆਂ ਜਾਂਦੀਆਂ ਹਨ। ਆਪ ਦੀ ਸ਼ਬਦਾਵਲੀ ਵਿੱਚ ਫ਼ਾਰਸੀ ਦੀ ਚੋਖੀ ਭਰਮਾਰ ਹੈ। ਕਿਤੇ-ਕਿਤੇ ਪੂਰੇ ਦੇ ਪੂਰੇ ਮਿਸਰੇ ਫ਼ਾਰਸੀ ਵਿੱਚ ਲਿਖੇ ਹਨ, ਪਰੰਤੂ ਪੰਜਾਬੀ ਸ਼ਬਦਾਂ, ਮੁਹਾਵਰਿਆਂ ਅਤੇ ਤਰਕ਼ੀਬਾਂ ਦੀ ਵਰਤੋਂ ਬਹੁਤ ਸੁਚੱਜੇ ਢੰਗ ਨਾਲ ਕੀਤੀ ਗਈ ਹੈ। ਆਪ ਕ਼ਿਲ੍ਹਾ ਸੋਭਾ ਸਿੰਘ ਦੇ ਵਸਨੀਕ ਸਨ। ਆਪ ਦਾ ਦੇਹਾਂਤ 1873 ਈਸਵੀ ਨੂੰ ਹੋਇਆ।