ਕ਼ਾਦਿਰ ਯਾਰ
ਰਣਜੀਤ ਸਿੰਘ ਦਾ ਸਮਕਾਲੀ ਪ੍ਰਸਿੱਧ ਸੂਫ਼ੀ ਕ਼ਿੱਸਾਕਾਰ। ਜਿਸਨੇ ਕ਼ਿੱਸਾ "ਪੂਰਨ ਭਗਤ" ਲਿਖ ਕੇ ਇਸ ਕਥਾ ਨੂੰ ਅਮਰ ਕਰ ਦਿੱਤਾ।
ਕਾਦਰਯਾਰ/ ਕ਼ਾਦਿਰਯਾਰ ਉਨੀਵੀਂ ਸਦੀ ਦਾ ਸਿਰਮੌਰ ਕ਼ਿੱਸਾਕਾਰ ਸੀ। ਵਿਦਵਾਨ ਉਸ ਦਾ ਅਸਲੀ ਨਾਮ ਕ਼ਾਦਿਰ ਬਖ਼ਸ਼ ਦੱਸਦੇ ਹਨ ਅਤੇ ਕਾਦਰਯਾਰ ਨੂੰ ਉਸ ਦਾ ਤਖ਼ੱਲੁਸ। ਕਾਦਰਯਾਰ ਦੇ ਜਨਮ ਸਥਾਨ ਅਤੇ ਤਾਰੀਖ਼ ਬਾਰੇ ਚਿੰਤਕਾਂ ਵਿਚ ਕਾਫ਼ੀ ਮੱਤਭੇਦ ਹਨ। ਉਹਨਾਂ ਦੀ ਰਚਨਾ ਦੇ ਅਨੁਸਾਰ ਕ਼ਾਦਿਰਯਾਰ ਦਾ ਜਨਮ ਪਿੰਡ ਮਾਛੀਕੇ, ਜ਼ਿਲ੍ਹਾ ਗੁਜਰਾਂਵਾਲਾ, ਪਾਕਿਸਤਾਨ ਵਿਚ ਹੋਇਆ:
ਮੌਜ਼ਹ ਮਾਛੀਕੇ ਪਿੰਡ ਹੈ ਜਗਹ ਮੇਰੀ,
ਸੰਧੂ ਜ਼ਾਤ ਹੈ ਆਖ ਸੁਣਾਇਆ ਮੈਂ
ਕ਼ਾਦਿਰਯਾਰ ਦੇ ਜਨਮ ਨਾਲ ਸੰਬੰਧਿਤ ਕੋਈ ਸਹੀ ਤੇ ਸਟੀਕ ਜਾਣਕਾਰੀ ਨਹੀਂ ਮਿਲਦੀ ਹੈ ਪਰ ਪੰਜਾਬੀ ਕ਼ਿੱਸਾ ਕਾਵਿ ਦਾ ਇਤਿਹਾਸ ਦੀ ਕਿਤਾਬ ਵਿਚ ਉਹਨਾਂ ਦੇ ਜਨਮ ਦਾ ਸਾਲ 1800 ਈ. ਦੱਸਿਆ ਗਿਆ ਹੈ। ਇਸ ਤੋਂ ਇਲਾਵਾਂ ਬਹੁਤੇ ਵਿਦਵਾਨ ਉਹਨਾਂ ਦਾ ਜੀਵਨ ਕਾਲ 1802 ਈ. ਤੋਂ 1892 ਈ. ਤੱਕ ਮੰਨਦੇ ਹਨ।
ਪੰਜਾਬੀ ਸਾਹਿਤ ਦੇ ਵਿਚ ਕ਼ਾਦਿਰਯਾਰ ਦੀਆਂ ਰਚਨਾਵਾਂ- ਮਹਿਰਾਜਨਾਮਾ, ਰੋਜ਼ਾਨਾਮਾ, ਕ਼ਿੱਸਾ ਪੂਰਨ ਭਗਤ, ਕ਼ਿੱਸਾ ਸੋਹਣੀ-ਮਹੀਂਵਾਲ, ਸੀਹਰਫ਼ੀ ਹਰੀ ਸਿੰਘ ਨਲੂਆ, ਵਾਰ ਪੂਰਨ ਭਗਤ, ਵਾਰ ਰਾਣੀ ਕੋਕਿਲਾਂ/ਰਾਜਾ ਰਸਾਲੂ ਆਦਿ ਹਨ। ਪਰ ਇਹਨਾਂ ਰਚਨਾਵਾਂ ਵਿਚ ਕ਼ਿੱਸਾ ਪੂਰਨ ਭਗਤ ਨੇ ਕ਼ਾਦਿਰਯਾਰ ਦਾ ਸਾਹਿਤਕ ਕ਼ੱਦ ਬਹੁਤ ਉੱਚਾ ਕਰ ਦਿੱਤਾ। ਕ਼ਾਦਿਰਯਾਰ ਦਾ ਇਹ ਕ਼ਿੱਸਾ ਇਸ ਸਮੇਂ ਇਹਨਾਂ ਮਕ਼ਬੂਲ ਹੋਇਆ ਸੀ ਕਿ ਉਸ ਸਮੇਂ ਦੇ ਰਾਜੇ ਨੇ ਕਵੀ ਨੂੰ ਇਨਾਮ ਦੇ ਵਿਚ ਇਕ ਖੂਹ ਦਿੱਤਾ ਸੀ।
ਕ਼ਾਦਿਰਯਾਰ ਦੀਆਂ ਰਚਨਾਵਾਂ ਕਾਵਿ-ਸ਼ਕਤੀ, ਜੀਵਨ-ਅਨੁਭਵ, ਯਥਾਰਥ ਦਾ ਪ੍ਰਗਟਾਅ ਤੇ ਲੋਕ-ਮੁਹਾਵਰਾ ਆਦਿ ਹਨ। ਉਸ ਦੀ ਬੋਲੀ ਸਰਲ ਲੋਕ-ਮੁਹਾਵਰੇ ਵਾਲੀ ਅਤੇ ਪ੍ਰਗਟਾਅ ਵਿਧੀ ਤੀਖਣ ਤੇ ਲਟਕਾਅ ਰਹਿਤ ਹੈ। ਕ਼ਾਦਿਰਯਾਰ ਇਕ ਮੁਸਲਮਾਨ ਕਵੀ ਹੁੰਦੇ ਹੋਏ ਵੀ ਭਾਰਤੀ ਪਰੰਪਰਾ, ਇਤਿਹਾਸ ਅਤੇ ਮਿਥਿਹਾਸ ਨੂੰ ਆਪਣੀਆਂ ਰਚਨਾਵਾਂ ਰਾਹੀਂ ਬਾਖ਼ੂਬੀ ਅਤੇ ਸੁਚੱਜੇ ਢੰਗ ਦੇ ਨਾਲ ਪੇਸ਼ ਕਰਦਾ ਹੈ।