ਸੋਹਣ ਸਿੰਘ ਮੀਸ਼ਾ ਆਧੁਨਿਕ ਪੰਜਾਬੀ ਕਵਿਤਾ ਦਾ ਪ੍ਰਸਿੱਧ ਅਤੇ ਰੁਮਾਂਟਿਕ ਭਰਮ-ਭੁਲੇਖੇ ਨੂੰ ਤੋੜਨ ਵਾਲਾ ਯਥਾਰਵਾਦੀ ਕਵੀ ਸੀ। ਉਹਨਾਂ ਦਾ ਜਨਮ 30 ਅਗਸਤ, 1934 ਈ. ਨੂੰ ਸਰਦਾਰ ਇੰਦਰ ਸਿੰਘ ਅਤੇ ਸਰਦਾਰਨੀ ਗੁਣਵੰਤ ਕੌਰ ਦੇ ਘਰ ਪਿੰਡ ਭੇਟ, ਜ਼ਿਲ੍ਹਾ ਕਪੂਰਥਲਾ ਵਿਚ ਹੋਇਆ ਸੀ। ਉਹਨਾਂ ਨੇ ਮੁਢਲੀ ਸਿੱਖਿਆ ਆਪਣੇ ਪਿੰਡ ਦੇ ਸਕੂਲ ਤੋਂ ਅਤੇ ਦਸਵੀਂ ਰਣਧੀਰ ਹਾਈ ਸਕੂਲ ਕਪੂਰਥਲਾ ਤੋਂ ਕੀਤੀ। ਗੌਰਮਿੰਟ ਕਾਲਜ ਹੁਸ਼ਿਆਰਪੁਰ ਤੋਂ ਐਮ.ਏ. ਅੰਗਰੇਜ਼ੀ ਕਰਨ ਤੋਂ ਬਾਅਦ 1957 ਈ. ਤੋਂ 1966 ਈ. ਤਕ ਉਹ ਨੈਸ਼ਨਲ ਕਾਲਜ, ਸਠਿਆਲਾ ਵਿਖੇ ਅੰਗਰੇਜ਼ੀ ਦੇ ਪ੍ਰਾਅਧਿਆਪਕ ਵਜੋਂ ਕਾਰਜਸ਼ੀਲ ਰਹੇ। ਇਸ ਤੋਂ ਬਾਅਦ ਉਹ ਆਲ ਇੰਡੀਆ ਰੇਡੀਓ ਜਲੰਧਰ ਵਿਖੇ ਪੰਜਾਬੀ ਪ੍ਰੋਗਰਾਮ ਦੇ ਪ੍ਰੋਡਿਊਸਰ ਵਜੋਂ ਵੀ ਕਾਰਜ ਕਰਦੇ ਰਹੇ।
ਸੋਹਣ ਸਿੰਘ ਮੀਸ਼ਾ ਨੇ ਪੰਜਾਬੀ ਕਾਵਿ ਜਗਤ ਵਿਚ ਪ੍ਰਵੇਸ਼ ਕਰਨ ਤੋਂ ਬਾਅਦ ਹਰੇਕ ਕਾਵਿ-ਲਹਿਰ ਨਾਲ ਤੁਰਨ ਦੀ ਕੋਸ਼ਿਸ਼ ਕੀਤੀ, ਜਿਸ ਦਾ ਧਰਾਤਲ ਸਾਡੀ ਸਮਾਜਿਕ ਮਾਨਸਿਕਤਾ ਵਿਚ ਮੌਜੂਦ ਸੀ। 1961 ਈ. ਵਿਚ ਉਹਨਾਂ ਦਾ ਪਹਿਲਾ ਕਾਵਿ-ਸੰਗ੍ਰਹਿ ਚੁਰਸਤਾ ਆਉਂਦਾ ਹੈ। ਇਸ ਤੋਂ ਬਾਅਦ ਦਸਤਕ, ਧੀਮੇ ਬੋਲ (ਚੋਣਵੀਂ ਕਵਿਤਾ) ਤੇ ਕੱਚ ਦੇ ਵਸਤਰ ਛਪਦੇ ਹਨ। ਉਹਨਾਂ ਨੂੰ 1977 ਈ. ਵਿਚ ਕੱਚ ਦੇ ਵਸਤਰ ਕਿਤਾਬ ਲਈ ਭਾਰਤੀ ਸਾਹਿਤਯ ਅਕਾਦਮੀ ਪੁਰਸਕਾਰ ਨਾਲ ਅਤੇ ਭਾਸ਼ਾ ਵਿਭਾਗ, ਪੰਜਾਬ ਦੇ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ।
ਸੋਹਣ ਸਿੰਘ ਮੀਸ਼ਾ ਨੇ ਪੰਜਾਬੀ ਕਵਿਤਾ ਦੇ ਖੇਤਰ ਵਿਚ ਆਪਣੀ ਨਿਵੇਕਲੀ ਪਛਾਣ ਬਣਾਈ ਹੈ। ਉਹ ਪ੍ਰਗਤੀਵਾਦੀ ਕਾਵਿਧਾਰਾ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਤਾਂ ਸੀ, ਪਰ ਉਹਨਾਂ ਨੇ ਸੁਚੇਤ ਤੌਰ ’ਤੇ ਕਿਸੇ ਵੀ ਕਾਵਿਧਾਰਾ ਨਾਲ ਆਪਣੇ ਆਪ ਨੂੰ ਬੰਨ੍ਹ ਕੇ ਨਹੀਂ ਰੱਖਿਆ। ਮੀਸ਼ਾ ਦੀ ਕਵਿਤਾ ਮੁੱਖ ਤੌਰ ਤੇ ਨਿਮਨ ਮੱਧਵਰਗੀ ਚੇਤਨਾ ਨੂੰ ਆਧਾਰ ਬਣਾਉਦੀ ਹੈ। ਉਹ ਬੰਦੇ ਦੀ ਗੁਆਚੀ ਹੋਂਦ ਦੇ ਤ੍ਰਾਸਦ੍ਰਿਕ ਅਹਿਸਾਸਾਂ ਨੂੰ ਆਪਣੀ ਕਵਿਤਾ ਰਾਹੀਂ ਵਿਅਕਤ ਕਰਦਾ ਹੈ। ਉਹ ਮੱਧ-ਸ਼੍ਰੇਣਿਕ ਸ਼ਹਿਰੀ ਮਨੁੱਖ ਦੀਆਂ ਛੋਟੀਆਂ ਭਾਵਨਾਵਾਂ, ਦੋਗਲੀਆਂ ਅਕਾਂਵਿਆਵਾਂ, ਲਾਲਸੀ ਬਿਰਤੀਆਂ, ਨਿਮਨ ਕਾਮਨਾਵਾਂ ਤੇ ਤੰਗੀਆਂ-ਤੁਰਸੀਆਂ ਨੂੰ ਤਿਖੀ ਤੇ ਭਾਵਪੂਰਤ ਕਟਾਖਸ਼ੀ ਵੀ ਰਾਹੀਂ ਨਸ਼ਰ ਕਰਦਾ ਹੈ। ਉਸ ਦੀ ਕਵਿਤਾ ਵਿਚ ਬਿਰਤਾਂਤ, ਨਾਟਕੀਅਤ ਤੇ ਪ੍ਰਗੀਤ ਦਾ ਸੁਮੇਲ ਦਿਖਾਈ ਦਿੰਦਾ ਹੈ। ਨਜ਼ਮ ਦੇ ਨਾਲ਼-ਨਾਲ਼ ਮੀਸ਼ਾ ਨੇ ਪੰਜਾਬੀ ਗ਼ਜ਼ਲ ਦੇ ਖੇਤਰ ਵਿਚ ਵੀ ਆਪਣਾ ਸਥਾਨ ਬਣਾਇਆ ਹੈ।
ਸੋਹਣ ਸਿੰਘ ਮੀਸ਼ਾ ਦੀ ਮੌਤ 42 ਸਾਲ ਦੀ ਉਮਰ ਵਿਚ 22 ਸਤੰਬਰ 1986 ਈ. ਨੂੰ ਕਾਂਜਲੀ ਝੀਲ ਵਿਚ ਵਾਪਰੇ ਇਕ ਹਾਦਿਸੇ ਦੇ ਕਾਰਨ ਹੋ ਜਾਂਦੀ ਹੈ। ਉਸ ਦੀ ਵਿਰਾਸਤ ਪੰਜਾਬੀ ਕਵਿਤਾ ਵਿਚ ਇੱਕ ਅਮਿੱਟ ਛਾਪ ਛੱਡ ਗਈ, ਜਿਸਨੇ ਨਵੀਂ ਪੀੜ੍ਹੀ ਨੂੰ ਯਥਾਰਵਾਦੀ ਵਿਚਾਰਧਾਰਾ ਨਾਲ ਜੋੜਿਆ।