ਸੀਹਰਫ਼ੀ ਅਵੱਲ

ਅਲਿਫ਼-ਏਥੇ ਉੱਥੇ ਅਸਾਂ ਆਸ ਤੈਂਡੀ, ਤੇ ਆਸਰਾ ਤੈਂਡੜੇ ਜ਼ੋਰ ਦਾ ਈ।

ਮਹੀਂ ਸਭ ਹਵਾਲੜੇ ਤੈਂਡੜੇ ਨੇ, ਅਸਾਂ ਖ਼ੌਖ ਨਾ ਗੰਦੜੇ ਚੋਰ ਦਾ ਈ।

ਤੂੰ ਹੀ ਜਾਣ ਸਵਾਲ ਜਵਾਬ ਸੱਭੇ, ਸਾਨੂੰ ਹੌਲ ਨਾ ਔਖੜੀ ਗੋਰ ਦਾ ਈ।

ਅਲੀ ਹੈਦਰ ਨੂੰ ਸਿੱਕ ਤੈਂਡੜੀ ਏ, ਤੈਂੜੇ ਬਾਝ ਨਾ ਸਾਇਲ ਹੋਰ ਦਾ ਈ।

ਬੇ-ਬਾਝ ਤੈਂਡੜੇ ਕੌਣ ਬਾਝ ਕਰੇ, ਤੈਂਡੇ ਅੱਗੜੇ ਕੌਣ ਵਸੀਲੜਾ ਏ।

ਤੈਂਡੇ ਬਾਝ ਮੈਂ ਤਾਂ ਨਿੱਤ ਰਹਾਂ ਖੜੀ, ਰੰਗ ਰੱਤੜਾ ਸਾਵਨਾ ਪੀਲੜਾ ਏ।

ਕਰ ਬਾਹੁੜੀ ਤੇ ਸੁਣ ਕੂਕ ਮੇਰੀ, ਮੈਂਡੀ ਪੱਸਲੀ ਦੇ ਮੁੱਢ ਵੀਲੜਾ ਏ।

ਹੈਦਰ ਯਾਰ ਮਿਲੇ ਤਾਂ ਮੈਂ ਜੀਵਾਂ-ਦਾਰੂ ਜੀਵਣੇ ਦਾ ਏਹਾਂ ਹੀਲੜਾ ਏ।

ਤੇ-ਤਾਰੀਆਂ ਲਾਰਿਆਂ ਤੈਂੜਿਆਂ ਨੇ, ਮੈਨੂੰ ਲਾਰਿਆਂ ਕਾਰੀਆਂ ਮਾਰੀਆਂ ਨੇ।

ਹੀਰ ਜੇਹੀਆਂ ਸੈ ਗੋਲੀਆਂ ਘੋਲੀਆਂ ਨੇ, ਸਦਕੇ ਕੀਤੀਆਂ ਤੇ ਮੈਥੋਂ ਵਾਰੀਆਂ ਨੇ।

ਚੋਪੜ ਮਾਰ ਤੋੜ ਨਾ ਪਾਸੜੇ ਨੂੰ, ਪਾਸੇ ਦਿੱਤੀਆਂ ਹੱਡੀਆਂ ਸਾਰੀਆਂ ਨੇ।

ਅਲੀ ਹੈਦਰ ਘੋਲੜੀ ਤੈਂਡੜੇ ਤੋਂ, ਅਸਾਂ ਜਿੱਤੀਆਂ ਬਾਜ਼ੀਆਂ ਹਾਰੀਆਂ ਨੇ।

ਸੇ-ਸਾਬਤ ਦੀਨ ਅਸਾਡਨਾ ਈ, ਇਕ ਰਾਂਝੇ ਦੇ ਕੋਲ ਪਛਾਣ ਨਾਹੀਂ।

ਛਾ ਧਾਂ ਦਮਾਮੜਾ ਇਸ਼ਕ ਵਾਲਾ, ਮੈਕੂੰ ਲੈਲਾ ਦੇ ਵਾਂਗ ਸਿਆਣ ਨਾਹੀਂ।

ਮੈਂਡੇ ਭਾਹ ਪਇਆ ਪੰਧ ਇਸ਼ਕ ਵਾਲਾ, ਮਜਨੂੰ ਵਾਂਗ ਡਿੱਠਾ ਬੀਆਬਾਨ ਨਾਹੀਂ।

ਅਲੀ ਹੈਦਰ ਯਾਰ ਪਿਆਰੜੇ ਨੂੰ ਮਜਲਸ ਵਿੱਚ ਮੈਂਡੇ ਵਲ ਧਿਆਨ ਨਾਹੀਂ।

ਜੀਮ-ਜਮਾਲ ਤੁਸਾਡੜੇ ਦੀ ਮੈਨੂੰ, ਸਿੱਕ ਸੀਨੇ ਵਿੱਚ ਅੜਕ ਲੱਗੀ।

ਅੜਕ ਕਹੇ ਕਾਈ ਭਾਹ ਤ੍ਰਿਖੜੀ ਨੂੰ, ਲੂੰ ਲੂੰ ਦੇ ਵਿੱਚ ਭੜਕ ਲੱਗੀ।

ਲਾਟ ਚਿਰਾਗ ਤੁਸਾਡੜੇ ਦੀ ਮੈਨੂੰ, ਬਿਜਲੀ ਦੇ ਵਾਂਗ ਕੜਕ ਲੱਗੀ।

ਹੈਦਰ ਤੋਪ ਬਿਰਹੋਂ ਵਾਲੀ ਫੁੱਟ ਕੇ ਤੇ, ਅਚਣਚੇਤ ਤੜਕ ਲੱਗੀ।

ਜ਼ਾਲ-ਜ਼ਿਕਰ ਤੁਸਾਡੜਾ ਮਿੱਠੜਾ ਏ, ਮੈਂ ਸ਼ਕਰਕੰਦ ਨਬਾਤ ਕੁਨੋਂ।

ਗਾਹਲ ਮਿੱਠੀ ਮਿੱਠੜੇ ਢੋਲਣੇ ਦੀ, ਮੈਨੂੰ ਮਿੱਠੜੀ ਆਬ-ਹਯਾਤ ਕੁਨੋਂ।

ਸਈਆਂ ਦੇ ਵਿੱਚ ਸੁਹਾਗਣ ਥੀਵਾਂ, ਜੇ ਕਰਮ ਕਰੇ ਇਕ ਰਾਤ ਕੁਨੋਂ।

ਹੈਦਰ ਨੂੰ ਜੇ ਚਾ ਨਵਾਜ਼ੇ, ਤਾਂ ਦੂਰ ਨਹੀਂ ਤੈੜੀ ਜ਼ਾਤ ਕੁਨੋਂ।

ਰੇ-ਰਹਮ ਕਰੇਂ ਮੈਂਡੇ ਹਾਲ ਉੱਤੇ, ਜੇ ਦਿਲ ਤੈਂਡੜਾ ਸੰਗ ਨਹੀਂ।

ਮੈਂ ਸਾਵਲੀ ਪੀਲੜੀ ਨੇਹੁੰ ਕੁਨੋਂ, ਅਤੇ ਕੇਸਰ ਦਾ ਇਹ ਰੰਗ ਨਹੀਂ।

ਕਿਉਂ ਵਤ ਕਾਜ਼ੀ ਕੁਰਾਨ ਨਾ ਚਾਇਆ ਈ, ਜੇ ਹੀਰ ਰਾਂਝੇ ਦੀ ਮੰਗ ਨਹੀਂ।

ਅਲੀ ਹੈਦਰ ਕਾਜ਼ੀ ਭੀ ਭੁੱਲਦਾ ਏ, ਕਾਈ ਹੋਰ ਹੀਰੇ ਨਾਉਂ ਝੰਗ ਨਹੀਂ।

ਸੀਨ-ਸਰਾਏ ਜਹਾਨ ਸੱਭੋ, ਇਕ ਰਾਤ ਗੁਜ਼ਾਰੀ ਤੇ ਉੱਠ ਚੱਲੇ।

ਇਹ ਸਾਹ ਦਮਾਮੜਾ ਕੂਚ ਦਾ ਈ, ਇਕ ਰੰਗ ਪਈ ਲੱਦ ਉੱਠ ਚੱਲੇ।

ਇਹ ਟਲੜੀਆਂ ਜ਼ੰਗਾਰ ਪਈਆਂ, ਸਣ ਗੰਢੜੀਆਂ ਬੰਨ੍ਹ ਰੁੱਠ ਚਲੇ।

ਇਕ ਤਿੱਖੜੇ ਤੇ ਇਕ ਮਿੱਠੜੇ ਸਾਥੀ, ਹੈਦਰ ਅਸਾਂ ਥੀਂ ਫੁੱਟ ਚੱਲੇ।

ਜ਼ੋਏ--ਜ਼ਹੂਰ ਕੀਤਾ ਤੈਂਡੀ ਖ਼ੂਬੀ, ਚਮਨ ਸਭ ਆਰਸੀਆਂ।

ਗੁੱਲ ਗੁੱਲ ਰੰਗ ਬਹਾਰ ਗੁੱਲਸਤਾਂ, ਸਵਰ ਸੁਖ਼ਨ ਸਭ ਆਰਸੀਆਂ।

ਮੂੰਹ ਮਹਤਾਬ ਤੇ ਸੁੰਬਲ ਜ਼ੁਲਫ਼ਾਂ, ਸੀਮ ਬਦਨ ਸਭ ਆਰਸੀਆਂ।

ਹੈਦਰ ਕੌਣ ਜੋ ਹੈਰਤ ਅੰਦਰ, ਦੇਖ ਸਕਣ ਸਭ ਆਰਸੀਆਂ।

ਐਨ-ਇਨਾਇਤ ਰੱਬੇ ਦੀ ਹੋਵੇ, ਐਵੇਂ ਹੀ ਫ਼ਜ਼ਲ ਕਰੇਂਦਾ ਚਾ।

ਤਖ਼ਤ ਹਜ਼ਾਰੇ ਤੋਂ ਰਾਂਝਣ ਸੱਦ ਕੇ, ਹੀਰ ਸਿਆਲ ਮਿਲੇਂਦਾ ਚਾ।

ਇਸ਼ਕ ਅਸਾਡੇ ਦੇ ਛੇਡਣ ਕਾਰਨ, ਮਹੀਂ ਦੇ ਨਾਲ ਛਿੜੇਂਦਾ ਚਾ।

ਵਾਹ ਵਾਹ ਕੰਮ ਅੱਲ੍ਹਾ ਦੇ ਹੈਦਰ, ਆਪੇ ਜੋੜ ਜੋੜੇਂਦਾ ਚਾ।

ਗ਼ੈਨ-ਗ਼ਰੀਬ ਨਿਮਾੜਨੀ ਗੋਲੀ, ਰਾਂਝੇ ਦੇ ਦਸਤ ਵਿਕਾਣੀਆਂ ਮੈਂ।

ਰਾਂਝਾ ਮਹੀਂ ਨੂੰ ਚਾਰ ਲਿਆਵੇ, ਤਾਂ ਰਿੜਕਾਂ ਮੱਟ ਮਧਾਣੀਆਂ ਮੈਂ।

ਅਵਗਣ ਭੀ ਗੁਣ ਜੇਹੇ ਵੇ ਹੈਦਰ, ਜੇ ਰਾਂਝਣ ਮਨ ਭਾਣੀਆਂ ਮੈਂ।

ਮੀਮ-ਮਿਸਾਲ ਮੁਹੰਮਦ ਅੱਗੇ, ਮੈਂ ਬਾਹਾਂ ਬੰਨ੍ਹ ਖਲੋਤੀ ਰਹਾਂ।

ਯਾ ਰੱਬ ਸਿਲਕ ਮੁਹੰਮਦ ਦੀ ਵਿੱਚ, ਲਾਲਾਂ ਦੇ ਵਾਂਗ ਪ੍ਰੋਤੀ ਰਹਾਂ।

ਸੈ ਸਿੰਗਾਰ ਤੇ ਸੂਹੜੇ ਬਾਣੇ, ਉਸ ਦਰਬਾਰ ਜੋ ਪਹੁਤੀ ਰਹਾਂ।

ਉਸ ਦਰਬਾਰ ਕੁਨੋਂ ਕਿਉਂ ਹੈਦਰ, ਬਾਹਜ ਜਵਾਹਰ ਮੋਤੀ ਰਹਾਂ।

ਨੂਨ-ਨਿਗਾਹ ਇਨਾਇਤ ਕਰਨੀ, ਹਿਕ ਵਾਰ ਮੈਨੂੰ ਮੁੜ ਭਾਲਣਾ ਏਂ।

ਸਿੱਕ ਸਿਕੇਂਦੀ ਤੇ ਮੇਹਰ ਕਰੀਂ ਹਿਕਵਾਰ ਤਾਂ ਮੁੱਖ ਵਿਖਾਲਣਾ ਏਂ।

ਮੈਂਡੇ ਕੀਤੜੇ ਵਲ ਨਾ ਵੇਖੀਂ, ਤੂੰ ਆਪਣਾ ਫ਼ਜ਼ਲ ਸੰਮ੍ਹਾਲਣਾ ਏਂ।

ਹੈਦਰ ਦੀਆਂ ਤਕਸੀਰਾਂ ਦਾ ਨਾਮਾ, ਨਾਲ ਇਨਾਇਤ ਡਾਲਣਾ ਏਂ।

ਹੇ-ਹੂ ਅੱਲ੍ਹਾ ਤਾਂ ਓਹੋ ਹੀ ਏ, ਜੋ ਹਰ ਕੋਈ ਜ਼ਿਕਰ ਕਰੇਂਦਾ ਮੀਆਂ।

ਵੇਖ ਵੇਖਾਂ ਦਮ ਦਮ ਦੇ ਵਿੱਚ, ਹੂ ਹੂ ਤੇ ਪਈਆ ਸੁਣੇਂਦਾ ਮੀਆਂ।

ਅਰਜ਼ ਫ਼ਲਕ ਤੇ ਚੰਨ ਸੂਰਜ ਵਿੱਚ, ਹੂ ਹੂ ਦਾ ਨਕਸ਼ ਦਿਸੇਂਦਾ ਮੀਆਂ।

ਹੈਦਰ ਇਸਮ ਜੋ ਆਜ਼ਮ ਇਲਾਹੀ, ਸੋ ਏਹਾ ਹੂ ਅਖੇਂਦਾ ਮੀਆਂ।