ਆ ਕਲਮੇ ਮੂੰਹ ਲਾ ਸਿਆਹੀ, ਚੁਮ ਜ਼ਮੀਨ ਨੂਰਾਨੀ।
ਰਤ ਕਾਲੀ ਛਿਣਕਾ ਅੱਖੀਂ ਥੀਂ, ਵਾਂਗ ਹੰਝੂ ਦੇ ਪਾਣੀ।
ਪੈ ਸਿਜਦੇ ਨੱਕ ਰਗੜ ਜ਼ਿਮੀ ਤੇ, ਕਰ ਕਰ ਇਜਜ਼ ਨਿਆਜ਼ਾਂ।
ਮਿਹਰ ਪਵੇ ਮਤ ਹਾਲ ਤੇਰੇ ਤੇ, ਉਨ੍ਹਾਂ ਗ਼ਰੀਬ ਨਿਵਾਜ਼ਾਂ।
ਸਿਫ਼ਤ ਮੁਬਾਰਿਕ ਪੀਰ ਮੇਰੇ ਦੀ, ਬਾਹਰ ਹਦ ਬਿਆਨੋਂ।
ਪਰ ਤੂੰ ਭੀ ਕੁਝ ਚੱਖ ਸ਼ਰੀਨੀ, ਜਾਵੇ ਫਿੱਕ ਜ਼ਬਾਨੋਂ।
ਮਰਦ ਭਲੇਰਾ ਮੁਰਸ਼ਦ ਮੇਰਾ, ਸ਼ਾਹ ਗ਼ੁਲਾਮ ਮੁਹੰਮਦ।
ਅਹਿਲ ਸ਼ਰੀਅਤ ਅਹਿਲ ਤਰੀਕਤ, ਵਾਂਙ ਇਮਾਮ ਮੁਹੰਮਦ।
ਮਹਰਮ ਹਾਲ ਹਕੀਕਤ ਕੋਲੋਂ, ਵਾਕਿਫ਼ ਸਰ ਇਰਫ਼ਾਨੋਂ।
ਪੁਰ ਤਕਸੀਰਾਂ ਨੂੰ ਤਾਸੀਰਾਂ, ਹੋਵਣ, ਓਸ ਜ਼ਬਾਨੋਂ।
ਜਿਉਂ ਮਿਹਤਰ ਦਾਊਦ ਨੱਬੀ ਸਨ, ਮੋਮ ਕਰੇਂਦੇ ਲੋਹਾ।
ਪੱਥਰ ਦਿਲ ਨੂੰ ਮੋਮਨ ਕਰਦੇ, ਗੱਲ ਉਨ੍ਹਾਂ ਦੀ ਓਹਾ।
ਸੁਹਬਤ ਮਜਲਿਸ ਪੀਰ ਮੇਰੇ ਦੀ, ਬਿਹਤਰ ਨਫ਼ਲ ਨਿਮਾਜ਼ੋਂ।
ਹਿਕ ਹਿਕ ਸੁਖ਼ਨ ਸ਼ਰੀਫ਼ ਉਨ੍ਹਾਂ ਦਾ, ਕਰਦਾ ਮਹਰਮ ਰਾਜ਼ੋਂ।
ਸੀਨਾ ਸਿਰਿੱ ਇਲਾਹੀ ਭਰਿਆ, ਮੱਥਾ ਚੰਨ ਨੂਰਾਨੀ।
ਚਸ਼ਮਾਂ ਸ਼ਰਮ ਹੱਯਾਊਂ ਭਰੀਆਂ, ਰੋਸ਼ਨ ਦੋਹੀਂ ਜਹਾਨੀ।
ਰਹਿਮਤ ਹਲਮ ਵਫ਼ਾ ਮੁਹੱਬਤ, ਚਾਰੇ ਤੱਬਆਂ ਰਲਾਕੇ।
ਰਬਿ ਉਹ ਸਖ਼ਸ਼ ਸ਼ਰੀਫ਼ ਬਣਾਇਆ, ਨੇਕ ਸਿਫ਼ਾਤਾਂ ਪਾ ਕੇ।
ਆਬ-ਹੱਯਾਤ ਕਲਾਮ ਰਸੀਲੀ, ਚਿਹਰਾ ਖ਼ਿਜ਼ਰ ਵਲੀ ਦਾ।
ਦਰਦ ਕੰਨੋ ਰੰਗ ਜ਼ਰਦ ਹਮੇਸ਼ਾ, ਆਤਿਸ਼-ਇਸ਼ਕ ਤਲੀ ਦਾ।
ਤਨ ਮਨਿ ਅੰਦਰ ਰਾਹ ਹੱਕਾਨੀ, ਅੰਦਰ ਦੀਨ ਪੈਗ਼ੰਬਰ।
ਸਾਲਿਕ ਸੂਫ਼ੀ ਨਾਲ ਜ਼ਾਹਿਦ, ਨਾਲੇ ਮਸਤ ਕਲੰਦਰ।
ਜੀਭ ਮਿੱਠੀ ਤੇ ਖੂ ਸਲੂਣ, ਸੂਰਤ ਅਪਨ ਅਪਾਰੀ।
ਰਾਹਬਰ ਰਾਹਿ ਹਿਦਾਇਤ ਅੰਦਰ, ਕਸਬ ਤਵਾੱਜੁਅ ਦਾਰੀ।
ਚੁੱਪੀ ਮਾਰ ਲਿਆਵਣ ਮੋਤੀ, ਵੱਹਦਤ ਦੇ ਦਰਿਆਉਂ।
ਖਰੀਆਂ ਗੱਲਾਂ ਖਰੀਆਂ ਚਾਲਾਂ, ਦਾਮਨ ਪਾਕ ਰਿਆਉਂ।
ਖਰਿਆਂ ਦੇ ਲੜ ਲੱਗਾ ਮੈਂ ਭੀ, ਖੋਟਾ ਆਪ ਜਹਾਨੂੰ।
ਸ਼ਾਲਾ ਖੋਟ ਮੇਰੇ ਨੂੰ ਕਜਣ, ਦਾਇਮ ਸ਼ਰਮ ਉਨ੍ਹਾਂ ਨੂੰ।
ਪਰਦਾ ਪੋਸ਼ੀ ਕੰਮ ਫ਼ਕਰ ਦਾ, ਕਰਸਨ ਅੱਲਾ ਭਾਵੇ।
ਮਦਾ ਉਮੈਦ ਮੁਹੰਮਦ ਬਖ਼ਸ਼ਾ, ਜ਼ੋਰ ਦਿਲੇ ਵਿੱਚ ਪਾਵੇ।
ਆਸਾ ਵੰਦ ਨਾ ਖ਼ਾਲੀ ਜਾਵਣ, ਸਖੀਆਂ ਦੇ ਦਰਬਾਰੋਂ।
ਏਥੇ ਉੱਥੇ ਦੋਹੀ ਜਹਾਨੀ, ਕਰਮ ਮੰਗਾਂ ਸਰਕਾਰੋਂ।
ਕਿਸੇ ਕਿਸੀ ਥੀਂ ਕਿਸੀ ਕਿਸੇ ਥੀਂ ਕਿਸੇ ਖ਼ਿਜ਼ਰ ਅਲਿਆਸੋਂ।
ਸ਼ਿੱਅਰ ਕਲਾਮ ਸੁਖ਼ਨ ਦੀ ਬਖ਼ਸ਼ਿਸ਼, ਮੈਨੂੰ ਮੁਰਸ਼ਿਦ ਪਾਸੋਂ।
ਹਿਕੋ ਸੁਖ਼ਨ ਨਾ ਹੋਰ ਤਮਾਮੀ, ਜੋ ਨਿੱਅਮਤ ਮੈਂ ਪਾਈ।
ਓਸੇ ਮਰਦ ਸੱਚੇ ਦਾ ਸਦਕਾ, ਆਪਣੀ ਨਹੀਂ ਕਮਾਈ।
ਖ਼ਸ਼ਖ਼ਸ਼ ਜਿਤਨਾ ਕਦਰ ਨਾ ਮੇਰਾ, ਉਸ ਨੂੰ ਸਭ ਵਡਿਆਈਆਂ।
ਮੈਂ ਗਲੀਆਂ ਦਾ ਕੂੜਾ ਕੂੜਾ, ਮਹਿਲ ਚੜ੍ਹਾਇਆ ਸਾਈਆਂ।
ਸਾਈਆਂ ਰੱਬ ਵਡਿਆਈਆਂ ਦੇਵੀ, ਜਿਸ ਮੇਰਾ ਹੱਥ ਚੜ੍ਹਿਆ।
ਆਜਿਜ਼ ਡੁੱਬਦਾ ਰੁੜ੍ਹਿਆ ਜਾਂਦਾ, ਬੇੜੀ ਤੇਰੀ ਚੜ੍ਹਿਆ।
ਉਸ ਬੇੜੀ ਦਾ ਪੂਰ ਹਮੇਸ਼ਾ, ਸ਼ਾਲਾ ਸਹੀਹ ਸਲਾਮਤ।
ਦੁਨੀਆ ਉੱਤੇ ਮੌਜਾਂ ਮਾਣੇ, ਸੁਖੀ ਰੋਜ਼ਿ ਕਿਆਮਤ।
ਹਰਦਮ ਰਹੇ ਮਲਾਹ ਸਿਰੇ 'ਤੇ, ਰੱਖੇ ਹਰ ਗਿਰਦਾਬੋਂ।
ਪਾਰ ਚੜ੍ਹਾਵੇ ਪੂਰ ਅਸਾਡਾ, ਬਚੀਏ ਸਭ ਇਜ਼ਾਬੋਂ।
ਸਿਰ ਸਾਡੇ ਪਰ ਰਹੇ ਹਮੇਸ਼ਾ, ਮਿਹਰ ਉਹਦੀ ਦਾ ਸਾਇਆ।
ਪਾਵਣ ਸਭ ਪਿਆਰੇ ਉਸ ਦੇ, ਯੁਮਨ ਬਰਕਤ ਪਾਇਆ।