ਮਨ ਅੱਤਾਰ ਸੱਤਾਰ ਕਹਾਇਆ, ਵਾਹਦਤ ਅੰਦਰ ਵੜਿਆ,
ਸ਼ਾਹ ਮੁਰਾਦ ਹਿਕ ਲਫ਼ਜ਼ ਜਹਾਂ, ਮਨਸੂਰ ਕਿਉਂ ਫਾਹੀ ਚੜਿਆ।
ਹਰ ਹੋਵਾਂ ਤਾਂ ਹਰ ਕੋਈ ਪਕੜੇ, ਕਿਉਂ ਅੱਲ੍ਹਾ ਆਪ ਕਹਾਇਆ।
ਮੈਨੂੰ ਤੂੰ ਆਖਿਆ ਸਾਹਿਬ ਮਾਰੇ, ਬਨ ਮੈਂ ਕੰਤ ਕਹਾਇਆ।
ਸ਼ਾਹ ਮੁਰਾਦ ਹੈਰਾਨੀ ਅੰਦਰ, ਕਿਸੇ ਸਾਧੂ ਪੀਰ ਕੈ ਪਾਇਆ।
ਘਰ ਵਿੱਚ ਪੂੰਨ ਚੰਗੇਰਾ, ਕਿਆ ਤੀਰਥ ਮੱਕਾ ਗੰਗਾ।
ਯਾ ਰਹਿਆ ਕੁਝ ਪਾ ਰਾਹ ਸਾਈਏ, ਯਾ ਭੁੱਖਾ ਤੱਸਾ ਨੰਗਾ।
ਯਾ ਮਸਾਹਫ਼ ਯਾ ਵੇਦ ਮਨੀਵੇ, ਹੁਕਮ ਕਿਹਾ ਦੋ ਰੰਗਾ।
ਮੋਮਨ ਸ਼ਾਹ ਮੁਰਾਦ ਭਲਾ ਯਾ ਹਿੰਦੂ ਕੋਈ ਚੰਗਾ।
ਸ਼ਾਹ ਮੁਰਾਦ ਇਕ ਮੁਸਲਮ ਹੋਈਏ, ਇਕ ਹਿੰਦੂ ਲਫ਼ਜ਼ ਕਹਾਈਏ।
ਨੇਕੀ ਬਦੀ ਅਸਾਂ ਤੇ ਲਾਈ, ਕਿਸ ਤੇ ਹੁਕਮ ਚਲਾਈਏ।
ਸ਼ਾਹ ਮੁਰਾਦ ਹੁਕਮ ਦੋ ਰੰਗੀ, ਕਿਸ ਤੇ ਅਮਲ ਕਮਾਈਏ।
ਸੁਰਗੇ ਨਰਕੇ ਦਾਖਲ ਹੋਸੀ, ਇਹ ਚੰਗਾ ਉਸ ਦਾਹਾ।
ਸ਼ਾਹ ਮੁਰਾਦ ਕਰਨੀ ਭਰਨੀ ਆਪੋ ਆਪਨੀ, ਰੱਬ ਥੀਂ ਕੁਝ ਸਮਝਾਹਾ।
ਹਿਕਨਾ ਦਾ ਮੁੱਲ ਲਾਲ ਜਵਾਹਰ, ਹਿਕਨਾ ਮੁੱਲ ਪਸੀਜ ਕਰੇ,
ਰੱਬ ਸਾਹਿਬ ਘਮਚੋਲ ਮਚਾਇਆ, ਸ਼ਾਹ ਮੁਰਾਦ ਤਮੀਜ਼ ਕਰੇ।
ਜਾਗਣ ਚੰਗਾ ਤੇ ਨੀਂਦਰ ਮੰਦੀ ਨੀਂਦਰ ਯੂਸਫ਼ ਨੂੰ ਖੂਹ ਸੁਟਾਇਆ।
ਨੀਂਦਰ ਮਾਰ ਜ਼ਲੈਖਾਂ ਕਮਲੀ ਕੀਤੀ, ਜਿਸ ਸੱਸੀ ਨੂੰ ਥਲੀ ਰੁਲਾਇਆ।
ਨੀਂਦਰ ਜੇਡ ਵੈਰੀ ਨਾ ਕਾਈ, ਜਿਸ ਮਿਰਜ਼ਾ ਖੜ ਕੁਹਾਇਆ।
ਸ਼ਾਹ ਮੁਰਾਦ ਆਸ਼ਿਕ ਕਿਉਂਕਰ ਸੌਂਦੇ, ਜਿਨ੍ਹਾਂ ਨੇਹੁੰ ਹਾਦੀ ਵੱਲ ਲਾਇਆ।