ਖ਼ੂਬ ਖਬਾਨੀ ਸੀ ਰੰਗ-ਰਤੀ, ਦਾਗ ਨਾ ਰੱਤੀ ਲੱਗਾ।
ਸ਼ਾਖ਼ਾਂ ਲਟਕਿ ਜ਼ਿਮੀਂ ਪਰ ਆਈਆਂ, ਮਲਿ ਪਰੀ ਦਾ ਅੱਗਾ।
ਤਰਬੂਜ਼ੇ ਖ਼ਰਬੂਜ਼ੇ ਮਿੱਠੇ, ਸਰਦੇ ਹਰੇ ਭਰੇ ਸਨ।
ਗਲਗਲ ਚੋਟੇ ਖੱਟੇ ਮਿੱਠੇ, ਨਿੰਬੂ ਸੰਗਤਰੇ ਸਨ।
ਖਲੇ ਬਟੰਗ ਬੇ-ਟੰਕ ਕਿਨਾਰੇ, ਪਕਿ ਹੋਏ ਰਸ ਵਾਲੇ।
ਸ਼ਾਹ-ਪਰੀ ਵੱਲ ਡਿੱਗ ਡਿੱਗ ਪੈਂਦੇ, ਮਤ ਸਾਨੂੰ ਮੁਖ ਡਾਲੇ।
ਸੱਚੇ ਮੋਤੀ ਡਲ੍ਹ ਡਲ੍ਹ ਕਰਦੇ, ਗੁਛੇ ਭਰੇ ਅੰਗੂਰਾਂ।
ਦਾਖਾਂ ਮਿਲ ਮਿਲ ਵਾਖਾਂ ਝੂਜਣ, ਆਲੇ ਦੇਣ ਖ਼ਜ਼ੂਰਾ।
ਲਾਲ ਗ਼ੁਲਾਲ ਹੋਏ ਰੰਗ ਰਤੇ, ਦਾਸ਼ੇ ਪਕਿ ਅਨਾਰੋਂ।
ਆਖਣ ਸ਼ਾਹ-ਪਰੀ ਮੂੰਹ ਪਾਵੇ, ਮਿਹਰ ਪਵੇ ਸਰਕਾਰੋਂ।
ਨਰਮ ਅੰਜੀਰ ਸੀ ਖੀਰ ਬਹਿਸ਼ਤੀ, ਲਜ਼ਤਦਾਰ ਅਲੂਚੇ।
ਨਗ਼ਜਕ ਖੋੜ ਬਦਾਮ ਛੁਹਾਰੇ, ਲਟਕ ਰਹੇ ਹਰ ਕੂਚੇ।
ਤੂਤ ਸ਼ਤੂਤ ਭਰੂਹੀਆਂ ਸੂਹੀਆਂ, ਬੱਘੂ-ਗੋਸ਼ੇਪੀਲੇ।
ਸੇਊ ਬੇਰ ਚੌਫੇਰ ਚਮਨ ਦੇ, ਮੇਵੇ ਰੰਗ ਰੰਗੀਲੇ।
ਜਾਨਵਰਾਂ ਦੇ ਲੰਗਰ ਲਾਏ, ਕੋਹਾਂ ਵਿੱਚ ਕਕੋਹਾਂ।
ਹਰ ਹਰ ਪੰਖੀ ਚਾਹੇ ਸ਼ਾਲਾ, ਪਰੀ ਕਹੇ ਮੈਂ ਕੋਹਾਂ।
ਰੂੰਬਲ-ਗੁੱਛੇ ਛੁਪ ਦੇ ਕੁੱਛੇ, ਪਰੀ ਨਾ ਪੁੱਛੇ ਸਾਨੂੰ।
ਮਤ ਮਛਰ ਤੱਕ ਗੁੱਸੇ ਹੋਵੇ, ਬਾਹਰ ਕੱਢੇ ਬੁਸਤਾਨੂੰ।
ਬਾਗ਼ ਬਹਾਰ ਬਜ਼ਾਰੋਂ ਰੌਣਕ, ਹਰ ਹਰ ਵਿੱਚ ਚੌਰਾਹੇ।
ਅੰਬਲਤਾਸੇ ਫਲੀਆਂ ਲਮਕਣ, ਚੋਰ ਲੱਗੇ ਜਿਉਂ ਫਾਹੇ।
ਰੁੱਤ ਬਸੰਤ ਬਹਾਰ ਫੁੱਲਾਂ ਦੀ, ਨਵੀਆਂ ਸ਼ਾਖ਼ਾਂ ਸਰਵਾਂ।
ਆਹਲਣਿਆਂ ਪਰ ਬਿਸਤਰ ਕੀਤੇ, ਬਾ-ਆਰਾਮ ਤਦੱਰਵਾਂ।
ਅੱਰਾ ਜ਼ਿਕਰ ਕਬੂਤਰ ਕਰਦੇ, ਨੀਵੇਂ ਉੱਚੇ ਹੋ ਕੇ।
ਕੋਇਲ ਨਫ਼ਲ ਕਿਰਅੱਤ ਪੜ੍ਹਦੀ, ਕਾਜ਼ੀ ਹਾਰ ਖਲੋ ਕੇ।
ਬਣ ਬਣਿ ਕੇ ਪਏ ਕੁਕੜ ਦੇਵਣ, ਬਾਂਗੇ ਵਾਂਗਣ ਬਾਂਗਾਂ।
ਭਜ ਭਜਿ ਰਲਦੇ ਸਫ਼ੀਂ ਮਮੋਲੇ, ਸੁਣ ਸੁਣਿ ਕੂਕਾਂ ਚਾਂਗਾਂ।
ਈਦ ਪੜ੍ਹਣ ਜਿਉਂ ਮੁਲਾਂ ਆਵਣ, ਨੀਲਾ ਬਾਣਾ ਤੋਤੇ।
ਪੜ੍ਹਿ ਤਕਬੀਰਾਂ ਹੋ ਮੁਤਵੱਜੂ, ਕਰਨ ਕਿਆਮ ਖਲੋਤੇ।
ਮੈਨਾ ਹਮਦ-ਸੱਨਾ ਪੁਕਾਰੇ, ਸ਼ੁਕਾਰ ਗੁਜ਼ਾਰਨ ਘੁੱਗੀਆਂ।
ਸ਼ਾਹਪੁਰੀ ਵਿੱਚ ਬਾਗੇ ਆਈ, ਅੱਜ ਮੁਰਾਦਾਂ ਪੁੱਗੀਆਂ।
ਕਾਲੇ ਭੌਰ ਫੁੱਲਾਂ ਪਰ ਫਿਰਦੇ, ਗਾਣ ਖ਼ੁਸ਼ੀ ਦੀਆਂ ਬਾਰਾਂ।
ਦਾਇਮ ਰਹੇ ਬਹਾਰ ਚਮਨ ਦੀ, ਕਰਨ ਦੁਆ ਹਜ਼ਾਰਾਂ।
ਅਜਬ ਸੰਵਾਂ ਲੱਗਾ ਵਿੱਚ ਬਾਗ਼ੇ, ਚੀਕਣ ਖੂਹ ਝਲਾਰਾਂ।
ਬੂੜੀਏ ਕਬਬੇ ਗਲਿ ਲਗ ਮਿਲਦੇ, ਜਿਵੇਂ ਭਿਰਾ ਭਿਰਾਵਾਂ।
ਟਿੰਡਾ ਭਰ ਭਰਿ ਪਾਣੀ ਡੋਲ੍ਹਣ, ਵਾਂਗਣ ਦੁਖੀਆਂ ਨੈਣਾਂ।
ਮੁੜ ਜਾਵਣ ਜਿਉਂ ਟੋਰਿ ਭਿਰਾਵਾਂ, ਘਰ ਵੱਲ ਜਾਵਣ ਭੈਣਾਂ।
ਹਨਿਆਂ ਹੋ ਚਲੇ ਸਰਗਰਦਾਂ, ਪਾਣੀ ਆਡੇ ਵਾਲਾ।
ਜਿਉਂ ਸ਼ਹਿਰੋਂ ਸ਼ਾਹਜ਼ਾਦਾ ਟੁਰਦਾ, ਲੈ ਕੇ ਦੇਸ਼ ਨਿਕਾਲਾ।
ਖੂਹ ਵਿੱਚ ਪਾਣੀ ਬੋਲੇ ਰੋਵੇ, ਜਿਉਂ ਪੁਤਿ ਵਿਛੜੇ ਬਾਬਲ।
ਪਾਣੀ ਹਰ ਕਿਆਰੇ ਫਿਰਦਾ, ਜਿਉਂ ਹਰ ਬੂਹੇ ਰਾਵਲ।
ਓਸ ਖੂਹੋਂ ਸੀ ਪਾਣੀ ਪੀਂਦਾ, ਆਸ਼ਿਕ ਮਰਦ ਬੇਚਾਰਾ।
ਸੈਫ਼ ਮਲੂਕੇ ਦੇ ਗ਼ਮ ਕੋਲੋਂ, ਖੂਹ ਘੁਣਿਆਂ ਦੁਖਿਆਰਾ।
ਸ਼ਾਹ-ਪਰੀ ਤੇ ਮਲਕਾ-ਖ਼ਾਤੂੰ, ਬਾਗ਼ ਅੰਦਰ ਸੈਲਾਨੀ।
ਹੂਰਾਂ ਨਾਲੋਂ ਸਰਸ ਜਵਾਨੀ, ਚੱਲਣ ਚਾਲਿ ਗੁਮਾਨੀ।
ਸੈਫ਼-ਮਲੂਕ ਸ਼ਾਹਜ਼ਾਦੇ ਵਾਲਾ, ਜਿਸ ਪਾਸੇ ਸੀ ਡੇਰਾ।
ਉਹਲੇ ਉਹਲੇ ਓਸਿ ਬਗ਼ੀਚੇ ਆਨ ਕੀਤੋ ਨੇ ਫੇਰਾ।
ਨਜ਼ਰ ਪਿਆ ਸ਼ਾਹਜ਼ਾਦਾ ਦੂਰੋਂ, ਅਜਬ-ਜਮਾਲ ਪਰੀ ਨੂੰ।
ਸੌਦਾਗਰ ਸੀ ਜਾਂ ਤੱਕ ਲੈਸੀ, ਅਵੱਲ ਵਸਤ ਖਰੀ ਨੂੰ।
ਸ਼ਾਹਜ਼ਾਦਾ ਮਧ ਪੀ ਕੇ ਬੈਠਾ, ਬਹੁਤ ਸ਼ਰਾਬੋਂ ਮਸਤੀ।
ਦਿਲਬਰ ਵੱਲ ਖ਼ਿਆਲ ਦਿਲੇ ਦਾ, ਦੂਰ ਕੀਤੀ ਹੋਰ ਹਸਤੀ।
ਨਸ਼ਾ ਕਮਾਲ ਸ਼ਾਹਜ਼ਾਦੇ ਚੜ੍ਹਿਆ, ਲਾਲ ਕਿਸੇ ਰੰਗ-ਰੱਤਾ।
ਲੈ ਕਾਨੂੰਨ ਵਜਾਵਣ ਲੱਗਾ, ਜਾਂ ਹੋਇਆ ਮੱਧ-ਮੱਤਾ।
ਕਲੀਆਂ ਮੰਦਰੀਆਂ ਬੰਦ ਮੇਲੇ, ਰਾਸ ਬਣਾਈ ਘੋੜੀ।
ਹਰ ਹਰ ਤਾਰ ਮਕਾਮ ਆਪਣੇ ਤੇ, ਖ਼ੂਬ ਸੁਰਾਂ ਕਰਿ ਜੋੜੀ।
ਆਪ ਸ਼ਾਹਜ਼ਾਦਾ ਗਾਵਣ ਲੱਗਾ, ਨਾਲ ਜ਼ੁਬਾਨੇ ਮਿਸਰੀ।
ਮੁਸਕਰ ਸਾਜ਼ ਵਜਾਇਓਸੁ ਜਿਸ ਦਮ, ਜਾਨਵਰਾਂ ਸੁਧ ਵਿਸਰੀ।
ਜਿਸ ਵੇਲੇ ਮਜ਼ਹਕ ਵਜਾਵੇ, ਬੋਲਿ ਆਵਾਜ਼ ਦਾਊਦੀ।
ਦੁਖੀਆਂ ਦੇ ਦੁਖ ਜਾਵਣ ਸਾਰੇ, ਹਸਣ ਕਰਿ ਖੁਸ਼ਨੂਦੀ।
ਜਦੋਂ ਮਨੱਵਮ ਸਾਜ਼ ਵਜਾਂਦਾ, ਵਾਂਗਣ ਮਸਤ ਖ਼ੁਮਾਰਾਂ।
ਗੂਹੜੀ ਨੀਂਦਰ ਨੈਣੀਂ ਆਵੇ, ਜ਼ਾਹਿਦ ਸ਼ੱਬ-ਬੇਦਾਰਾਂ।
ਉੱਡਦੇ ਪੰਖੀ ਢਹਿਣ ਜ਼ਿਮੀ ਤੇ, ਕੁਠਿਆਂ ਹਾਰ ਨਾ ਹਿਲਦੇ।
ਸਿਰ ਧਰਿ ਉਹਦਿਆਂ ਕਦਮਾਂ ਉੱਤੇ, ਸੌਂਦੇ ਮਿਰਗ ਜੰਗਲ ਦੇ।
ਜਸਤਾ-ਸਾਜ਼ ਜਦੋਂ ਫਿਰ ਛੇੜੇ, ਪਾਵੇ ਜਾਨ ਮੋਇਆਂ ਨੂੰ।
ਦੇ ਦੇ ਹੋਸ਼ ਘਰਾਂ ਨੂੰ ਟੋਰੇ, ਸਖ਼ਤ ਬੇਹੋਸ਼ ਹੋਇਆਂ ਨੂੰ।
ਬਾ-ਕਾਨੂੰਨ ਕੀਤਾ ਸੁਰ ਕਾਨੂੰ, ਹਰ ਹਰ ਤਾਰ ਸੰਵਾਰੀ।
ਸੱਤਾਂ ਤਾਰਾਂ ਦੀ ਅਸਵਾਰੀ, ਖ਼ੂਬ ਵਜਾਏ ਸਾਰੀ।
ਭੇਰ ਰਾਗ ਅਲਾਪਣ ਲੱਗਾ, ਨਾਲ ਜ਼ਬਾਨ ਕਰਾਰੀ।
ਰਾਮ ਕਲੀ, ਫ਼ਬਾਸ ਅਲਾਪੇ, ਨਾਲੇ ਦਿਉ ਕੰਧਾਰੀ।
ਗਾਵੇ ਫੇਰ ਆਸਵਰੀ ਅੱਗੋਂ ਫੇਰ ਮੀਆਂ ਭੱਰਾੜੇ।
ਟੋਡੀ ਰਸਨਾਵਰ ਅਲਾਪੇ, ਚੜ੍ਹਦੀ ਕਲਾਂ ਦਹਾੜੇ।
ਖ਼ੂਬ ਸੁਰਾਂ ਭਰਿ ਗਾਵਣ ਲੱਗੇ, ਕਦੀ ਹੰਡੋਲੀ ਰਾਗੇ।
ਦਰਦ ਵਿਰਾਗ ਸਜਨ ਦੀ ਆਤਿਸ਼, ਜਾਗੇ ਨਾਲ ਬਿਹਾਗੇ।
ਸੁਹਣੀ ਕੋਨੀਸੇ ਅਤੇ ਕਮਾਚੀ, ਜਾਚੇ ਨਾਲ ਅਲਾਪੇ।
ਜੋਗ-ਬੁਰਜ ਦੇ ਦੋਹੜੇ ਸੁਣ ਕੇ, ਦੁਖੀਏ ਕਰਨ ਸਿਆਪੇ।
ਮਾਲ ਕੋਂਸ ਤੇ ਧੁਰਪਤ ਗਾਵੇ , ਫੇਰ ਖੱਸਾਲ ਹੰਬੀਰੇ।
ਰੇਖ਼ਤਿਆ ਦੀ ਲੱਜ਼ਤ ਕਰਦਾ, ਟੱਪੇ ਨਾਲ ਕੰਬੀਰੇ।
ਸੋਰਠ ਰਾਗਨੀਆਂ ਵੀ ਗਾਵੇ, ਫੇਰ ਮਿੱਠੀ ਜਜਵੰਤੀ।
ਦੇਸੀ ਤੇ ਨਾਂਰੀਜ ਅਲਾਪੇ ਰਸਨਾ ਨਾਲ ਬੇ-ਅੰਤੀ।
ਕਾਂਹਡਰਿਆਂ ਦਾ ਰੰਗ ਬਣਾਵੇ, ਸੁਹਣਾ ਸੰਘ ਨਿਹਾਇਤ।
ਸ਼ਾਮ ਬਿਨਾਂ ਦਿਨ ਸ਼ਾਮ ਦਿਖਾਵੇ, ਗਾਵੇ ਫੇਰ ਵਲਾਇਤ।
ਦਰਬਾਰੀ ਪਪਿਹਾਲੀ ਗਾਵੇ, ਨੱਟ ਕਲਿਆਣ ਲਾਹੈਰੀ।
ਲਲਤਾ ਡੀਗਰ ਵਕਤ ਲਾਏ, ਲੋਹੜੇ ਪੇਸ਼ੀ ਗੋਰੀ।
ਸਾਰੰਗ ਗਾਵੇ ਸਨ ਫ਼ਰਜੰਦਾਂ, ਜੇ ਸਾਰੰਗ ਪਵੇਸ਼ੀ।
ਪੂਰਬੀਆਂ ਸਾਪੂਰ ਸੁਣਾਏ, ਵਕਤ ਵਡੇਰੀ ਪੇਸ਼ੀ।
ਜੰਗਲਾ ਤੇ ਵਡਹੰਸ ਅਲਾਪੇ, ਬਿਰਵਾ ਹੋਰ ਮਲ੍ਹਾਰਾਂ।
ਕਾਲੇ ਘਾਟ ਨੈਣਾਂ ਥੀਂ ਵੱਸਣ, ਹੰਝੂ ਮੀਂਹ ਬਹਾਰਾਂ।
ਗੁਲ-ਰੁਖ਼ ਸ਼ਾਹ-ਪਰੀ ਦੇ ਸ਼ੌਕੋਂ, ਲੈਂਦਾ ਤਾਨ ਹਜ਼ਾਰਾਂ।
ਗ਼ਮ ਦੇ ਨਗ਼ਮੇ ਸੱਚ ਮੁਹੰਮਦ, ਦੇਹਣ ਗਵਾਹੀ ਤਾਰਾਂ।
ਗ਼ਜ਼ਲ ਰੁਬਾਈ ਰੇਖ਼ਤਿਆਂ ਨੂੰ, ਗਾਵੇ ਵਿੱਚ ਸਰੋਦੇ।
ਵੇਲਾਂ ਦੇਵਣ ਨੈਣ ਸ਼ਿਤਾਬੀ, ਦੁੱਰ ਸੁੱਟਣ ਵਿੱਚ ਗੋਦੇ।
ਉੱਚਾ ਤਾਨ ਉਨ੍ਹਾਂ ਲਗਾਵੇ, ਦੋਹੜੇ ਵਿੱਚ ਜ਼ਿਗਰ ਦੇ।
ਜ਼ਹਿਰ-ਆਲੂਦੀ ਕਾਨੀ ਵਾਂਗਰ, ਘਾਹ ਕਲੇਜੇ ਕਰਦੇ।
ਝੂਲੀ ਵਾਉ ਸਜਨ ਦੇ ਪਾਰੋਂ, ਚਾਵੇ ਹਿੱਤ ਉਦਾਸੀ।
ਹੀਨਾ ਹੋ ਕਰੇਂਦਾ ਅਰਜ਼ਾਂ, ਵਾਊ ਵੱਲ ਅਰਦਾਸੀ।
ਮੰਨ ਸਵਾਲ ਮੇਰੇ ਹਿਕ ਭਾਰਾ, ਹੈ ਖ਼ੂਬ ਵਾਊ ਫ਼ਜਰ ਦੀ।
ਜੇ ਉਹ ਆਪ ਨਹੀਂ ਮੂੰਹ ਦੱਸਦਾ, ਬੂ-ਪੁੱਜਾ ਦਿਲਬਰ ਦੀ।
ਮੈਂ ਆਸ਼ਿਕ ਬੇ-ਸਬਰ ਬੰਦੇ ਨੂੰ, ਚਿਤਿ ਨਹੀਂ ਜੇ ਲਾਂਦਾ।
ਆਪ ਕੁੱਠੇ ਦੇ ਸਿਰ ਤੇ ਨਾਹੀਂ, ਕਦਮ ਮੁਬਾਰਕ ਪਾਂਦਾ।
ਫੇਰ ਗਈ ਤਾਂ ਚਾ ਲਿਆਵੀਂ, ਧੂੜ ਉਨ੍ਹਾਂ ਦੇ ਦਰ ਦੀ।
ਸੁਰਮਾ ਪਾਵਾਂ ਨੈਣ ਸੁਹਾਵਾਂ, ਲਾਇਕ ਹੋਵਾਂ ਦਿਲਬਰ ਦੀ।
ਜਾਂ ਹੋ ਜਾਵੀਂ ਮੇਰੇ ਵੱਲੋਂ, ਫੇਰ ਪੀਆ ਦੇ ਜਾਈਂ।
ਖ਼ਿਦਮਤ ਕਹੀਂ ਸਲਾਮ ਪੁਚਾਈਂ, ਆਖੀਂ ਦੇ ਦੁਆਈਂ।
ਅਸੀਂ ਨਹੀਂ ਪੁੱਜ ਸਕਦੇ ਉੱਥੇ, ਜਿਸ ਸੰਗ ਪ੍ਰੀਤਾਂ ਲਾਈਆਂ।
ਯਾਰ ਪਿਆਰੇ ਟੋਰਿ ਲਿਆਵੀਂ, ਕੋਲ ਅਸਾਡੇ ਸਾਈਆਂ।
ਦਰਦ ਫ਼ਿਰਾਕ ਸਜਨ ਦੇ ਕੀਤਾ, ਮੈਂ ਹੌਲਾ ਇਕ ਕੱਖੋਂ।
ਲੱਖਾਂ ਕੱਖ ਉਡਾਰੀ ਵਾਊਂ, ਇਹ ਭੀ ਜਾਣ ਇਕ ਲੱਖੋਂ।
ਲਈਂ ਉਡਾਰ ਮੈਂ ਭੀ ਈਥੋਂ ਅੰਦਰ ਧੂੜਾ ਗਰਦਾਂ।
ਲੱਖ ਕੋਹਾਂ ਦੇ ਖੜੀਂ ਮੁਰੀਦਾਂ, ਕਰ ਕਰ ਕੇ ਸਰ-ਗਰਦਾਂ।
ਤਖ਼ਤੋਂ ਚਾ ਪੀਆ ਦੀ ਨਗਰੀ, ਜਾ ਗਲੀਆਂ ਵਿੱਚ ਸੱਟੀਂ।
ਭਲਾ ਕਰੀਂ ਇਹ ਨਾਲ ਗ਼ਰੀਬਾਂ, ਅਜਰ ਅਲਾਹੋਂ ਵੱਟੀਂ।
ਨੇਂਹ ਲਗਾਇਆ ਤੇ ਦੁਖ ਪਾਇਆ, ਆਪਣਾ ਜਰਮ ਗਵਾਇਆ।
ਇਹ ਦਿਲ ਮੇਰਾ ਗੋਸ਼ਤ-ਬੇਰਾ, ਸ਼ੀਖਾਂ ਦੇ ਮੂੰਹ ਤਾਇਆ।
ਜ਼ਹਿਰ ਪਿਆਲਾ ਇਸ਼ਕੇ ਵਾਲਾ, ਪੀਤਾ ਕਿਸ ਪਚਾਇਆ?
ਨੱਕ ਵਿੱਚ ਆਏ ਸਾਸ ਮੁਹੰਮਦ, ਆਸ ਸਜਨ ਦੀ ਤਾਇਆ।
ਇਸ਼ਕ ਕਸਾਈ ਛੁਰੀ ਵਗਾਈ, ਕੋਂਹਦਾ ਦੇ ਦੇ ਲੱਤਾਂ।
ਚੌਹੀਂ ਗੁਠੀ ਹੁਕਮ ਉਸੇ ਦਾ, ਕਿਸ ਪਾਸੇ ਨਸਿ ਵੱਤਾਂ?
ਆਕਿਲ ਥੀਂ ਬੇ-ਅਕਲ ਸਦਾਇਆ, ਭੁੱਲ ਗਈਆਂ ਸਭ ਗੱਤਾਂ।
ਨੰਗ ਨਾਮੂਸ ਸੰਭਾਲ ਮੁਹੰਮਦ, ਦੇਣ ਸਿਆਣੇ ਮੱਤਾਂ।