ਅਸੀਂ ਉਦਾਸ ਵਕਤਾਂ ਦੇ ਪਰਿੰਦੇ ਹਾਂ
ਤੇ ਭੁੱਲ ਚੁੱਕੇ ਹਾਂ ਆਪਣੇ ਘਰਾਂ ਦਾ ਸਿਰਨਾਵਾਂ
ਕੁਤਰੇ ਹੋਏ ਪਰਾਂ ਸੰਗ ਲਾ ਰਹੇ ਹਾਂ ਖ਼ਲਾਅ ਦੀ ਉਡਾਰੀ
ਅਸੀਂ ਖ਼ੁਦਾ ਦੇ ਨਾਮ ਤੋਂ ਜ਼ਿਆਦਾ ਖਿੱਲਰ ਗਏ
ਤੇ ਛੇੜ ਬੈਠੇ ਆਪਣੇ ਕਤਲ ਦੀ ਗਾਥਾ
ਸੱਖਣੇ ਬ੍ਰਹਿਮੰਡ ’ਚ ਕੁਝ ਨਹੀਂ ਬਚਿਆ
ਸਾਡੀ ਹੋਂਦ ਦੇ ਕਾਲੇ ਸਾਏ ’ਤੋਂ ਸਿਵਾ
—ਓਦਰੀ ਕੁੜੀ ਦੇ ਬੁਝੇ ਹੋਏ ਕੋਕੇ ਦੀ ਚਮਕ ਤੋਂ ਬਗੈਰ…
ਹੁਣ ਤਾਂ ਜ਼ਿਹਨ ਦੇ ਕੋਨੇ ’ਤੇ ਉੱਕਰਿਆ ਪਿਆ ਹੈ
ਆਪਣੇ ਹੀ ਦੰਦਾਂ ’ਚ ਆਪਣੀਆਂ ਅੰਤੜੀਆਂ ਦਾ ਭਿਆਨਕ ਮੰਜ਼ਰ
ਕੰਬਦੇ ਦਿਲ ਦੀ ਮੱਧਮ ਨਜ਼ਰ ਜਾਪਦੀ ਹੈ ਚਿੰਤਾ-ਗ੍ਰਸਤ
ਅਸੀਂ ਘਿਰ ਗਏ ਹਾਂ ਤਿੜਕਦੀ ਦੁਪਹਿਰ ਅੰਦਰ
ਹੋਂਠਾਂ ਦੀ ਸਿੱਕਰੀ ਕੌਣ ਮਿਟਾਵੇਗਾ—
ਸ਼ਿਵ ਦੀ ਧਾਰ ਦਾ ਪਾਣੀ ਮੁੱਕ ਜਾਣ ਪਿੱਛੋਂ!