ਅਜਾਇਬ ਚਿੱਤਰਕਾਰ
ਅਜਾਇਬ ਚਿਤ੍ਰਕਾਰ ਦਾ ਪੰਜਾਬੀ ਗ਼ਜ਼ਲ ਵਿੱਚ ਵਿਸ਼ੇਸ਼ ਸਥਾਨ ਹੈ। ਉਨ੍ਹਾਂ ਦੀ ਕਵਿਤਾ ਨਿਰੰਤਰ ਸਘੰਰਸ਼ ਅਤੇ ਸਮਾਜਿਕ ਬਰਾਬਰੀ ਦਾ ਪੈਗ਼ਾਮ ਹੈ। ਉਨ੍ਹਾਂ ਨੇ ਆਪਣੇ ਮੌਲਿਕ ਲੇਖਣ ਤੋਂ ਇਲਾਵਾ ਕਈ ਕਿਤਾਬਾਂ ਦੇ ਅਨੁਵਾਦ ਵੀ ਕੀਤੇ।
ਅਜਾਇਬ ਚਿੱਤਰਕਾਰ ਪੰਜਾਬੀ ਸਾਹਿਤ ਅਤੇ ਕਲਾ ਦੁਨੀਆਂ ਦਾ ਇਕ ਮਹੱਤਵਪੂਰਨ ਨਾਮ ਹੈ। ਉਹ ਨਾ ਸਿਰਫ਼ ਇਕ ਚਿੱਤਰਕਾਰ ਸਨ ਬਲਕਿ ਉਨ੍ਹਾਂ ਨੇ ਆਪਣੀਆਂ ਡੂੰਘੀਆਂ ਅਤੇ ਸਮਾਜਿਕ ਚੇਤਨਾ ਨਾਲ ਭਰਪੂਰ ਕਵਿਤਾਵਾਂ ਦੇ ਰਾਹੀਂ ਪੰਜਾਬੀ ਸਾਹਿਤ ਨੂੰ ਵੀ ਪ੍ਰਫ਼ੁੱਲਿਤ ਕੀਤਾ ਹੈ। ਉਹਨਾਂ ਦਾ ਜਨਮ 18 ਫਰਵਰੀ 1924 ਈ. ਨੂੰ ਪਿੰਡ ਘਵੱਦੀ ਜਿਲ੍ਹਾ ਲੁਧਿਆਣਾ ਵਿਚ ਸ. ਬਚਨ ਸਿੰਘ ਦੇ ਘਰ ਹੋਇਆ। ਬਚਪਨ ਤੋਂ ਹੀ ਕਲਾ ਅਤੇ ਸਾਹਿਤ ਪ੍ਰਤੀ ਉਨ੍ਹਾਂ ਦੀ ਰੁਚੀ ਨੇ ਉਨ੍ਹਾਂ ਨੂੰ ਵੱਖਰਾ ਬਣਾ ਦਿੱਤਾ। ਅਜਾਇਬ ਚਿੱਤਰਕਾਰ ਨੇ ਆਪਣਾ ਜ਼ਿਆਦਾਤਰ ਜੀਵਨ ਪੰਜਾਬ ਵਿਚ ਹੀ ਬਿਤਾਇਆ। ਉਨ੍ਹਾਂ ਨੇ ਪੰਜਾਬ ਖੇਤੀਬਾੜੀ, ਲੁਧਿਆਣਾ ਵਿੱਚ ਆਰਟਿਸਟ ਵਜੋਂ ਨੌਕਰੀ ਕੀਤੀ, ਜਿੱਥੇ ਉਨ੍ਹਾਂ ਨੇ ਆਪਣੀ ਕਲਾਤਮਕ ਪ੍ਰਤਿਭਾ ਨੂੰ ਵਿਕਸਤ ਕੀਤਾ।
ਅਜਾਇਬ ਚਿੱਤਰਕਾਰ ਨੇ 1940 ਈ. ਵਿਚ ਸਾਹਿਤ ਵਿਚ ਕਵਿਤਾ ਰਚਨਾ ਸ਼ੁਰੂ ਕੀਤੀ। ਸ਼ੁਰੂ ਵਿਚ ਹੁਸਨ-ਇਸ਼ਕ ਨਾਲ ਜੁੜੇ ਗੀਤ ਲਿਖੇ, ਪਰ ਬਾਅਦ ਵਿਚ ਉਨ੍ਹਾਂ ਦੀਆਂ ਰਚਨਾਵਾਂ ਸਮਾਜਿਕ ਮੁੱਦਿਆਂ, ਮਨੁੱਖੀ ਭਾਵਨਾਵਾਂ ਅਤੇ ਰੋਮਾਂਟਿਕ ਭਾਵਨਾਵਾਂ ਨਾਲ ਭਰਪੂਰ ਹੋ ਗਈਆਂ। ਉਹ ਗਜ਼ਲਾਂ ਦੇ ਵੀ ਮਾਹਰ ਸਨ ਅਤੇ ਉਨ੍ਹਾਂ ਦੀਆਂ ਰੋਮਾਟਿਕ ਕਵਿਤਾਵਾਂ ਅੱਜ ਵੀ ਪ੍ਰਭਾਵਸ਼ਾਲੀ ਹਨ। ਉਹਨਾਂ ਦੇ ਕਵਿਤਾ ਸੰਗ੍ਰਹਿ ਦੁਮੇਲ, ਭੁਲੇਖੇ, ਸੂਰਜਮੁਖੀਆ, ਸੱਜਰੀ ਪੈੜ, ਚਾਰ ਜੁੱਗ, ਆਵਾਜ਼ਾਂ ਦੇ ਰੰਗ, ਜ਼ਖ਼ਮੀ ਖ਼ਿਆਲ ਦਾ ਚਿਹਰਾ, ਨਗ਼ਮੇ ਦਾ ਲਿਬਾਸ ਅਤੇ ਸੁਪਨਿਆਂ ਦਾ ਟਾਪੂ ਲਿਖੇ ਹਨ । ਇਸ ਤੋਂ ਇਲਾਵਾ ਉਹਨਾਂ ਨੇ ਲੰਮੀਆਂ ਕਵਿਤਾਵਾਂ ਅਤੇ ਕਾਵਿ-ਕਥਾਵਾਂ ਦੇ ਵਿਚ ਮਹਾਂ ਸਿਕੰਦਰ, ਮਨੁੱਖ ਬੀਤੀ, ਪੰਜਾਬ ਦੀ ਕਹਾਣੀ ਅਤੇ ਸੱਚ ਦਾ ਸੂਰਜ ਪ੍ਰਕਾਸ਼ਿਤ ਲਿਖੇ ਹਨ।
ਉਹਨਾਂ ਨੂੰ ਸਾਹਿਤਕ ਘਾਲਣਾ ਦੇ ਫ਼ਲਸਰੂਪ ਬਹੁਤ ਸਾਰੇ ਇਨਾਮ ਸਨਮਾਨ ਮਿਲੇ ਜਿਹਨਾਂ ਵਿਚੋਂ ਪੰਜਾਬੀ ਸਾਹਿਤ ਟਰੱਸਟ ਢੁੱਡੀਕੇ ਵੱਲੋਂ ਬਾਵਾ ਬਲਵੰਤ ਪੁਰਸਕਾਰ ਅਤੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਬਾਲ ਸਾਹਿਤ ਪੁਰਸਕਾਰ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪੰਜਾਬੀ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਹ 2012 ਈ. ਵਿਚ ਹੱਸਦੀ ਵਸਦੀ ਦੁਨੀਆਂ ਅਲਵਿਦਾ ਕਹਿ ਗਏ।