border profile-bg

ਅਵਤਾਰ ਸਿੰਘ ਆਜ਼ਾਦ

Birth
1906 – 1972

ਲੇਖਕ, ਪੱਤਰਕਾਰ, ਕਵੀ ਅਤੇ ਅਨੁਵਾਦਕ। ਅਵਤਾਰ ਸਿੰਘ ਆਜ਼ਾਦ ਦੀ ਕਵਿਤਾ ਵਿੱਚ ਰਾਸ਼ਟਰੀ ਭਾਵਨਾ ਅਤੇ ਰਾਜਨੀਤਿਕ ਚੇਤਨਾ ਦਾ ਭਰਪੂਰ ਚਿਤਰਨ ਮਿਲਦਾ ਹੈ।

ਅਵਤਾਰ ਸਿੰਘ ਆਜ਼ਾਦ ਪੰਜਾਬੀ ਸਾਹਿਤ ਦੇ ਮਹਾਨ ਕਵੀ, ਲੇਖਕ, ਪੱਤਰਕਾਰ, ਅਨੁਵਾਦਕ ਅਤੇ ਸੁਹਿਰਦ ਲੇਖਕ ਸਨ। ਉਹ ਪੰਜਾਬੀ ਭਾਸ਼ਾ ਵਿੱਚ ਮਹਾਂਕਾਵਿ ਰਚਨਾ ਦੇ ਪੱਖ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਲੇਖਕ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦਾ ਜਨਮ 12 ਮਾਰਚ 1906 ਨੂੰ ਬਰਤਾਨਵੀ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਦੇ ਗੰਡੀਵਿੰਡ ਪਿੰਡ ਵਿੱਚ ਹੋਇਆ। ਉਹ ਆਪਣੇ ਨਾਨਕੇ ਪਿੰਡ ਵਿੱਚ ਪੈਦਾ ਹੋਏ ਅਤੇ ਉਨ੍ਹਾਂ ਦਾ ਪਰਿਵਾਰ ਧਾਰਮਿਕ ਅਤੇ ਸਿੱਖੀ ਨਾਲ ਜੁੜਿਆ ਹੋਇਆ ਸੀ। ਬਚਪਨ ਤੋਂ ਹੀ ਉਹ ਸਾਹਿਤ ਅਤੇ ਕਵਿਤਾ ਵੱਲ ਝੁਕੇ ਹੋਏ ਸਨ, ਜਿਸ ਨੇ ਉਨ੍ਹਾਂ ਨੂੰ ਭਵਿੱਖ ਵਿੱਚ ਪੰਜਾਬੀ ਲਿਖਾਰੀ ਬਣਾਉਣ ਵਿੱਚ ਮਦਦ ਕੀਤੀ।

ਅਵਤਾਰ ਸਿੰਘ ਨੇ ਅੰਮ੍ਰਿਤਸਰ ਵਿੱਚ ਹੀ ਮੁੱਢਲੀ ਸਿੱਖਿਆ ਹਾਸਿਲ ਕੀਤੀ ਅਤੇ ਬਾਅਦ ਵਿੱਚ ਉਹ ਪੱਤਰਕਾਰੀ ਵੱਲ ਵਧੇ। ਉਹ ਪੰਜਾਬੀ ਅਖ਼ਬਾਰਾਂ ਅਤੇ ਰਸਾਲਿਆਂ ਨਾਲ ਜੁੜੇ ਰਹੇ, ਜਿੱਥੇ ਉਨ੍ਹਾਂ ਨੇ ਕਈ ਵਿਸ਼ਿਆਂ ਤੇ ਲਿਖਾਰੀ ਕੀਤੀ। ਉਨ੍ਹਾਂ ਦੀ ਪੱਤਰਕਾਰੀ ਨੇ ਪੰਜਾਬੀ ਪ੍ਰੈੱਸ ਨੂੰ ਨਵੀਂ ਊਰਜਾ ਪ੍ਰਦਾਨ ਕੀਤੀ ਅਤੇ ਉਹ ਆਜ਼ਾਦੀ ਸੰਘਰਸ਼ ਦੇ ਸਮੇਂ ਵਿੱਚ ਵੀ ਸਰਗਰਮ ਰਹੇ।

ਅਵਤਾਰ ਸਿੰਘ ਆਜ਼ਾਦ ਦੀਆਂ ਰਚਨਾਵਾਂ ਵਿੱਚ ਕਵਿਤਾ, ਅਨੁਵਾਦ ਅਤੇ ਗੱਦ ਹਨ। ਉਨ੍ਹਾਂ ਨੇ ਪੰਜਾਬੀ ਵਿੱਚ ਕਈ ਮਹੱਤਵਪੂਰਨ ਕੰਮ ਕੀਤੇ, ਜਿਨ੍ਹਾਂ ਵਿੱਚ ਅਨੁਵਾਦ ਵੀ ਸ਼ਾਮਿਲ ਹਨ। ਉਨ੍ਹਾਂ ਦੇ ਪ੍ਰਮੁੱਖ ਕਾਵਿ-ਸੰਗ੍ਰਹਿ ਕੈ਼ਦੀ ਵੀਰ, ਸਵਾਂਤ ਬੂੰਦ, ਸਾਵਨ ਪੀਘਾਂ, ਵਿਸ਼ਵ ਵੇਦਨਾ, ਕਨਸੋਆਂ, ਸੋਨ ਸਵੇਰਾ, ਨੂਰੀ ਜੋਤਾਂ, ਰਤਨਮਾਲਾ ਆਦਿ ਹਨ। ਇਸ ਤੋਂ ਇਲਾਵਾ ਉਹਨਾਂ ਨੇ ਮਹਾਂਕਾਵਿ ਵੀ ਲਿਖੇ ਜਿਸ ਵਿਚ ਮਰਦ ਅਗੰਮੜਾ, ਵਿਸ਼ਵਨੂਰ, ਮਹਾਂਬਲੀ, ਰਤੁ ਕਾ ਕੁੰਗੂ ਪ੍ਰਮੁੱਖ ਹਨ। ਅਵਤਾਰ ਸਿੰਘ ਆਜ਼ਾਦ ਨੇ ਮਨੁੱਖਤਾ ਦੇ ਉਸਰੱਈਏ ਅਤੇ ਸ਼ਹੀਦ ਭਗਤ ਸਿੰਘ ਦੀ ਜੀਵਨੀ ਲਿਖੀ ਅਤੇ ਚਿਖਾ, ਜ਼ਫ਼ਰਨਾਮਾ ਅਤੇ ਖ਼ਯਾਮ ਖ਼ਬਮਾਰੀ ਪੁਸਤਕਾਂ ਦਾ ਅਨੁਵਾਦ ਵੀ ਕੀਤਾ

                ਉਨ੍ਹਾਂ ਦੀ ਸਮੁੱਚੀ ਸਾਹਿਤਕ ਦੇਣ ਅਤੇ ਪੱਤਰਕਾਰੀ ਜੀਵਨ ਨੂੰ ਦੇਖਦੇ ਹੋਏ ਭਾਸ਼ਾ ਵਿਭਾਗ, ਪੰਜਾਬ ਨੇ 1971 ਈ. ਵਿਚ ਸ੍ਰੋਮਣੀ ਸਾਹਿਤਕਾਰ ਵਜੋਂ ਸਨਮਾਨਿਤ ਕੀਤਾ। ਅਵਤਾਰ ਸਿੰਘ ਆਜ਼ਾਦ ਦੀ ਮੌਤ 1972 ਵਿੱਚ ਹੋਈ।