ਬਾਵਾ ਬਲਵੰਤ ਦਾ ਜਨਮ 1915 ਨੂੰ ਪਿੰਡ ਨੇਸ਼ਟਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹਕੀਮ ਠਾਕੁਰ ਦੀਨਾ ਨਾਥ ਅਤੇ ਮਾਤਾ ਗਿਆਨ ਦੇਵੀ ਦੇ ਘਰ ਹੋਇਆ। ਉਸ ਦੇ ਪੜਦਾਦਾ ਲਾਲਾ ਮਿਸਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੈਦਾਂ ਵਿਚੋਂ ਇਕ ਸਨ। ਘਰ ਦੀ ਆਰਥਿਕ ਸਥਿਤੀ ਠੀਕ ਨਾ ਹੋਣ ਕਰਕੇ ਉਹ ਸਿਰਫ਼ ਮੁੱਢਲੀ ਸਿੱਖਿਆ ਹੀ ਹਾਸਿਲ ਕਰ ਸਕੇ। ਉਨ੍ਹਾਂ ਨੇ ਆਪਣੇ ਪਿਤਾ ਕੋਲੋਂ ਹੀ ਫ਼ਾਰਸੀ, ਉਰਦੂ ਅਤੇ ਹਿੰਦੀ ਦੀ ਸਿੱਖਿਆ ਪ੍ਰਾਪਤ ਕੀਤੀ। ਛੋਟੀ ਉਮਰ ਵਿਚ ਹੀ ਉਨ੍ਹਾਂ ਨੂੰ ਮੁਨੀਮੀ ਦੇ ਕੰਮ ਤੇ ਲਾ ਦਿੱਤਾ ਗਿਆ। ਬਚਪਨ ਤੋਂ ਲੈ ਕੇ ਜ਼ਿੰਦਗੀ ਦੇ ਆਖ਼ਰੀ ਪਲਾਂ ਤੱਕ ਉਹ ਆਰਥਿਕ ਤੰਗੀਆਂ ਦੇ ਨਾਲ ਲੜਦਾ ਰਿਹਾ। ਇਹ ਗ਼ਰੀਬੀ ਅਤੇ ਮਿਹਨਤ ਮੁਸ਼ੱਕ਼ਤ ਦਾ ਜੀਵਨ ਹੀ ਉਹਨਾਂ ਦੇ ਲਈ ਪ੍ਰਗਤੀਵਾਦੀ ਚੇਤਨਾ ਬਣਦਾ ਹੈ। ਬਚਪਨ ਵਿੱਚ ਜਟਾਂ ਰੱਖਣ ਕਾਰਨ ਉਨ੍ਹਾਂ ਨੂੰ "ਬਾਵਾ" ਉਪਨਾਮ ਮਿਲਿਆ, ਜੋ ਬਾਅਦ ਵਿੱਚ ਉਨ੍ਹਾਂ ਦੀ ਸਥਾਈ ਪਛਾਣ ਬਣ ਗਿਆ।
1930 ਦੇ ਦਹਾਕੇ ਵਿੱਚ ਪ੍ਰਗਤੀਸ਼ੀਲ ਲੇਖਕ ਸੰਘ ਨਾਲ ਜੁੜਕੇ ਉਨ੍ਹਾਂ ਨੇ ਸਮਾਜਿਕ ਯਥਾਰਥਵਾਦ ਨੂੰ ਕਵਿਤਾ ਦਾ ਕੇਂਦਰ ਬਣਾਇਆ। ਇਸ ਸਾਲ ਹੀ ਉਹਨਾਂ ਨੇ ਉਰਦੂ ਦੀਆਂ ਕਵਿਤਾਵਾਂ ਦਾ ਕਾਵਿ-ਸੰਗ੍ਰਹਿ ਸ਼ੇਰ-ਏ-ਹਿੰਦ ਛਪਵਾਇਆ ਜਿਹੜਾ ਅੰਗਰੇਜ਼ ਹਕੂਮਤ ਨੇ ਜ਼ਬਤ ਕਰ ਲਿਆ ਸੀ। ਉਹ ਸੁਤੰਤਰਤਾ ਲਹਿਰ ਦਾ ਹਿੱਸਾ ਵੀ ਬਣੇ। ਮਾਰਚ 1931 ਈ. ਵਿਚ ਹੋਏ ਗਾਂਧੀ ਇਰਵਨ ਸਮਝੌਤੇ ਪਿੱਛੋਂ ਬਾਵਾ ਬਲਵੰਤ ਦੀ ਗ੍ਰਿਫ਼ਤਾਰੀ ਦੇ ਵਾਰੰਟ ਵੀ ਜਾਰੀ ਹੋਏ ਸਨ।
ਇਸ ਤੋਂ ਬਾਅਦ ਬਾਵਾ ਬਲਵੰਤ ਨੇ ਪੰਜਾਬੀ ਵਿਚ ਲਿਖਣਾ ਸ਼ੁਰੂ ਕਰ ਦਿੱਤਾ ਸੀ। 1941 ਈ. ਵਿਚ ਮਹਾਂਨਾਚ ਕਾਵਿ-ਸੰਗ੍ਰਹਿ ਛਪਦਾ ਹੈ। ਇਸ ਤੋਂ ਮਗਰੋਂ ਅਮਰਗੀਤ, ਜਵਾਲਾ ਮੁਖੀ, ਬੰਦਰਗਾਹ, ਕਾਵਿ ਸਾਗਰ (ਚੋਣਵੀਂ ਕਵਿਤਾ) ਅਤੇ ਸੁਗੰਧ ਸਮੀਰ ਆਦਿ ਛਪਦੀਆਂ ਹਨ। ਬਾਵਾ ਬਲਵੰਤ ਦੀ ਸਮੁੱਚੀ ਕਾਵਿ ਰਚਨਾ ਅਤ ਵਾਰਤਕ ਨੂੰ ਡਾ. ਜਸਵਿੰਦਰ ਸਿੰਘ ਨੇ ਬਾਵਾ ਰਚਨਾਵਲੀ ਦੇ ਨਾਂ ਹੇਠ ਸੰਪਾਦਿਤ ਕੀਤਾ ਹੈ। ਉਹਨਾਂ ਦੇ ਕਾਵਿ ਸੁਗੰਧ ਸਮੀਰ ਨੂੰ ਭਾਸ਼ਾ ਵਿਭਾਗ, ਪੰਜਾਬ ਦੇ ਵੱਲੋਂ ਸਰਵੋਤਮ ਕਾਵਿ-ਪੁਸਤਕ ਪੁਰਸਕਾਰ ਵੀ ਮਿਲਿਆ ਹੈ।
ਬਾਵਾ ਬਲਵੰਤ ਪ੍ਰਗਤੀਵਾਦੀ ਕਾਵਿਧਾਰਾ ਦਾ ਸ੍ਰੇਸ਼ਟ ਕਵੀ ਸੀ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਕਿਸਾਨ-ਮਜ਼ਦੂਰਾਂ ਦੇ ਸੰਘਰਸ਼, ਗ਼ਰੀਬੀ ਅਤੇ ਸਮਾਜਿਕ ਅਨਿਆਂ ਦੀਆਂ ਤਲਖ਼ ਤਸਵੀਰਾਂ ਪੇਸ਼ ਹੁੰਦੀਆਂ ਹਨ। ਸਮਾਜਵਾਦੀ ਚੇਤਨਾ, ਮਜ਼ਦੂਰਾਂ ਦੀ ਜਾਗਰੂਕਤਾ, ਸਾਮਰਾਜਵਾਦ ਅਤੇ ਜਾਗੀਰਦਾਰੀ ਦੀ ਨੈਤਿਕਤਾ ਵਿਰੁੱਧ ਵਿਦਰੋਹ ਅਤੇ ਮਨੁੱਖੀ ਸਮਾਜ ਦੀ ਬਿਹਤਰੀ ਦਾ ਸੁਨੇਹਾ ਉਹਨਾਂ ਦੀਆਂ ਕਵਿਤਾਵਾਂ ਵਿਚ ਸਾਫ਼ ਨਜ਼ਰ ਆਉਂਦਾ ਹੈ।
ਬਾਵਾ ਬਲਵੰਤ ਦਾ ਜੀਵਨ ਅੰਤ ਵਿੱਚ ਸਾਦਗੀ ਅਤੇ ਸੰਘਰਸ਼ ਨਾਲ ਭਰਿਆ ਰਿਹਾ। ਉਹ ਅੰਮ੍ਰਿਤਸਰ ਅਤੇ ਦਿੱਲੀ ਦੀਆਂ ਗਲੀਆਂ ਵਿੱਚ ਰਹੇ। ਆਖ਼ਰੀ ਸਮਾਂ ਕ੍ਰਿਸ਼ਨ ਨਗਰ, ਦਿੱਲੀ ਵਿੱਚ ਇੱਕ ਛੋਟੀ ਜਿਹੀ ਮਿਆਨੀ ਵਿੱਚ ਬਤੀਤ ਕੀਤਾ, ਜਿੱਥੇ ਉਹ ਆਪਣੀ ਸਾਹਿਤਕ ਸਿਰਜਣਾ ਵਿੱਚ ਰੁੱਝੇ ਰਹੇ। 1972 ਨੂੰ ਉਨ੍ਹਾਂ ਦਾ ਦੇਹਾਂਤ ਹੋਇਆ, ਪਰ ਉਨ੍ਹਾਂ ਦੀਆਂ ਰਚਨਾਵਾਂ ਅੱਜ ਵੀ ਪੰਜਾਬੀ ਸਾਹਿਤ ਵਿੱਚ ਅਮਰ ਹਨ।