ਭਾਈ ਵੀਰ ਸਿੰਘ ਪੰਜਾਬੀ ਸਾਹਿਤ ਦੇ ਆਧੁਨਿਕ ਯੁੱਗ ਦੇ ਪ੍ਰਸਿੱਧ ਨਾਵਲਕਾਰ, ਕਵੀ, ਸੰਪਾਦਕ ਅਤੇ ਧਾਰਮਿਕ ਵਿਦਵਾਨ ਸਨ। ਉਹਨਾਂ ਦਾ ਜਨਮ 5 ਦਸੰਬਰ 1872 ਨੂੰ ਅੰਮ੍ਰਿਤਸਰ ਵਿੱਚ ਭਾਈ ਕਾਲਾ ਸਿੰਘ ਦੇ ਘਰ ਹੋਇਆ। ਉਨ੍ਹਾਂ ਦਾ ਪਰਿਵਾਰ ਸਿੱਖ ਧਰਮ ਅਤੇ ਗਿਆਨ-ਵਿਗਿਆਨ ਨਾਲ ਜੁੜਿਆ ਹੋਇਆ ਸੀ। ਬਚਪਨ ਤੋਂ ਹੀ ਉਹ ਗੁਰਬਾਣੀ ਅਤੇ ਗੁਰਮਤ ਵਿਚਾਰਾਂ ਵੱਲ ਆਕਰਸ਼ਿਤ ਰਹੇ। ਉਨ੍ਹਾਂ ਨੇ ਪੱਛਮੀ ਤਾਲੀਮ ਦੇ ਨਾਲ-ਨਾਲ ਗੁਰਮੁਖੀ, ਸੰਸਕ੍ਰਿਤ, ਉਰਦੂ ਅਤੇ ਫ਼ਾਰਸੀ ਵਿੱਚ ਵੀ ਹਾਸਲ ਕੀਤੀ।
ਕਵਿਤਾ ਦੇ ਖੇਤਰ ਵਿੱਚ ਭਾਈ ਵੀਰ ਸਿੰਘ ਦੀ ਰਚਨਾ ਆਤਮਿਕ ਅਨੁਭੂਤੀਆਂ, ਪ੍ਰਭੂ-ਪ੍ਰੇਮ ਅਤੇ ਸੰਵੇਦਨਾਤਮਿਕਤਾ ਨਾਲ ਭਰਪੂਰ ਹੈ। ਉਨ੍ਹਾਂ ਦੇ ਕਾਵਿ-ਸੰਗ੍ਰਹਿ 'ਦਿਲ ਤਰੰਗ', 'ਤਰੁਣ ਜੋਤ', 'ਪ੍ਰੇਮ ਪ੍ਰਬੋਧ' ਆਦਿ ਵਿਚ ਗੰਭੀਰਤਾ, ਰੂਹਾਨੀਅਤ ਅਤੇ ਮਨੁੱਖੀ ਕਰੁਣਾ ਦੀ ਗੂੜ੍ਹੀ ਅਭਿਵਿਅਕਤੀ ਮਿਲਦੀ ਹੈ। ਭਾਈ ਸਾਹਿਬ ਦੀ ਕਵਿਤਾ ਵਿਚ ਰੋਮਾਂਸਵਾਦ ਅਤੇ ਭਗਤੀ ਲਹਿਰ ਦੇ ਰੂਪਕ ਸਾਫ਼ ਨਜ਼ਰ ਆਉਂਦੇ ਹਨ।
ਉਹਨਾਂ ਦੀਆਂ ਕਵਿਤਾਵਾਂ, ਜਿਵੇਂ 'ਲਹਿਰਾਂ ਦੇ ਹਾਰ', 'ਮਟਕ ਹੁਲਾਰੇ', 'ਬਿਜਲੀਆਂ ਦੇ ਹਾਰ', 'ਮੇਰੇ ਸਾਈਆਂ ਜੀਓ', ਅਤੇ 'ਕੰਬਦੀ ਕਲਾਈ', ਕ਼ੁਦਰਤ ਦੀ ਸੁੰਦਰਤਾ ਅਤੇ ਅਧਿਆਤਮਿਕਤਾ ਨੂੰ ਰਸਮਈ ਅਤੇ ਰਹੱਸਵਾਦੀ ਅੰਦਾਜ਼ ਵਿੱਚ ਪੇਸ਼ ਕਰਦੀਆਂ ਹਨ। 'ਰਾਣਾ ਸੂਰਤ ਸਿੰਘ' ਉਹਨਾਂ ਦਾ ਪ੍ਰਮੁੱਖ ਮਹਾਂਕਾਵਿ ਹੈ, ਜੋ ਸਿਰਖੰਡੀ ਛੰਦ ਅਤੇ ਸ਼ਾਂਤ ਰਸ ਵਿੱਚ ਲਿਖਿਆ ਗਿਆ। ਕਵਿਤਾ ਤੋਂ ਇਲਾਵਾ ਭਾਈ ਵੀਰ ਸਿੰਘ ਨੇ ਨਾਵਲ, ਨਾਟਕ, ਵਾਰਤਕ ਅਤੇ ਸੰਪਾਦਨ ਆਦਿ ਦਾ ਕਾਰਜ ਵੀ ਕੀਤਾ।
ਭਾਈ ਵੀਰ ਸਿੰਘ ਨੇ ਸਿੱਖ ਸੰਸਕਾਰ ਅਤੇ ਪੰਜਾਬੀ ਲਿਪੀ ਦੀ ਰਾਖੀ ਲਈ ਪ੍ਰਕਾਸ਼ਨ ਜਥੇਬੰਦੀਆਂ ਬਣਾਈਆਂ, ਜਿਵੇਂ ਕਿ ਨਿਰਮਲ ਖ਼ਾਲਸਾ ਪ੍ਰੈਸ ਅਤੇ ਖ਼ਾਲਸਾ ਸਮਾਚਾਰ। ਉਹ ਪੰਜਾਬੀ ਸਾਹਿਤ ਅਕਾਦਮੀ (ਲਾਹੌਰ) ਦੇ ਸੰਸਥਾਪਕ ਮੈਂਬਰ ਵੀ ਸਨ। ਉਹ ਆਪਣੇ ਯੁੱਗ ਦੇ ਸਭ ਤੋਂ ਪ੍ਰਭਾਵਸ਼ਾਲੀ ਬੌਧਿਕ ਲੇਖਕ ਸਨ ਜਿਨ੍ਹਾਂ ਨੇ ਸਿੱਖੀ, ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਸਮਰਪਿਤ ਜੀਵਨ ਜੀਉਂਦਿਆਂ ਸਦੀਆਂ ਲਈ ਅਮਰ ਰਚਨਾਵਾਂ ਦੇ ਰੂਪ ਵਿੱਚ ਸੰਭਾਲਿਆ।
ਉਨ੍ਹਾਂ ਦੇ ਸਾਹਿਤਕ, ਧਾਰਮਿਕ ਅਤੇ ਬੌਧਿਕ ਯੋਗਦਾਨ ਨੂੰ ਮੰਨਤਾ ਦਿੰਦਿਆਂ ਭਾਈ ਵੀਰ ਸਿੰਘ ਨੂੰ 1956 ਵਿੱਚ ਭਾਰਤ ਸਰਕਾਰ ਵੱਲੋਂ 'ਪਦਮ ਭੂਸ਼ਣ' ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਨੇ 'ਡਾਕਟਰ ਆਫ਼ ਓਰੀਐਂਟਲ ਲਰਨਿੰਗ' ਦੀ ਆਨਰੇਰੀ ਡਿਗਰੀ ਨਾਲ ਸਨਮਾਨਤ ਕੀਤਾ। 1952 ਈ. ਉਹਨਾਂ ਨੂੰ ਪੰਜਾਬ ਵਿਧਾਨ ਸਭਾ ਕੌਂਸਲ ਦੇ ਮੈਂਬਰ ਨਾਮਜ਼ਦ ਕੀਤਾ ਗਿਆ ਅਤੇ 1955 ਈ. ਵਿਚ 'ਮੇਰੇ ਸਾਈਆਂ ਜੀਓ' ਪੁਸਤਕ ਲਈ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਉਨ੍ਹਾਂ ਦੀ ਮੌਤ 10 ਜੂਨ 1957 ਨੂੰ ਹੋਈ, ਪਰ ਉਨ੍ਹਾਂ ਦੀ ਵਿਰਾਸਤ ਅੱਜ ਵੀ ਪੰਜਾਬੀ ਸਾਹਿਤ ਅਤੇ ਸਿੱਖ ਧਰਮ ਦੇ ਅਧਿਐਨ ਵਿੱਚ ਕੇਂਦਰੀ ਸਥਾਨ ਰੱਖਦੀ ਹੈ।