ਦੇਵਿੰਦਰ ਸਤਿਆਰਥੀ ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾਵਾਂ ਦੇ ਪ੍ਰਸਿੱਧ ਵਿਦਵਾਨ ਅਤੇ ਸਾਹਿਤਕਾਰ ਸਨ। ਉਨ੍ਹਾਂ ਨੇ ਭਾਰਤ ਦੇ ਕੋਨੇ ਕੋਨੇ ਤੋਂ ਬਹੁਤ ਸਾਰੀਆਂ ਭਾਸ਼ਾਵਾਂ ਦੇ ਲੋਕ ਗੀਤਾਂ ਨੂੰ ਇਕੱਠਾ ਕਰਨ ਦਾ ਮਹੱਤਵਪੂਰਨ ਕਾਰਜ ਕੀਤਾ ਸੀ। ਦੇਵਿੰਦਰ ਸਤਿਆਰਥੀ ਦਾ ਜਨਮ 28 ਮਈ 1908 ਈ. ਨੂੰ ਪਟਿਆਲਾ ਰਿਆਸਤ ਦੇ ਨਗਰ ਭਦੌੜ, ਜ਼ਿਲਾ ਸੰਗਰੂਰ (ਹੁਣ ਬਰਨਾਲਾ) ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਧਾਲੀ ਬੱਤਾ ਅਤੇ ਮਾਤਾ ਦਾ ਨਾਮ ਆਤਮਾ ਦੇਵੀ ਸੀ ਅਤੇ ਦੇਵਿੰਦਰ ਸਤਿਆਰਥੀ ਦਾ ਬਚਪਨ ਦਾ ਨਾਮ ਦੇਵਿੰਦਰ ਬੱਤਾ ਸੀ।
ਆਪਣੀ ਜ਼ਿੰਦਗੀ ਵਿਚ ਦੇਵਿੰਦਰ ਸਤਿਆਰਥੀ ਨੇ ਪੰਜਾਬੀ ਸਾਹਿਤ ਦੇ ਅਨੇਕਾ ਰੂਪਾਂ ਵਿਚ ਰਚਨਾ ਕੀਤੀ। ਸਤਿਆਰਥੀ ਦੀ ਕਾਵਿ ਯੋਗਤਾ ਉਸ ਦੀਆਂ ਕਾਵਿ-ਪੁਸਤਕਾਂ ਵਿਚ ਸਾਫ਼ ਨਜ਼ਰ ਆ ਜਾਂਦੀ ਹੈ ਜਿਹਨਾਂ ਵਿਚ ਧਰਤੀ ਦੀਆਂ ਵਾਜਾਂ, ਮੁੜ੍ਹਕਾ ਤੇ ਕਣਕ, ਬੁੱਢੀ ਨਹੀਂ ਧਰਤੀ ਅਤੇ ਲੱਕ ਟੁਣੂ-ਟੁਣੂ ਆਦਿ ਪ੍ਰਮੁੱਖ ਹਨ। ਸਤਿਆਰਥੀ ਦੀ ਕਵਿਤਾ ਮੁੱਖ ਤੌਰ 'ਤੇ ਲੋਕ ਭਾਵਨਾਵਾਂ ਅਤੇ ਪ੍ਰਕਿਰਤੀ ਨਾਲ ਜੁੜੀ ਹੋਈ ਹੈ, ਜੋ ਅਕਸਰ ਲੋਕ ਗੀਤਾਂ ਦੇ ਰੂਪ ਵਿੱਚ ਵਿਖਾਈ ਦਿੰਦੀ ਹੈ। ਉਹਨਾਂ ਨੇ ਆਪਣੀਆਂ ਕਵਿਤਾਵਾਂ ਤੋਂ ਵੱਧ ਲੋਕ ਕਵਿਤਾ ਸੰਗ੍ਰਹਿ ਕੀਤੇ, ਪਰ ਉਹਨਾਂ ਦੀ ਕਾਵਿ-ਯੋਗਤਾ ਉਹਨਾਂ ਦੀਆਂ ਕਹਾਣੀਆਂ ਅਤੇ ਗੀਤਾਂ ਵਿੱਚ ਵੀ ਨਜ਼ਰ ਆਉਂਦੀ ਹੈ।
ਇਸ ਤੋਂ ਇਲਾਵਾ ਉਹਨਾਂ ਨੇ ਘੋੜਾ ਬਾਦਸ਼ਾਹ ਅਤੇ ਸੂਈਬਜ਼ਾਰ ਨਾਵਲਾਂ ਦੀ ਰਚਨਾ ਕੀਤੀ ਹੈ। ਦੇਵਿੰਦਰ ਸਤਿਆਰਥੀ ਨੇ ਪੰਜਾਬੀ ਕਹਾਣੀ, ਅਨੁਵਾਦ, ਸਵੈਜੀਵਨੀਨੁਮਾ, ਸੰਕਲਨ ਅਤੇ ਸੰਪਾਦਨ ਦਾ ਕਾਰਜ ਬਾਖ਼ੂਬੀ ਕੀਤਾ ਹੈ। ਉਹਨਾਂ ਨੇ ਪੰਜਾਬੀ ਭਾਸ਼ਾ ਤੋਂ ਇਲਾਵਾ ਹਿੰਦੀ, ਉਰਦੂ ਅਤੇ ਅੰਗਰੇਜ਼ੀ ਭਾਸ਼ਾ ਵਿਚ ਵੀ ਰਚਨਾ ਦਾ ਕਾਰਜ ਕੀਤਾ ਹੈ। ਉਹਨਾਂ ਨੇ ਦੇਸ-ਦੇਸਾਂਤਰ ਘੁੰਮਦਿਆਂ ਜੋ ਲੋਕ-ਸਾਹਿਤ ਇਕੱਤਰ ਕਰਕੇ ਉਸਨੂੰ ਵੀ ਸੰਪਾਦਨ ਦੇ ਰੂਪ ਵਿਚ ਸਾਂਭਣ ਦਾ ਮਹੱਤਵਪੂਰਨ ਕਾਰਜ ਕੀਤਾ ਹੈ। ਉਹਨਾਂ ਲੱਖਾਂ ਦੀ ਗਿਣਤੀ ਵਿਚ ਬਹੁਤ ਸਾਰੀਆਂ ਭਾਸ਼ਾਵਾਂ ਦਾ ਲੋਕ ਸਾਹਿਤ ਇਕੱਤਰ ਕੀਤਾ ਹੈ।
ਅਜਿਹੇ ਬਹੁਪੱਖੀ ਸ਼ਖ਼ਸ਼ੀਅਤ ਨੂੰ ਪੰਜਾਬ ਸਰਕਾਰ ਅਤੇ ਭਾਰਤ ਦੀ ਸਰਕਾਰ ਦੁਆਰਾ ਸਮੇਂ-ਸਮੇਂ ਤੇ ਸਨਮਾਨਿਤ ਕੀਤਾ ਗਿਆ ਹੈ। ਜਿਸ ਵਿਚ ਪੰਜਾਬ ਪੈਪਸੂ ਪਟਿਆਲਾ ਵੱਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ, ਭਾਰਤ ਸਰਕਾਰ ਦੁਆਰਾ ਪਦਮ ਸ਼੍ਰੀ ਦੀ ਉਪਾਧੀ, ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਹਿੰਦੀ ਸਾਹਿਤਕਾਰ ਪੁਰਸਕਾਰ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਕਰਤਾਰ ਸਿੰਘ ਧਾਲੀਵਾਲ ਪੁਸਰਕਾਰ ਪ੍ਰਾਪਤ ਹੋਇਆ ਹੈ।
ਦੇਵਿੰਦਰ ਸਤਿਆਰਥੀ ਪੰਜਾਬੀ ਦਾ ਉਹ ਅਲਬੇਲਾ ਸਾਹਿਤਕਾਰ ਸੀ ਜਿਸ ਨੇ ਸਾਰੀ ਉਮਰ ਸਾਹਿਤ ਰਚਿਆ, ਲੋਕ-ਸਾਹਿਤ ਨੂੰ ਇਕੱਤਰ ਅਤੇ ਸੰਪਾਦਨ ਦਾ ਕਾਰਜ ਅਤੇ ਵੱਖ-ਵੱਖ ਭਾਸ਼ਾਵਾਂ ਵਿਚ ਸਾਹਿਤ ਦੀ ਰਚਨਾ ਕੀਤੀ। ਉਹਨਾਂ ਦਾ ਦੇਹਾਂਤ 12 ਫ਼ਰਵਰੀ 2003 ਨੂੰ ਹੋ ਗਿਆ ਸੀ।