ਧਨੀ ਰਾਮ ਚਾਤ੍ਰਿਕ
ਪੰਜਾਬੀ ਅਤੇ ਪੰਜਾਬੀਅਤ ਦੇ ਸਿਰਮੌਰ ਸ਼ਾਇਰ। ਚਾਤ੍ਰਿਕ ਦੀ ਕਵਿਤਾ ਵਿਚ ਛੰਦਾਬੰਦੀ, ਬੋਲੀ ਦੀ ਨਿਪੁੰਨਤਾ, ਠੇਠਤਾ ਅਤੇ ਮੁਹਾਵਰੇ ਦੀ ਖ਼ੂਬਸੂਰਤੀ ਬੇਮਿਸਾਲ ਹੈ।
ਲਾਲ ਧਨੀ ਰਾਮ ਚਾਤ੍ਰਿਕ ਦਾ ਨਾਮ ਆਧੁਨਿਕ ਪੰਜਾਬੀ ਕਵਿਤਾ ਦੇ ਮੁੱਢਲੇ ਕਵੀਆਂ ਵਿਚ ਸ਼ਾਮਿਲ ਹੈ। ਪੰਜਾਬੀ ਦੇ ਇਸ ਸੁਪ੍ਰਸਿੱਧ ਕਵੀ ਦਾ ਜਨਮ 4 ਅਕਤੂਬਰ 1876 ਈ. ਨੂੰ ਲਾਲਾ ਪੋਹਲੂ ਮੱਲ ਅਰੋੜਾ ਦੇ ਘਰ ਸਿਆਲਕੋਟ (ਪਾਕਿਸਤਾਨ) ਵਿਚ ਪਿੰਡ ਪਸੀਆਂ ਵਾਲਾ ਵਿਖੇ ਹੋਇਆ। ਛੋਟੀ ਉਮਰ ਵਿਚ ਹੀ ਉਹ ਆਪਣੇ ਨਾਨਕੇ ਪਿੰਡ ਲੋਪੋਕੇ (ਅੰਮ੍ਰਿਤਸਰ) ਆ ਕੇ ਰਹਿਣ ਲੱਗੇ। ਉਹਨਾਂ ਨੇ ਗੁਰਮੁਖੀ, ਲੰਡੇ ਅਤੇ ਦੇਵਨਾਗਰੀ ਲਿਪੀ ਦਾ ਗਿਆਨ ਘਰ ਤੋਂ ਪ੍ਰਾਪਤ ਕੀਤਾ। ਲਾਲਾ ਧਨੀ ਰਾਮ ਚਾਤ੍ਰਿਕ ਨੂੰ ਸਕੂਲੀ ਵਿਦਿਆ ਕੁਝ ਮੁੱਢਲੀਆਂ ਜਮਾਤਾਂ ਤੱਕ ਹੀ ਨਸੀਬ ਹੋਈ। ਪੰਦਰਾਂ ਸਾਲ ਦੀ ਉਮਰ ਵਿਚ ਉਹਨਾਂ ਨੇ ਵਸੀਕ਼ਾ ਨਵੀਸੀ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਵਜ਼ੀਰ ਹਿੰਦ ਪ੍ਰੈਸ ਵਿਚ ਕਾਤਿਬ ਦੀ ਨੌਕਰੀ ਕੀਤੀ ਅਤੇ ਇਸ ਸਮੇ ਹੀ ਭਾਈ ਵੀਰ ਸਿੰਘ ਤੋਂ ਪ੍ਰੇਰਿਤ ਹੋ ਕੇ ਸਾਹਿਤ ਲਿਖਣ ਪੜ੍ਹਨ ਵਲ ਪੈ ਗਏ।
ਇਸ ਸਮੇਂ ਦੌਰਾਨ ਉਹਨਾਂ ਦੀਆਂ ਕਵਿਤਾਵਾਂ ਲਸਾ ਸਮਾਚਾਰ ਅਤੇ ਖ਼ਾਲਸਾ ਯੰਗਮੈਨ ਮੈਗਜ਼ੀਨ ਵਿਚ ਛਪਣੀਆਂ ਸ਼ੁਰੂ ਹੋ ਗਈਆਂ ਸਨ। ਸ਼ੁਰੂਆਤੀ ਸਮੇਂ ਵਿਚ ਉਹਨਾਂ ਨੇ ਮੌਲਾਨਾ ਹਾਬੀ ਅਤੇ ਸੂਰਜ ਨਾਰਾਇਣ ਦੀਆਂ ਨਜ਼ਮਾਂ ਦਾ ਉਰਦੂ ਤੋਂ ਪੰਜਾਬੀ ਤਰਜੁਮਾ ਵੀ ਕੀਤਾ। ਲਾਲਾ ਧਨੀ ਰਾਮ ਪਹਿਲਾਂ ‘ਹਰਧਨੀ’ ਉਪ-ਨਾਮ ਹੇਠ ਕਵਿਤਾਵਾਂ ਲਿਖੀਆਂ ਅਤੇ ਬਾਅਦ ਵਿਚ ‘ਚਾਤ੍ਰਿਕ’ ਤਖ਼ੱਲੁਸ ਰੱਖ ਲਿਆ।
1911 ਈ. ਵਿਚ ਉਹ ਅੰਮ੍ਰਿਤਸਰ ਤੋਂ ਬੰਬਈ ਚਲੇ ਗਏ ਅਤੇ ਉਥੇ ਜਾ ਕੇ ਉਹਨਾਂ ਨੇ ਪੰਜਾਬੀ ਦਾ ਨਵਾਂ ਟਾਈਪ ਈਜਾਦ ਕੀਤਾ। 1924 ਈ. ਵਿਚ ਉਹਨਾਂ ਵਾਪਸ ਅੰਮ੍ਰਿਤਸਰ ਆ ਕੇ ‘ਸਟੈਂਡਰਡ ਟਾਈਪ ਫ਼ਾਊਡਰੀ’ ਜਾਰੀ ਕੀਤੀ ਅਤੇ ਸੁਦਰਸ਼ਨ ਪ੍ਰੈਸ ਦੀ ਸਥਾਪਨਾ ਕੀਤੀ। 1924 ਈ. ਵਿਚ ਅੰਮ੍ਰਿਤਸਰ ਦੀ ਪੰਜਾਬੀ ਸਭਾ ਬਣੀ ਤਾਂ ਉਸ ਦਾ ਪ੍ਰਧਾਨ ਵੀ ਲਾਲਾ ਧਨੀ ਰਾਮ ਚਾਤ੍ਰਿਕ ਨੂੰ ਚੁਣਿਆ ਗਿਆ।
ਧਨੀ ਰਾਮ ਚਾਤ੍ਰਿਕ ਨੇ 1905 ਈ. ਵਿਚ ਸਭ ਤੋਂ ਪਹਿਲਾ ਕ਼ਿੱਸਾ ਭਰਥਰੀ ਹਰੀ ਲਿਖਿਆ। ਇਸ ਤੋਂ ਬਾਅਦ ਨਲ ਦਮਯੰਤੀ(1906) ਅਤੇ ਧਰਮਵੀਰ (ਸ਼ਹੀਦਾਂ ਦੇ ਸਾਕੇ) (1908) ਪ੍ਰਕਾਸ਼ਿਤ ਹੋਏ। ਕਵਿਤਾ ਦੇ ਖੇਤਰ ਵਿਚ ਉਹਨਾਂ ਨੇ ਫੁੱਲਾਂ ਦੀ ਟੋਕਰੀ, ਚੰਦਨਵਾੜੀ, ਕੇਸਰ ਕਿਆਰੀ, ਨਵਾਂ ਜਹਾਨ, ਸੂਫ਼ੀਖਾਨਾ, ਨੂਰਜਹਾਂ, ਬਾਦਸ਼ਾਹ ਬੇਗਮ ਆਦਿ ਕਾਵਿ ਸੰਗ੍ਰਹਿ ਪਾਠਕਾਂ ਦੀ ਝੋਲੀ ਪਾਏ। ਇਸ ਤੋਂ ਇਲਾਵਾਂ ਉਹਨਾਂ ਨੇ ਰਮਈਆ ਸੇਠ ਨਾਮ ਦਾ ਨਾਵਲ ਵੀ ਲਿਖਿਆ।
ਧਨੀ ਰਾਮ ਚਾਤ੍ਰਿਕ 1934 ਈ. ਵਿਚ ਲਿਖਦੇ ਹਨ ਕਿ ਮੈਂ ਆਪਣੀ ਕੋਈ ਵੀ ਕਵਿਤਾ ਛਪਣੀ ਦੇਣ ਤੋਂ ਪਹਿਲਾ 6-7 ਮਹੀਨੇ ਉਸ ਨੂੰ ਆਪਣੇ ਕੋਲ ਰੱਖਦਾ ਹਾਂ ਤੇ ਬਾਰ-ਬਾਰ ਪੜ੍ਹਦਾ ਹਾਂ। ਜੇ ਕੋਈ ਅੱਖਰ ਰੜਕੇ ਤਾਂ ਉਸ ਨੂੰ ਬਦਲ ਦਿੰਦਾ ਹਾਂ, ਜੇ ਕੋਈ ਹੋਰ ਵਧੀਆਂ, ਭਾਰਾ ਤੇ ਸੋਹਣਾ ਸ਼ਬਦ ਮਿਲ ਜਾਵੇ ਤਾਂ ਉਸ ਨੂੰ ਫ਼ਿੱਟ ਕਰ ਦਿੰਦਾ ਹਾਂ। ਮੈਂ ਕਵਿਤਾ ਦਾ ਤੋਲ ਤੁਕਾਂਤ, ਨਾਦ, ਅਲੰਕਾਰ ਤੇ ਮੁਹਾਵਰੇ ਸਭ ਦੀ ਬਹੁਤ ਡੂੰਘਾਈ ਨਾਲ ਜਾਂਚ ਕਰਦਾ ਹਾਂ। ਉਹਨਾਂ ਦਾ ਕਹਿਣਾ ਸੀ ਕਿ ਬਹੁਤ ਥੋੜ੍ਹਾਂ ਲਿਖੋ ਅਤੇ ਬਹੁਤ ਜ਼ਿਆਦਾ ਵਿਚਾਰੋ।
ਉਹਨਾਂ ਦੀ ਆਖਿਰੀ ਰਚਨਾ ਸ਼ਾਹਮੁਖੀ ਵਿਚ ਪ੍ਰਕਾਸ਼ਿਤ ਹੋਈ ਸੀ ਅਤੇ ਬਾਕੀ ਸਾਰੀ ਰਚਨਾ ਗੁਰਮੁਖੀ ਦੇ ਵਿਚ ਹੈ। ਚਾਤ੍ਰਿਕ ਦੀ ਸਾਰੀ ਰਚਨਾਂ ਵਿਚ ਧਾਰਮਿਕ, ਸਦਾਚਾਰਿਕ, ਦੇਸ਼ ਪਿਆਰ, ਸਮਾਜਕ, ਪ੍ਰਕਿਰਤੀ ਚਿਤਰਨ, ਪ੍ਰੇਮ ਰਹੱਸ ਆਦਿ ਵਿਸ਼ਿਆ ਦੀ ਪੇਸ਼ਕਾਰੀ ਹੁੰਦੀ ਹੈ। ਉਹਨਾਂ ਨੇ ਟਕਸਾਲੀ ਤੇ ਠੇਠ ਪੰਜਾਬੀ ਭਾਸ਼ਾ ਵਿਚਚ ਆਪਣੀਆਂ ਕਵਿਤਾਵਾਂ ਲਿਖੀਆ ਹਨ। ਚਾਤ੍ਰਿਕ ਦੀ ਕਵਿਤਾ ਪੁਰਾਤਨ ਰਵਾਇਤੀ ਤੇ ਆਧੁਨਿਕ ਕਵਿਤਾ ਨੂੰ ਮੇਲਣ ਦੇ ਲਈ ਪੁਲ ਦਾ ਕੰਮ ਕਰਦੀ ਹੈ। ਕਵਿਤਾ ਰਾਹੀ ਪੰਜਾਬੀ ਸਭਿਆਚਾਰ ਅਤੇ ਕ਼ੌਮੀ ਜੀਵਨ ਨੂੰ ਪੇਸ਼ ਕਰਨ ਦਾ ਅੰਦਾਜ਼ ਧਨੀ ਰਾਮ ਚਾਤ੍ਰਿਕ ਨੂੰ ਬਾਖੂਬੀ ਆਉਦਾ ਸੀ। ਧਨੀ ਰਾਮ ਚਾਤ੍ਰਿਕ ਪੰਜਾਬੀ ਦੇ ਪਹਿਲੇ ਅਜਿਹੇ ਵਿਦਵਾਨ ਸਨ ਜਿਹਨਾਂ ਨੂੰ ਸਾਹਿਤ ਦੀ ਸੇਵਾ ਬਦਲੇ ਉਹਨਾਂ ਦੀ 75 ਵੀਂ ਬਰਸੀ ‘ਤੇ ਅਭਿਨੰਦਨ ਗ੍ਰੰਥ ਭੇਟ ਕੀਤਾ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨਿਤ ਕੀਤਾ ਗਿਆ।
18 ਦਸੰਬਰ, 1954 ਨੂੰ ਪੰਜਾਬੀ ਦੇ ਸੁਪ੍ਰਸਿੱਧ ਕਵੀ ਦੀ ਅੰਮ੍ਰਿਤਸਰ ਦੀ ਧਰਤੀ ‘ਤੇ ਮੌਤ ਹੋ ਜਾਂਦੀ ਹੈ।