ਗੁਰਦੇਵ ਸਿੰਘ ਮਾਨ ਪੰਜਾਬੀ ਲੇਖਕ, ਕਵੀ, ਗੀਤਕਾਰ ਅਤੇ ਸਾਹਿਤਕ ਸਰਗਰਮੀਆਂ ਨਾਲ ਜੁੜੇ ਵਿਅਕਤੀ ਸਨ, ਜਿਨ੍ਹਾਂ ਦਾ ਨਾਮ ਪੰਜਾਬੀ ਸਾਹਿਤ ਦੇ ਸ਼ਰੋਮਣੀ ਸਾਹਿਤਕਾਰਾਂ ਵਿਚ ਲਿਆ ਜਾਂਦਾ ਹੈ। ਉਹਨਾਂ ਦਾ ਜਨਮ 22 ਸਤੰਬਰ 1919 ਈ. ਨੂੰ ਮਾਤਾ ਬਸੰਤ ਕੌਰ, ਪਿਤਾ ਕਰਤਾਰ ਸਿੰਘ ਦੇ ਘਰ ਚੱਕ ਨੰਬਰ 286 ਧੌਲ ਮਾਜਰਾ ਆਪਣੇ ਨਾਨਕੇ ਪਿੰਡ ਹੋਇਆ ਸੀ ਪਰ ਉਹਨਾਂ ਦਾ ਜੱਦੀ ਪਿੰਡ ਚੱਕ ਨੰਬਰ 97 ਜ਼ਿਲ੍ਹਾ ਲਾਇਲਪੁਰ ਸੀ। ਛੋਟੀ ਉਮਰ ਵਿਚ ਹੀ ਉਹਨਾਂ ਨੇ ਸਾਹਿਤ ਸਿਰਜਣਾ ਸ਼ੁਰੂ ਕਰ ਦਿੱਤੀ ਸੀ ਜਿਸ ਦੀ ਗੁੜਤੀ ਉਹਨਾਂ ਨੂੰ ਆਪਣੇ ਪਿਤਾ ਕੋਲੋ ਹੀ ਮਿਲਦੀ ਹੈ। ਗੁਰਦੇਵ ਸਿੰਘ ਮਾਨ ਨੇ ਲਾਇਲਪੁਰ ਖ਼ਾਲਸਾ ਕਾਲਜ ਤੋਂ ਐਫ਼.ਐਸ. ਸੀ. ਦੀ ਉੱਚ ਵਿਦਿਆ ਹਾਸਲ ਕੀਤੀ ਅਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਕਾਲਜ ਤੋਂ ਬੈਚਲਰ ਆਫ਼ ਸਿੱਖ ਡਿਵੀਨਟੀ ਦੀ ਡਿਗਰੀ ਪ੍ਰਾਪਤ ਕੀਤੀ।
ਉਹ ਪੰਜਾਬੀ ਸਾਹਿਤ ਦੇ ਸਰਬਾਂਗੀ ਸਾਹਿਤਕਾਰ ਸਨ। ਜਿਨ੍ਹਾਂ ਨੇ ਜੱਟੀ ਦੇਸ਼ ਪੰਜਾਬ ਦੀ, ਮਾਨ ਸਰੋਵਰ, ਪੀਘਾਂ, ਨਵੇਂ ਗੀਤ, ਫੁੱਲ ਕੱਢਦਾ ਫੁਲਕਾਰੀ, ਜੱਟ ਵਰਗਾ ਯਾਰ, ਅਕਾਲ ਤਖ਼ਤ ਦੀ ਵਾਰ, ਤ੍ਰਿਵੈਣੀ, ਸੂਲ ਸੁਰਾਹੀ , ਚੜ੍ਹਿਆ ਸੋਧਣ ਧਰਤ ਲੋਕਾਈ ਆਦਿ ਰਚਨਾਵਾਂ ਰਚੀਆਂ ਹਨ। ਇਸ ਤੋਂ ਇਲਾਵਾਂ ਉਹਨਾਂ ਨੇ ਨਾਵਲ, ਨਾਟਕ, ਵਾਰਤਕ ਅਤੇ ਹਾਸ ਵਿਅੰਗ ਵਰਗੀਆਂ ਰਚਨਾਵਾਂ ਵੀ ਪੰਜਾਬੀ ਸਾਹਿਤ ਦੀ ਝੋਲੀ ਪਾਈਆ ਹਨ। ਉਨ੍ਹਾਂ ਦੁਆਰਾ ਲਿਖੇ ਗਏ ਗੀਤਾਂ ਨੂੰ ਮੁਹੰਮਦ ਸਦੀਕ, ਨਰਿੰਦਰ ਬੀਬਾ, ਸੁਰਿੰਦਰ ਕੌਰ, ਆਸਾ ਸਿੰਘ ਮਸਤਾਨਾ, ਹਰਚਰਨ ਗਰੇਵਾਲ, ਕੁਲਦੀਪ ਮਾਨਕ ਅਤੇ ਮਨਮੋਹਨ ਵਾਰਿਸ ਵਰਗੇ ਕਲਾਕਾਰਾਂ ਨੇ ਗਾਇਆ ਹੈ। ਗੁਰਦੇਵ ਸਿੰਘ ਮਾਨ ਸਿਰਫ਼ ਪੰਜਾਬੀ ਦੀਆਂ ਵਿਧਾਵਾਂ ਵਿਚ ਹੀ ਮੁਹਾਰਤ ਨਹੀਂ ਰੱਖਦਾ ਸੀ ਬਲਕਿ ਉਸ ਦੀਆਂ ਰਚਨਾਵਾਂ ਵਿਸ਼ੇ ਪੱਖੋਂ ਵੀ ਦੀਨ ਅਤੇ ਦੁਨੀਆਂ ਦੋਹਾਂ ਖੇਤਰਾਂ ਵਿਚ ਮੁਹਾਰਤ ਰੱਖਦਾ ਸੀ।
ਗੁਰਦੇਵ ਸਿੰਘ ਮਾਨ ਨੂੰ ਦੇਸ਼ ਵਿਦੇਸ਼ ਦੀਆਂ 100 ਤੋਂ ਵੱਧ ਸੰਸਥਾਵਾਂ ਨੇ ਮਾਨ ਸਨਮਾਨ ਦਿੱਤਾ ਹੈ ਜਿਨ੍ਹਾਂ ਵਿਚ ਸ਼੍ਰੋਮਣੀ ਬਿਦੇਸ਼ੀ ਸਾਹਿਤਕਾਰ ਪੁਰਸਕਾਰ, ਸੈਂਟਰਲ ਐਸੋਸੀਏਸ਼ਨ ਆਫ਼ ਪੰਜਾਬੀ ਰਾਈਟਰਜ਼ ਆਫ਼ ਅਮੈਰੀਕਾ, ਵਰਲਡ ਸਿੱਖ ਸਾਹਿਤ (ਇੰਗਲੈਂਡ) ਅਤੇ ਐਬਟਸਫੋਰਡ ਦੇ ਸਿਟੀ ਹਾਲ ਵਿਚ ਸਰਕਾਰੀ ਪੱਧਰ ‘ਤੇ ਸਨਮਾਨਿਤ ਕੀਤਾ। ਗੁਰਦੇਵ ਸਿੰਘ ਮਾਨ ਦਾ ਦੇਹਾਂਤ 14 ਜੂਨ 2004 ਨੂੰ ਵੈਨਕੂਵਰ ਵਿੱਚ ਹੋ ਗਿਆ।