ਜਸਵੰਤ ਦੀਦ ਪੰਜਾਬੀ ਸਾਹਿਤ ਦੇ ਮਸ਼ਹੂਰ ਕਵੀ ਅਤੇ ਵਾਰਤਕ ਲੇਖਕ ਹਨ। ਉਹਨਾਂ ਦਾ ਜਨਮ 11 ਮਾਰਚ, 1954 ਈ. ਨੂੰ ਕਸਬਾ ਸ਼ਾਹਕੋਟ, ਜਿਲ੍ਹਾ ਜਲੰਧਰ ਵਿਖੇ ਸਰਦਾਰ ਪਿਆਰਾ ਸਿੰਘ ਦੇ ਘਰ ਹੋਇਆ। ਜਸਵੰਤ ਦੀਦ ਨੇ ਆਪਣੀ ਮੁੱਢਲੀ ਸਿੱਖਿਆ ਸ਼ਾਹਕੋਟ ਤੋਂ ਪ੍ਰਾਪਤ ਕੀਤੀ ਅਤੇ ਨਕੋਦਰ ਤੋਂ ਬੀ.ਏ. ਦੀ ਡਿਗਰੀ ਪ੍ਰਾਪਤ ਕੀਤੀ। ਉਚੇਰੀ ਪੜ੍ਹਾਈ ਦੇ ਲਈ ਉਹਨਾਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲ ਰੁੱਖ ਕੀਤਾ ਜਿੱਥੋਂ ਉਹਨਾਂ ਨੇ ਪੰਜਾਬੀ ਸਾਹਿਤ ਵਿਸ਼ੇ ਵਿਚ ਐੱਮ.ਏ. ਅਤੇ ਐਮ. ਫਿਲ ਦੀ ਡਿਗਰੀ ਪ੍ਰਾਪਤ ਕੀਤੇ। ਇਸ ਤੋਂ ਬਾਅਦ ਉਹਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੀਐਚ.ਡੀ ਦੀ ਡਿਗਰੀ ਪੂਰੀ ਕੀਤੀ। ਉਹਨਾਂ ਨੇ ਆਪਣੀ ਜੀਵਨ ਦੀ ਸ਼ੁਰੂਆਤ ਰੇਡੀਓ ਤੋਂ ਕੀਤੀ ਅਤੇ ਫਿਰ ਉਹ ਡਾਈਰੈਕਟਰ, ਦੂਰਦਰਸ਼ਨ ਕੇਂਦਰ ਤੋਂ ਸੇਵਾ ਮੁਕਤ ਹੁੰਦੇ ਹਨ ਅਤੇ ਅੱਜ ਕੱਲ ਉਹ ਸਾਹਿਤ ਸਿਰਜਣਾ ਅਤੇ ਫ਼ਿਲਮਕਾਰੀ ਵਿਚ ਮਸ਼ਰੂਫ਼ ਹਨ।
ਜਸਵੰਤ ਦੀਦ ਨੇ ਛੇ ਦੇ ਕਰੀਬ ਕਾਵਿ-ਸੰਗ੍ਰਹਿ ਲਿਖੇ ਹਨ ਜਿਹਨਾਂ ਦੀ ਸ਼ੁਰੂਆਤ ਉਹਨਾਂ ਨੇ ਬੱਚੇ ਤੋਂ ਡਰਦੀ ਕਵਿਤਾ ਤੋਂ ਕੀਤੀ ਅਤੇ ਉਸ ਤੋਂ ਬਾਅਦ ਅਚਨਚੇਤ, ਆਵਾਜ਼ ਆਏਗੀ ਅਜੇ, ਘੁੰਡੀ, ਕਰਮੰਡਲ ਅਤੇ ਆਵਾਗਵਣੂ ਹਨ। ਇਸ ਤੋਂ ਇਲਾਵਾ ਉਹਨਾਂ ਨੇ ਵਾਰਤਕ ਦੀ ਪੁਸਤਕ ਧਰਤੀ ਤੋਂ ਪਰ੍ਹੇ ਲਿਖੀ ਹੈ। ਕਹਾਣੀ ਸੰਗ੍ਰਹਿ ਇਕ ਲੱਪ ਯਾਦਾਂ ਦੀ, ਅਨੁਵਾਦ ਦੇ ਖੇਤਰ ਵਿਚ ਜੰਗਲ ਦੀ ਕਹਾਣੀ ਅਤੇ ਦੇਸ਼ ਵੰਡ ਦੀਆਂ ਕਹਾਣੀਆਂ ਨੂੰ ਸੰਪਾਦਨ ਦਾ ਕਾਰਜ ਕੀਤਾ ਹੈ। ਜਸਵੰਦ ਦੀਦ ਨੂੰ ਕਮੰਡਲ ਦੇ ਲਈ ਸਾਹਿਤ ਅਕਾਡਮੀ ਪੁਰਸਕਾਰ ਪ੍ਰਾਪਤ ਹੋਇਆ ਹੈ।
ਜਸਵੰਤ ਦੀਦ ਦੀ ਸ਼ਾਇਰੀ ਅਸਲ ਵਿਚ ਸਵੈ-ਹੋਂਦ ਦੀ ਪ੍ਰਮਾਣਿਕ ਸੋਝੀ ਦੀ ਤਲਾਸ਼ ਅਤੇ ਦੰਭਪੂਰਣ ਹੋਂਦ ‘ਤੇ ਵਿਅੰਗ ਦੀ ਸ਼ਾਇਰੀ ਹੈ। ਉਹਨਾਂ ਦੀ ਕਾਵਿ-ਵਿਧੀ ਵਿਚ ਤਿੱਖਾ ਝਟਕਾ, ਅਣਕਿਆਸਿਆ ਮੋੜ ਅਤੇ ਸਮੁੱਚੇ ਉਸਰ ਰਹੇ ਕਾਵਿਕ ਪੈਟਰਨ ਨੂੰ ਮੂਲੋਂ ਨਵੀਂ ਨੁਹਾਰ ਦੇਣ ਦੀ ਸ਼ਾਇਰੀ ਨੂੰ ਪੇਸ਼ ਕਰਦਾ ਹੈ। ਦਰਅਸਲ ਜਸਵੰਤ ਦੀਦੀ ਦੀ ਕਵਿਤਾ ਮਾਨਵ ਦੇ ਚਰਿੱਤਰ ਨੂੰ ਪੇਸ਼ ਨਹੀਂ ਕਰਦੀ ਬਲਕਿ ਚਰਿੱਤਰ ਦੇ ਮਾਨਵੀ, ਅਮਾਨਵੀ, ਚੰਗ ਮਾੜੇ, ਨਾਇਕ, ਪ੍ਰਤੀ ਨਾਇਕ, ਸਾਰਥਕ ਅਤੇ ਨਾਹਵਾਚੀ ਰੂਪ ਨੂੰ ਬਾਹਰ ਕੱਢ ਕੇ ਲਿਆਉਂਦੀ ਹੈ। ਪੰਜਾਬੀ ਆਲੋਚਕ ਗੁਰਬਚਨ ਦੇ ਅਨੁਸਾਰ ਜਸਵੰਤ ਦੀਦ, ਉਹ ਅੱਜ ਦੇ ਮਨੁੱਖ ਦੀਆਂ ਵਿਸੰਗਤੀਆਂ ਤੇ ਜਿਹਨੀ ਕਸ਼ਮਕਸ਼ ਦਾ ਕਵੀ ਹੈ। ਇਹ ਮਨੁੱਖ ਅੰਦਰ ਰਿੱਝ ਰਹੀ ਬੇਚੈਨੀ, ਭਟਕਨ ਤੇ ਤਲਾਸ਼ ਦਾ ਕਵੀ ਹੈ।