ਡਾ. ਜਸਵੰਤ ਸਿੰਘ ਨੇਕੀ ਇੱਕ ਪ੍ਰਮੁੱਖ ਪੰਜਾਬੀ ਕਵੀ, ਸਿੱਖ ਚਿੰਤਕ ਅਤੇ ਮਨੋਚਿਕਿਤਸਕ ਸਨ। ਉਨ੍ਹਾਂ ਦਾ ਜਨਮ 27 ਅਗਸਤ 1925 ਈ. ਨੂੰ ਮਾਤਾ ਸੀਤਾਵੰਤੀ ਅਤੇ ਹਰੀ ਗੁਲਾਬ ਸਿੰਘ ਦੇ ਘਰ ਪਿੰਡ ਮੁਰੀਦ ਜ਼ਿਲ੍ਹਾ ਜਿਹਲਮ ਵਿਚ ਹੋਇਆ। ਪਰਿਵਾਰ ਦਾ ਮਾਹੌਲ ਧਾਰਮਿਕ ਬਿਰਤੀ ਵਾਲਾ ਹੋਣ ਕਰਕੇ ਉਹਨਾਂ ਦੀ ਜੀਵਨ ਸ਼ੈਲੀ ਅਤੇ ਦ੍ਰਿਸ਼ਟੀਕੋਣ ਵੀ ਧਾਰਮਿਕ ਹੀ ਰਿਹਾ। ਉਹ ਆਪਣੀ ਨਵ-ਅਧਿਆਤਮਵਾਦੀ ਪੰਜਾਬੀ ਕਵਿਤਾ ਅਤੇ ਸਿੱਖੀ ਦੇ ਵਿਦਵਤਾਪੂਰਨ ਯੋਗਦਾਨ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਮੈਡੀਕਲ ਸਾਇੰਸ, ਸਾਹਿਤ ਅਤੇ ਸਿੱਖ ਧਰਮ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਉਹ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGI), ਚੰਡੀਗੜ੍ਹ ਦੇ ਨਿਰਦੇਸ਼ਕ ਅਤੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (AIIMS), ਦਿੱਲੀ ਦੇ ਮਨੋਚਿਕਿਤਸਾ ਵਿਭਾਗ ਦੇ ਮੁਖੀ ਰਹੇ।
ਡਾ. ਨੇਕੀ ਨੇ ਪੰਜਾਬੀ ਸਾਹਿਤ ਵਿੱਚ ਦਸ ਤੋਂ ਵੱਧ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਕੀਤੇ, ਜਿਨ੍ਹਾਂ ਵਿੱਚੋਂ ਉਨ੍ਹਾਂ ਦੀ ਸਵੈ-ਜੀਵਨੀਮੂਲਕ ਕਵਿਤਾ ਸਿਮਰਿਤੀ ਦੀ ਕਿਰਨ ਤੋਂ ਪਹਿਲਾਂ (1975) ਅਤੇ ਕੋਈ ਨਾਓਂ ਨਾ ਜਾਣੇ ਮੇਰਾ (2000) ਨੂੰ ਭਾਰਤੀ ਸਾਹਿਤ ਦੀਆਂ ਮਹਾਨ ਰਚਨਾਵਾਂ ਵਜੋਂ ਮਾਨਤਾ ਮਿਲੀ। ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਵਿਚ ਸ਼ਾਮਲ ਹਨ: ਅਸਲੇ ਤੇ ਉਹਲੇ , ਕਰੁਣਾ ਦੀ ਛੋਹ ਤੋਂ ਮਗਰੋਂ (1978, ਸਾਹਿਤ ਅਕਾਦਮੀ ਅਵਾਰਡ), ਅਰਦਾਸ: ਦਰਸ਼ਨ, ਰੂਪ ਤੇ ਅਭਿਆਸ (1989, ਸਿੱਖ ਅਰਦਾਸ ਦਾ ਵਿਸ਼ਲੇਸ਼ਣ), ਵਿਸ਼ਵ ਅਰਦਾਸ (1997, ਵਿਭਿੰਨ ਧਰਮਾਂ ਦੀਆਂ 300 ਤੋਂ ਵੱਧ ਪ੍ਰਾਰਥਨਾਵਾਂ ਦਾ ਪੰਜਾਬੀ ਵਿੱਚ ਅਨੁਵਾਦ), ਪੰਜਾਬ ਦੀ ਆਧਿਆਤਮਿਕ ਵਿਰਾਸਤ (2000), ਪਿਲਗ੍ਰਿਮੇਜ ਟੂ ਹੇਮਕੁੰਟ (2002) ਆਦਿ ਹਨ।
ਡਾ. ਨੇਕੀ ਨੇ ਸਿੱਖ ਧਰਮ ਦੇ ਖੇਤਰ ਵਿੱਚ ਵੀ ਮਹੱਤਵਪੂਰਨ ਯੋਗਦਾਨ ਦਿੱਤਾ। ਉਨ੍ਹਾਂ ਦੀਆਂ ਪੁਸਤਕਾਂ ਜਿਵੇਂ ਅਰਦਾਸ: ਦਰਸ਼ਨ, ਰੂਪ ਤੇ ਅਭਿਆਸ ਅਤੇ ਵਿਸ਼ਵ ਅਰਦਾਸ ਨੂੰ ਸਿੱਖ ਸਾਹਿਤ ਵਿੱਚ ਮੀਲ ਪੱਥਰ ਮੰਨਿਆ ਜਾਂਦਾ ਹੈ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਰਹੇ ਅਤੇ ਅੰਤਰਰਾਸ਼ਟਰੀ ਮੰਚਾਂ 'ਤੇ ਸਿੱਖੀ ਦੀ ਨੁਮਾਇੰਦਗੀ ਕੀਤੀ, ਜਿਵੇਂ ਕਿ ਪਾਰਲੀਮੈਂਟ ਆਫ ਵਰਲਡ ਰਿਲੀਜਨਜ਼ (1993) ਅਤੇ ਯੂਨੈਸਕੋ ਕਾਨਫਰੰਸ (1998)।
ਡਾ. ਜਸਵੰਤ ਸਿੰਘ ਨੇਕੀ ਨੇ ਜਿੱਥੇ ਡਾਕਟਰੀ ਖੇਤਰ ਵਿਚ ਇਨਾਮ ਅਤੇ ਸਨਮਾਨ ਪ੍ਰਾਪਤ ਕੀਤਾ ਉਥੇ ਹੀ ਉਹਨਾਂ ਨੇ ਸਾਹਿਤਕ ਖੇਤਰ ਵਿਚ ਬਹੁਤ ਸਾਰੇ ਇਨਾਮ ਅਤੇ ਸਨਮਾਨ ਹਾਸਲ ਕੀਤੇ ਜਿਵੇਂ, ਸਾਹਿਤ ਅਕਾਦਮੀ ਅਵਾਰਡ, ਸ਼੍ਰੋਮਣੀ ਸਾਹਿਤਕਾਰ ਅਵਾਰਡ (1986, ਪੰਜਾਬ ਸਰਕਾਰ), ਸਰਵੋਤਮ ਸਾਹਿਤਕਾਰ ਅਵਾਰਡ (2009, ਪੰਜਾਬੀ ਅਕਾਦਮੀ, ਦਿੱਲੀ), ਭਾਈ ਵੀਰ ਸਿੰਘ ਅਵਾਰਡ, ਕੇ.ਐਸ. ਧਾਲੀਵਾਲ ਅਵਾਰਡ, ਅਤੇ ਪੂਰਨ ਸਿੰਘ ਮੈਮੋਰੀਅਲ ਅਵਾਰਡ, ਆਰਡਰ ਆਫ ਦ ਖ਼ਾਲਸਾ (2000, ਖ਼ਾਲਸਾ ਦੀ 300ਵੀਂ ਵਰ੍ਹੇਗੰਢ 'ਤੇ) ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਨਰੇਰੀ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ।
ਡਾ. ਜਸਵੰਤ ਸਿੰਘ ਨੇਕੀ ਦੀਆਂ ਰਚਨਾਵਾਂ ਅਤੇ ਵਿਚਾਰਧਾਰਾ ਨੇ ਪੰਜਾਬੀ ਸਾਹਿਤ, ਸਿੱਖ ਵਿਦਵਤਾ ਅਤੇ ਮਨੋਵਿਗਿਆਨ ਦੇ ਖੇਤਰ ਵਿੱਚ ਅਮਿੱਟ ਛਾਪ ਛੱਡੀ। ਉਨ੍ਹਾਂ ਦੀ ਕਵਿਤਾ ਅਤੇ ਗੱਦ ਨੇ ਅਧਿਆਤਮਿਕ ਅਤੇ ਮਨੋਵਿਗਿਆਨਕ ਗਹਿਰਾਈ ਨੂੰ ਪੰਜਾਬੀ ਸਾਹਿਤ ਵਿੱਚ ਨਵੀਂ ਦਿਸ਼ਾ ਪ੍ਰਦਾਨ ਕੀਤੀ। ਉਨ੍ਹਾਂ ਦੀਆਂ ਪੁਸਤਕਾਂ ਅਤੇ ਵਿਚਾਰ ਅੱਜ ਵੀ ਵਿਦਵਾਨਾਂ ਅਤੇ ਪਾਠਕਾਂ ਨੂੰ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਦਾ ਦੇਹਾਂਤ 11 ਸਤੰਬਰ 2015 ਈ. ਨੂੰ ਦਿੱਲੀ ਦੇ ਵਿਚ ਹੁੰਦਾ ਹੈ।