ਕਰਨੈਲ ਸਿੰਘ ਪਾਰਸ (ਉਰਫ਼ ਕਰਨੈਲ ਸਿੰਘ ਪਾਰਸ ਰਾਮੂਵਾਲੀਆ) ਇੱਕ ਮਸ਼ਹੂਰ ਪੰਜਾਬੀ ਕਵੀਸ਼ਰ ਅਤੇ ਲੋਕ-ਕਵੀ ਸਨ, ਜਿਨ੍ਹਾਂ ਨੇ ਪੰਜਾਬੀ ਸਾਹਿਤ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਉਹ ਬਾਪੂ ਕਰਨੈਲ ਸਿੰਘ ਵਜੋਂ ਵੀ ਜਾਣੇ ਜਾਂਦੇ ਸਨ ਅਤੇ ਪੰਜਾਬੀ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਦੇ ਉਸਤਾਦ ਤੇ ਦਾਦਾ-ਸਹੁਰੇ ਵੀ ਰਹੇ ਹਨ।
ਉਨ੍ਹਾਂ ਦਾ ਜਨਮ 28 ਜੂਨ 1916 ਨੂੰ ਬਰਤਾਨਵੀ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ (ਹੁਣ ਬਠਿੰਡਾ ਜ਼ਿਲ੍ਹਾ) ਵਿੱਚ ਪਿੰਡ ਮਹਿਰਾਜ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਸਰਦਾਰ ਤਾਰਾ ਸਿੰਘ ਅਤੇ ਮਾਤਾ ਰਾਮ ਕੌਰ ਸਨ। ਬਚਪਨ ਵਿੱਚ ਹੀ ਪਿਤਾ ਦੀ ਮੌਤ ਹੋ ਜਾਣ ਕਾਰਨ ਉਨ੍ਹਾਂ ਨੂੰ ਗੁਰਬਾਣੀ ਦੀ ਸਿੱਖਿਆ ਲਈ ਪਿੰਡ ਦੇ ਡੇਰੇ ਵਿੱਚ ਭੇਜਿਆ ਗਿਆ, ਜਿੱਥੇ ਉਸਤਾਦ ਨੇ ਉਨ੍ਹਾਂ ਦੀ ਕਾਬਲੀਅਤ ਵੇਖ ਕੇ "ਪਾਰਸ" ਦਾ ਨਾਂ ਦਿੱਤਾ, ਜੋ ਉਨ੍ਹਾਂ ਦੇ ਨਾਂ ਨਾਲ ਜੁੜ ਗਿਆ।
ਸੰਨ 1938 ਵਿੱਚ ਉਨ੍ਹਾਂ ਦਾ ਵਿਆਹ ਦਲਜੀਤ ਕੌਰ ਨਾਲ ਹੋਇਆ ਅਤੇ ਉਨ੍ਹਾਂ ਦੇ ਘਰ ਚਾਰ ਪੁੱਤਰ ਅਤੇ ਦੋ ਧੀਆਂ ਨੇ ਜਨਮ ਲਿਆ। ਉਨ੍ਹਾਂ ਦੇ ਪੁੱਤਰਾਂ ਵਿੱਚੋਂ ਇੱਕ ਬਲਵੰਤ ਸਿੰਘ ਰਾਮੂਵਾਲੀਆ ਪੰਜਾਬੀ ਰਾਜਨੀਤੀ ਵਿੱਚ ਸਰਗਰਮ ਰਹੇ ਹਨ ਅਤੇ ਲੋਕ ਸਭਾ ਮੈਂਬਰ ਵੀ ਰਹੇ।
ਕਰਨੈਲ ਸਿੰਘ ਪਾਰਸ ਨੇ ਪੰਜਾਬੀ ਲੋਕ-ਗਾਥਾਵਾਂ ਨੂੰ ਛੰਦਾਂ ਵਿੱਚ ਬੰਨ੍ਹਿਆ, ਧਾਰਮਿਕ ਪ੍ਰਸੰਗਾਂ ਨੂੰ ਕਾਫ਼ੀਏ-ਰਦੀਫ਼ਾਂ ਵਿੱਚ ਲਪੇਟਿਆ ਅਤੇ ਦੇਸ਼-ਭਗਤ ਸ਼ਹੀਦਾਂ ਦੀਆਂ ਜੀਵਨੀਆਂ ਨੂੰ ਕਵੀਸ਼ਰੀ ਸ਼ੈਲੀ ਵਿੱਚ ਕਲਮਬੱਧ ਕੀਤਾ। ਉਨ੍ਹਾਂ ਦੀਆਂ ਮਸ਼ਹੂਰ ਰਚਨਾਵਾਂ ਵਿੱਚ "ਕਿੱਸਾ ਬਾਗ਼ੀ ਸੁਭਾਸ਼" ਅਤੇ ਕਵਿਤਾ "ਦਿੱਲੀ ਚੱਲੋ" ਸ਼ਾਮਲ ਹਨ, ਜੋ ਸੰਘਰਸ਼ ਅਤੇ ਦੇਸ਼-ਭਗਤੀ ਦੀ ਪ੍ਰੇਰਣਾ ਦਿੰਦੀਆਂ ਹਨ। ਉਨ੍ਹਾਂ ਦੀ ਕਲਾ ਦੇ ਪ੍ਰਸਾਰ ਵਿੱਚ ਰਿਕਾਰਡਿੰਗ ਦਾ ਅਹਿਮ ਯੋਗਦਾਨ ਰਿਹਾ। “ਹਿਸ ਮਾਸਟਰਜ਼ ਵੋਇਸ” ਕੰਪਨੀ ਨੇ ਉਨ੍ਹਾਂ ਦੇ ਪਹਿਲੇ ਚਾਰ ਰਿਕਾਰਡ ਜਾਰੀ ਕੀਤੇ, ਜਿਨ੍ਹਾਂ ਵਿੱਚ “ਕਿਉਂ ਫੜੀ ਸਿਪਾਹੀਆਂ ਨੇ”, “ਭੈਣੋ ਇਹ ਹੰਸਾਂ ਦੀ ਜੋੜੀ”, “ਹੈ ਆਉਣ-ਜਾਣ ਬਣਿਆ” ਅਤੇ “ਦੁਨੀਆਂ ਚਾਹੁੰ ਕੁ ਦਿਨਾਂ ਦਾ ਮੇਲਾ” ਵਰਗੀਆਂ ਕਵਿਤਾਵਾਂ ਸ਼ਾਮਲ ਸਨ। ਉਨ੍ਹਾਂ ਦੀ ਰਚਨਾ "ਪਹਿਲ ਪੰਜ ਬੰਦ" ਨੂੰ ਵੱਖ-ਵੱਖ ਯੂਨੀਵਰਸਿਟੀਆਂ ਦੇ ਪੰਜਾਬੀ ਸਿਲੇਬਸ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੂੰ ਪੰਜਾਬ ਭਾਸ਼ਾ ਵਿਭਾਗ ਵੱਲੋਂ 1980-81 ਵਿੱਚ “ਸ਼੍ਰੋਮਣੀ ਕਵੀਸ਼ਰ” ਸਨਮਾਨ ਨਾਲ ਨਿਵਾਜਿਆ ਗਿਆ, ਜੋ ਉਨ੍ਹਾਂ ਦੀ ਕਲਾ ਦੀ ਮਾਨਤਾ ਦਾ ਸਰਕਾਰੀ ਪ੍ਰਤੀਕ ਸੀ।
ਪਾਰਸ ਦੀ ਵਿਰਾਸਤ ਨੂੰ ਸਿਰਫ਼ ਮੰਚੀ ਪ੍ਰਸਤੁਤੀਆਂ ਹੀ ਨਹੀਂ, ਸਗੋਂ ਗਾਇਕੀ ਦੇ ਖੇਤਰ ਵਿੱਚ ਵੀ ਆਗੇ ਵਧਾਇਆ ਗਿਆ। ਗੁਰਸੇਵਕ ਮਾਨ ਅਤੇ ਹਰਭਜਨ ਮਾਨ ਵਰਗੇ ਗਾਇਕ ਉਨ੍ਹਾਂ ਦੇ ਚੇਲੇ ਰਹੇ ਹਨ। ਹਰਭਜਨ ਮਾਨ ਦੇ ਪਹਿਲੀ ਐਲਬਮ “ਇਸ਼ਕ ਦੇ ਮਾਮਲੇ” ਵਿੱਚ ਸੱਤ ਗੀਤ ਕਰਨੈਲ ਸਿੰਘ ਪਾਰਸ ਦੁਆਰਾ ਲਿਖੇ ਗਏ, ਜੋ ਇਹ ਦਰਸਾਉਂਦਾ ਹੈ ਕਿ ਉਨ੍ਹਾਂ ਦੀ ਰਚਨਾਤਮਕਤਾ ਨੇ ਕਿਵੇਂ ਨਵੀਂ ਪੀੜ੍ਹੀ ਦੀ ਗਾਇਕੀ ਨੂੰ ਦਿਸ਼ਾ ਪ੍ਰਦਾਨ ਕੀਤੀ।
ਆਪਣੇ ਜੀਵਨ ਦੌਰਾਨ ਪਾਰਸ ਨੇ ਸਮਾਜਿਕ ਪੱਧਰ ‘ਤੇ ਵੀ ਕਈ ਯੋਗਦਾਨ ਕੀਤੇ। ਆਪਣੇ ਪਿੰਡ ਰਾਮੂਵਾਲਿਆ ਵਿੱਚ ਉਨ੍ਹਾਂ ਨੇ ਲਾਇਬ੍ਰੇਰੀ ਅਤੇ ਮੁਸਾਫ਼ਿਰਖਾਨਾ ਬਣਵਾਇਆ ਅਤੇ ਸਕੂਲ ਦੇ ਵਿਕਾਸ ਲਈ ਯੋਗਦਾਨ ਦਿੱਤਾ। ਉਨ੍ਹਾਂ ਦੇ ਯੋਗਦਾਨ ਦੀ ਯਾਦ ਵਿੱਚ ਪਿੰਡ ਦੇ ਸਰਕਾਰੀ ਸਕੂਲ ਨੂੰ “ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ” ਨਾਮ ਦਿੱਤਾ ਗਿਆ।
28 ਫਰਵਰੀ 2009 ਨੂੰ ਕਰਨੈਲ ਸਿੰਘ ਪਾਰਸ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਜ਼ਿੰਦਗੀ ਅਤੇ ਰਚਨਾਤਮਕ ਯਾਤਰਾ ਨੇ ਕਵੀਸ਼ਰੀ ਨੂੰ ਸਿਰਫ਼ ਇੱਕ ਲੋਕਧਾਰੀ ਕਲਾ-ਰੂਪ ਨਹੀਂ, ਸਗੋਂ ਇੱਕ ਸਾਹਿਤਕ ਤੇ ਅਧਿਐਨਕ ਵਿਸ਼ਾ ਵਜੋਂ ਵੀ ਸਥਾਪਿਤ ਕੀਤਾ। ਉਹ ਅੱਜ ਵੀ ਪੰਜਾਬੀ ਲੋਕ-ਸੱਭਿਆਚਾਰ ਦੀ ਜੀਵੰਤ ਧਰੋਹਰ ਵਜੋਂ ਯਾਦ ਕੀਤੇ ਜਾਂਦੇ ਹਨ।