ਡਾ. ਮੋਹਨ ਸਿੰਘ ਦੀਵਾਨਾ ਪੰਜਾਬੀ ਸਾਹਿਤ ਦੇ ਪ੍ਰਸਿੱਧ ਇਤਿਹਾਸਕਾਰ, ਆਲੋਚਕ, ਕਵੀ ਅਤੇ ਸਿੱਖ ਚਿੰਤਕ ਸਨ। ਉਹਨਾਂ ਦਾ ਜਨਮ 17 ਮਾਰਚ 1899 ਈ. ਨੂੰ ਰਾਵਲਪਿੰਡੀ ਜ਼ਿਲ੍ਹੇ ਦੀ ਤਹਿਸੀਲ ਗੁਜਰਖ਼ਾਨ ਤਹਿਸੀਲ ਦੇ ਦੇਵੀ ਪਿੰਡ ਵਿਚ ਹੋਇਆ ਸੀ। ਉਹਨਾਂ ਦੇ ਪਿਤਾ ਦਾ ਨਾਮ ਮੁਨਸ਼ੀ ਸ਼ੇਰ ਸਿੰਘ ਉਬਰਾਏ ਅਤੇ ਮਾਤਾ ਮਾਈ ਮੂਲਾ ਦੇਵੀ ਦੇ ਘਰ ਹੋਇਆ। ਮੋਹਨ ਸਿੰਘ ਦੀਵਾਨਾ ਦਾ ਜੱਦੀ ਪਿੰਡ ਸੱਯਦ ਸੀ ਪਰ ਉਹਨਾਂ ਦੇ ਪਿਤਾ ਦੀ ਨੌਕਰੀ ਦੇਵੀ ਪਿੰਡ ਵਿਚ ਹੋਣ ਕਰਕੇ ਉਹ ਪਰਿਵਾਰ ਸਮੇਤ ਉਥੇ ਹੀ ਰਹਿੰਦੇ ਸਨ, ਇਸ ਲਈ ਇਹ ਦੇਵੀ ਪਿੰਡ ਦਾ ਹੀ ਮੰਨਿਆ ਜਾਂਦਾ ਹੈ। ਛੇ ਮਹੀਨਿਆਂ ਦੀ ਉਮਰ ਵਿਚ ਹੀ ਮੋਹਨ ਸਿੰਘ ਦੀਵਾਨਾ ਦੀ ਮਾਤਾ ਦਾ ਦੇਹਾਂਤ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਹਨਾ ਦਾ ਪਾਲਣ ਪੋਸ਼ਣ ਪਿਤਾ ਦੁਆਰਾ ਹੀ ਕੀਤਾ ਜਾਂਦਾ ਹੈ।
ਡਾ. ਮੋਹਨ ਸਿੰਘ ਦੀਵਾਨਾ ਨੇ ਆਪਣੀ ਪ੍ਰਾਇਮਰੀ ਦੀ ਪੜ੍ਹਾਈ ਆਪਣੇ ਪਿੰਡ ਦੇਵੀ ਤੋਂ ਕੀਤੀ ਅਤੇ ਉਸਤੋਂ ਬਾਅਦ ਦਸਵੀ ਦੀ ਪੜ੍ਹਾਈ ਖ਼ਾਲਸਾ ਮਿਡਲ ਸਕੂਲ ਸੱਯਦ ਤੋ ਕੀਤੀ। ਉਹਨਾਂ ਨੇ ਐਫ਼.ਐਸ.ਸੀ ਦਿਆਲ ਸਿੰਘ ਕਾਲਜ, ਲਾਹੌਰ ਤੋਂ ਅਤੇ ਬੀ.ਏ. ਅੰਗਰੇਜ਼ੀ ਆਨਰਜ਼ ਗੌਰਮਿੰਟ ਕਾਲਜ ਲਾਹੌਰ ਤੋਂ ਪੂਰੀ ਕੀਤੀ। ਆਪਣੀ ਪੜ੍ਹਾਈ ਦੇ ਨਾਲ ਉਹਨਾਂ ਨੇ ਬਹੁਤ ਸਾਰੇ ਅਹੁਦਿਆਂ ਤੇ ਕੰਮ ਵੀ ਕੀਤਾ । ਸੰਨ 1931 ਈ. ਵਿਚ ਮੋਹਨ ਸਿੰਘ ਦੀਵਾਨਾ ਨੇ ਕਲਕੱਤਾ ਯੂਨੀਵਰਸਿਟੀ ਤੋਂ ਉਰਦੂ ਕਵਿਤਾ ਸੰਬੰਧੀ ਪੀ.ਐਚ.ਡੀ. ਦੀ ਉਪਾਧੀ ਪ੍ਰਾਪਤ ਕੀਤੀ ਅਤੇ ਸੰਨ 1933 ਈ. ਵਿਚ ਪੰਜਾਬ ਯੂਨੀਵਰਸਿਟੀ ਤੋਂ ਪੰਜਾਬੀ ਸਾਹਿਤ ਦਾ ਇਤਿਹਾਸ ਲਿਖ ਕੇ ਡੀ.ਲਿਟ ਦੀ ਡਿਗਰੀ ਹਾਸਲ ਕੀਤੀ। ਉਹਨਾਂ ਨੇ ਪੰਜਾਬ ਯੂਨੀਵਰਸਿਟੀ, ਲਾਹੌਰ ਦੇ ਪੰਜਾਬੀ ਵਿਭਾਗ ਵਿਚ ਕਾਰਜ ਕੀਤਾ ਅਤੇ ਇਥੇ ਹੀ ਉਹ ਲੈਕਚਰਰ ਤੋਂ ਲੈ ਕੇ ਰੀਡਰ ਅਤੇ ਵਿਭਾਗ ਮੁਖੀ ਦੇ ਪਦ ਤਕ ਪਹੁੰਚੇ। ਮੋਹਨ ਸਿੰਘ ਦੀਵਾਨਾ ਦੀ ਸਭ ਤੋਂ ਵੱਡੀ ਵਿਦਵਾਨੀ ਵਿਸ਼ੇਸ਼ਤਾ ਉਹਨਾਂ ਦੀ ਭਾਸ਼ਾਈ ਬਹੁਗਿਆਤਾ ਸੀ। ਉਹ ਸੰਸਕ੍ਰਿਤੀ, ਪ੍ਰਾਕ੍ਰਿਤ, ਪਾਲੀ, ਫਾਰਸੀ, ਅਰਬੀ, ਉਰਦੂ, ਹਿੰਦੀ, ਬੰਗਾਲੀ, ਗੁਜਰਾਤੀ, ਮਰਾਠੀ, ਜਰਮਨ, ਫਰੈਂਚ ਅਤੇ ਪੰਜਾਬੀ ਭਾਸ਼ਾ ਜਾਣਦੇ ਸਨ।
ਡਾ. ਮੋਹਨ ਸਿੰਘ ਦੀਵਾਨਾ ਦੀ ਸਭ ਤੋਂ ਮਹੱਤਸਵਪੂਰਨ ਅਤੇ ਇਤਿਹਾਸਕ ਰਚਨਾ “History of Punjabi Literature (1100–1932)” ਹੈ, ਜੋ ਪੰਜਾਬੀ ਸਾਹਿਤ ਦਾ ਪਹਿਲਾ ਸੁਚੱਜਾ, ਵਿਗਿਆਨਕ ਅਤੇ ਤੱਥਾਂ ਅਧਾਰਿਤ ਸਾਹਿਤ ਦਾ ਇਤਿਹਾਸ ਮੰਨਿਆ ਜਾਂਦਾ ਹੈ। ਇਸ ਪੁਸਤਕ ਰਾਹੀਂ ਉਹਨਾਂ ਨੇ ਪੰਜਾਬੀ ਸਾਹਿਤ ਨੂੰ ਵੱਖ-ਵੱਖ ਯੁੱਗਾਂ ਵਿਚ ਵੰਡ ਕੇ ਉਸ ਦੇ ਵਿਕਾਸ ਨੂੰ ਤਰਤੀਬਵਾਰ ਪੇਸ਼ ਕੀਤਾ। ਖੋਜਕਾਰ ਹੋਣ ਦੇ ਨਾਲ-ਨਾਲ ਮੋਹਨ ਸਿੰਘ ਦੀਵਾਨਾ ਇਕ ਸੰਵੇਦਨਸ਼ੀਲ ਕਵੀ ਵੀ ਸਨ। ਉਹਨਾਂ ਦੀ ਕਵਿਤਾ ਵਿਚ ਰੋਮਾਂਸ, ਦਰਦ, ਦਰਸ਼ਨ ਅਤੇ ਮਨੁੱਖੀ ਜੀਵਨ ਦੀ ਅਸਥਿਰਤਾ ਦੇ ਗੰਭੀਰ ਅਹਿਸਾਸ ਮਿਲਦੇ ਹਨ। ਧੁੱਪ ਛਾਂ, ਨੀਲ ਧਾਰਾ, ਮਸਤੀ, ਜਗਤ ਤਮਾਸ਼ਾ, ਨਿਰੰਕਾਰੀ ਸਾਖੀਆਂ, ਪਤਝੜ, ਮਸਤੀ ਅਤੇ ਸੋਮਰਸ ਉਹਨਾਂ ਦੇ ਕਾਵਿ-ਸੰਗ੍ਰਹਿ ਸਨ। ਉਹਨਾਂ ਦੀ ਕਵਿਤਾ ਵਿਚ ਆਧੁਨਿਕ ਮਨੁੱਖ ਦੀ ਅੰਦਰੂਨੀ ਉਲਝਣ, ਵਿਛੋੜਾ ਅਤੇ ਆਤਮਿਕ ਤਲਾਸ਼ ਪ੍ਰਮੁੱਖ ਰੂਪ ਵਿਚ ਉਭਰਦੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਦਵਿੰਦਰ ਬਤੀਸੀ, ਪਰਾਂਦੀ ਅਤੇ ਰੰਗ ਤਮਾਸੇ ਨਾਂ ਦੇ ਕਹਾਣੀ ਸੰਗ੍ਰਹਿ ਵੀ ਲਿਖੇ ਹਨ। ਇਸ ਤੋਂ ਛੁੱਟ ਪੰਜਾਬੀ ਭਾਖਾ ਤੇ ਛੰਦਾ ਬੰਦੀ ਜਪੁ ਦੇ ਅਧਾਰ ‘ਤੇ ਭਾਸ਼ਾ ਵਿਗਿਆਨ ਤੇ ਗੁਰਮਤਿ ਗਿਆਨ, ਪੰਜਾਬੀ ਸਾਹਿਤ ਦਾ ਸੰਖੇਪ ਇਤਿਹਾਸ ਆਦਿ ਖੋਜ ਪੁਸਤਕਾਂ ਵੀ ਛਪੀਆਂ ਹਨ। ਉਹਨਾਂ ਦਾ ਅੰਗ੍ਰੇਜ਼ੀ, ਉਰਦੂ ਅਤੇ ਹਿੰਦੀ ਭਾਸ਼ਾ ਵਿਚ ਬਹੁਤ ਸਾਰਾ ਸਾਹਿਤ ਲਿਖਿਆ ਮਿਲਦਾ ਹੈ। ਸੰਨ 2013 ਈ. ਵਿਚ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਨੇ ਉਹਨਾਂ ਨੂੰ ਭਾਰਤੀ ਸਾਹਿਤ ਦੇ ਉਸਰਈਆਂ ਵਿਚ ਸ਼ਾਮਿਲ ਕੀਤਾ ਹੈ।
ਡਾ. ਮੋਹਨ ਸਿੰਘ ਦੀਵਾਨਾ ਦਾ 25 ਮਈ 1984 ਈ. ਨੂੰ ਚੰਡੀਗੜ੍ਹ ਵਿਚ ਦੇਹਾਂਤ ਹੋ ਜਾਂਦਾ ਹੈ।