ਮੁਨੀਰ ਨਿਆਜ਼ੀ
ਆਧੁਨਿਕ ਦੌਰ ਦੇ ਪ੍ਰਸਿੱਧ ਕਵੀਆਂ ਵਿੱਚੋਂ ਇੱਕ, ਜਿਨ੍ਹਾਂ ਨੇ ਉਰਦੂ ਅਤੇ ਪੰਜਾਬੀ ਵਿੱਚ ਸ਼ਾਇਰੀ ਕੀਤੀ। ਫ਼ਿਲਮਾਂ ਲਈ ਗੀਤ ਵੀ ਲਿਖੇ। ਮਸ਼ਹੂਰ ਲਿਖਤ "ਉਂਝ ਵੀ ਰਾਹਵਾਂ ਔਖੀਆਂ ਸਨ"।
ਮੁਨੀਰ ਨਿਆਜ਼ੀ ਉਰਦੂ ਅਤੇ ਪੰਜਾਬੀ ਦੇ ਪ੍ਰਸਿੱਧ ਕਵੀ ਹੋਏ ਹਨ। ਉਹਨਾਂ ਦੇ ਪ੍ਰਵੇਸ਼ ਨਾਲ ਪਾਕਿਸਤਾਨ ਵਿਚ ਪੰਜਾਬੀ ਕਵਿਤਾ ਦਾ ਨਵਾਂ ਯੁੱਗ ਸ਼ੁਰੂ ਹੁੰਦਾ ਹੈ। ਮੁਨੀਰ ਨਿਆਜ਼ੀ ਦਾ ਜਨਮ 19 ਅਪ੍ਰੈਲ 1928 ਈ. ਨੂੰ ਖਾਨਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਫਤੇਹ ਮੁਹੰਮਦ ਖ਼ਾਂ ਨਿਆਜ਼ੀ ਦੇ ਘਰ ਹੁੰਦਾ ਹੈ। ਮੁਨੀਰ ਨਿਆਜ਼ੀ ਦੇ ਬਚਪਨ ਦਾ ਨਾਮ ਮੁਨੀਰ ਅਹਿਮਦ ਖਾਂ ਰੱਖਿਆ ਗਿਆ ਸੀ, ਪਰ ਵੱਡੇ ਹੋ ਕੇ ਉਹਨਾਂ ਨੇ ਆਪਣੀ ਸਾਹਿਤਕ ਜਗਤ ਵਿਚ ਪਛਾਣ ਮੁਨੀਰ ਨਿਆਜ਼ੀ ਨਾਲ ਬਣਾਈ। ਦੇਸ਼ ਵੰਡ ਦੇ ਸਮੇਂ ਉਹ ਭਾਰਤੀ ਪੰਜਾਬ ਛੱਡ ਕੇ ਪਾਕਿਸਤਾਨ ਦੇ ਸਾਹੀਵਾਲ ਜ਼ਿਲ੍ਹੇ ਦੇ ਵਾਸੀ ਬਣ ਗਏ ਸਨ। ਮੁਨੀਰ ਨਿਆਜ਼ੀ ਸਭ ਤੋਂ ਪਹਿਲਾ ਉਰਦੂ ਦੇ ਵਿਚ ਕਵਿਤਾ ਲਿਖਣੀ ਸ਼ੁਰੂ ਕਰਦਾ ਹੈ ਅਤੇ ਆਪਣਾ ਚੰਗਾ ਨਾਮ ਕਮਾਉਂਦਾ ਹੈ। ਉਰਦੂ ਵਿਚ ਉਹਨਾਂ ਦੇ ਲਗਭਗ ਛੇ ਕਾਵਿ-ਸੰਗ੍ਰਹਿ ਛਪਦੇ ਹਨ । ਇਸ ਦੇ ਨਾਲ ਹੀ ਉਹ ਸਾਤ ਰੰਗ ਨਾਂ ਦਾ ਹਫ਼ਤਾਵਾਰੀ ਪਰਚਾ ਵੀ ਕੱਢਦਾ ਹੈ।
ਪੰਜਾਬੀ ਵਿਚ ਮੁਨੀਰ ਨਿਆਜ਼ੀ ਦੇ ਤਿੰਨ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੁੰਦੇ ਹਨ, ਜਿਨ੍ਹਾਂ ਦੇ ਨਾਮ, ਸਫ਼ਰ ਦੀ ਰਾਤ, ਚਾਰ ਚੁੱਪ ਚੀਜ਼ਾਂ ਅਤੇ ਰਸਤੇ ਦੱਸਣ ਵਾਲੇ ਤਾਰੇ। ਮੁਨੀਰ ਨਿਆਜ਼ੀ ਦੀ ਖ਼ੂਬੀ ਹੈ ਕਿ ਬਹੁਤ ਡੂੰਘੀਆਂ ਗੱਲਾਂ ਨੂੰ ਬਹੁਤ ਹੀ ਸਹਿਜ ਅਤੇ ਸੁੰਦਰ ਢੰਗ ਦੇ ਨਾਲ ਕਹਿ ਜਾਂਦਾ ਹੈ ਅਤੇ ਉਸ ਨੂੰ ਜੀਵਨ ਦੀਆਂ ਸਚਾਈਆਂ ਨੂੰ ਸੁਹਜ ਭਾਵਨਾ ਵਿਚ ਰੰਗਣ ਦੀ ਕਲਾ ਆਉਂਦੀ ਹੈ। ਉਹ ਬਹੁਤੇ ਵਿਸਥਾਰ ਵਿਚ ਨਹੀਂ ਜਾਂਦਾ ਬਲਕਿ ਇਸ਼ਾਰੇ ਮਾਤਰ ਜ਼ਿਕਰ ਕਰਕੇ ਬਾਕੀ ਪਾਠਕਾਂ ‘ਤੇ ਛੱਡ ਦਿੰਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਉਹ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਹੈ। ਉਸ ਦੀਆਂ ਕਵਿਤਾਵਾਂ ਦੀ ਉਸਾਰੀ ਚਿੰਨ੍ਹਾਂ, ਪ੍ਰਤੀਕਾਂ ਜਾਂ ਬਿੰਬਾਂ ਰਾਹੀਂ ਹੁੰਦੀ ਹੈ।
ਮੁਨੀਰ ਨਿਆਜ਼ੀ ਨੇ ਸਾਹਿਤ ਦੇ ਨਾਲ-ਨਾਲ ਗੀਤਕਾਰੀ ਵਿਚ ਵੀ ਕੰਮ ਕੀਤਾ ਅਤੇ ਉਹਨਾਂ ਨੇ ਅਠਾਰਾਂ ਫ਼ਿਲਮਾਂ ਵਿਚ ਪੰਜਾਹ ਦੇ ਕਰੀਬ ਗੀਤ ਲਿਖੇ। ਉਹਨਾਂ ਦੁਆਰਾ ਲਿਖੇ ਗਏ ਗੀਤ ਵੱਖ-ਵੱਖ ਫ਼ਿਲਮਾਂ ਵਿਚ ਨੂਰ ਜਹਾਂ, ਮੇਹਦੀ ਹਸਨ, ਨਸੀਮ ਬੇਗਮ ਆਦਿ ਦੀ ਆਵਾਜ਼ ਵਿਚ ਰਿਕਾਰਡ ਹੋਏ।
ਮੁਨੀਰ ਨਿਆਜ਼ੀ ਨੂੰ ਉਨ੍ਹਾਂ ਦੀ ਸਾਹਿਤਕ ਸੇਵਾ ਲਈ ਪਾਕਿਸਤਾਨ ਸਰਕਾਰ ਵੱਲੋਂ ਕਈ ਸਨਮਾਨ ਮਿਲੇ ਜਿਸ ਵਿਚ ਪ੍ਰਾਈਡ ਆਫ ਪਰਫਾਰਮੈਂਸ, ਸਿਤਾਰਾ-ਏ-ਇਮਤਿਆਜ਼ ਅਤੇ ਪਾਕਿਸਤਾਨ ਅਕੈਡਮੀ ਆਫ ਲੈਟਰਜ਼ ਵੱਲੋਂ ਕਮਾਲ-ਏ-ਫੁਨ ਅਵਾਰਡ ਪ੍ਰਾਪਤ ਹੋਏ।
ਮੁਨੀਰ ਨਿਆਜ਼ੀ ਦੀ ਮੌਤ 26 ਦਸੰਬਰ 2006 ਨੂੰ ਲਾਹੌਰ, ਪਾਕਿਸਤਾਨ ਵਿਚ ਹੋਈ। ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ਼ ਹੋਣ ਤੋਂ ਬਾਅਦ ਜਿੰਨਾਹ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਹਨਾਂ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਜਾਂਦੀ ਹੈ। ਮੁਨੀਰ ਨਿਆਜ਼ੀ ਦੀ ਸ਼ਾਇਰੀ ਦਾ ਅਨੇਕਾਂ ਭਾਸ਼ਾਵਾਂ ਵਿਚ ਅਨੁਵਾਦ ਹੋਇਆ ਹੈ ਅਤੇ ਉਨ੍ਹਾਂ ਦੇ ਗੀਤ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਹਨ।