ਨੰਦ ਲਾਲ ਨੂਰਪੁਰੀ ਪੰਜਾਬੀ ਦੇ ਪ੍ਰਸਿੱਧ ਕਵੀ, ਲੇਖਕ ਅਤੇ ਗੀਤਕਾਰ ਸਨ। ਉਹਨਾਂ ਦਾ ਜਨਮ 1906 ਈ. ਪਿਤਾ ਬਿਸ਼ਨ ਸਿੰਘ ਅਤੇ ਮਾਤਾ ਹੁਕਮ ਦੇਵੀ ਦੇ ਘਰ ਪਿੰਡ ਨੂਰਪੁਰ ਜਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਚ ਹੋਇਆ ਸੀ। ਉਹਨਾਂ ਦਾ ਅਸਲ ਨਾਮ ਨੰਦ ਲਾਲ ਸੀ ਪਰ ਉਹਨਾਂ ਨੇ ਆਪਣੇ ਪਿੰਡ ਨੂਰਪੁਰ ਤੋਂ ਹੀ ਆਪਣਾ ਤਖ਼ੱਲੁਸ ਨੂਰਪੁਰੀ ਰੱਖਿਆ ਸੀ। ਉਹਨਾਂ ਨੇ ਖ਼ਾਲਸਾ ਸਕੂਲ ਤੋਂ ਮੈਟ੍ਰਿਕ ਪਾਸ ਕੀਤੀ ਅਤੇ ਖ਼ਾਲਸਾ ਕਾਲਜ ਤੋਂ ਬਾਕ਼ੀ ਦੀ ਪੜ੍ਹਾਈ ਪੂਰੀ ਕੀਤੀ। ਨੰਦ ਲਾਲ ਨੂਰਪੁਰੀ ਨੇ ਕੁਝ ਸਾਲ ਮਾਸਟਰੀ ਕੀਤੀ ਅਤੇ ਫਿਰ ਪੁਲਿਸ ਵਿਚ ਭਰਤੀ ਹੋ ਗਿਆ ਸੀ ਪਰ ਉਹ ਨੌਕਰੀ ਵੀ ਉਹਨਾਂ ਨੇ ਛੱਡ ਦਿੱਤੀ ਸੀ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਉਹਨਾਂ ਨੇ ਕੁਝ ਸਮਾਂ ਭਾਸ਼ਾ ਵਿਭਾਗ ਵਿਚ ਨੌਕਰੀ ਕੀਤੀ ਅਤੇ ਉਹ ਨੌਕਰੀ ਵੀ ਉਹਨਾਂ ਨੇ ਵਿਚਾਲੇ ਹੀ ਛੱਡ ਦਿੱਤੀ।
ਨੰਦ ਲਾਲ ਨੂਰਪੁਰੀ ਦੀ ਕਾਵਿ ਯਾਤਰਾ ਪੰਜਾਬੀ ਕਾਵਿ ਜਗਤ ਵਿਚ ਰੌਸ਼ਨੀ ਬਣ ਕੇ ਉਭਰੀ ਹੈ। ਉਹਨਾਂ ਦੀਆਂ ਰਚਨਾਵਾਂ ਵਿਚ ਪੰਜਾਬ ਦੀ ਸਭਿਆਚਾਰਕ, ਸਿੱਖ ਧਰਮ ਨਾਲ ਜੁੜੀਆਂ ਭਾਵਨਾਵਾਂ ਅਤੇ ਸਮਾਜਿਕ ਜੀਵਨ ਦੀ ਝਲਕ ਸਪੱਸ਼ਟ ਰੂਪ ਵਿਚ ਦੇਖੀ ਜਾ ਸਕਦੀ ਹੈ। ਉਸ ਦੀਆਂ ਪੁਸਤਕਾਂ ਵਿਚ ਨੂਰੀਪਰੀਆਂ ਸਭ ਤੋਂ ਪਹਿਲੀ ਰਚਨਾ ਸੀ। ਉਸ ਤੋਂ ਬਾਅਦ ਵੰਗਾਂ, ਜਿਉਂਦਾ ਪੰਜਾਬ, ਨੂਰਪੁਰੀ ਦੇ ਗੀਤ, ਸੌਗਾਤ ਆਦਿ ਕਈ ਸੰਗ੍ਰਹਿ ਛਪੇ। ਉਹਨਾਂ ਦੀ ਮੌਤ ਤੋਂ ਬਾਅਦ ਪੰਜਾਬ ਬੋਲਿਆ ਨਾਮ ਹੇਠ ਉਨ੍ਹਾਂ ਦੀਆਂ ਚੋਣਵੀਆਂ ਕਾਵਿ-ਰਚਨਾਵਾਂ ਨੂੰ ਪ੍ਰਕਾਸ਼ਿਤ ਕੀਤਾ ਗਿਆ। ਬੇਸ਼ੱਕ ਨੂਰਪੁਰੀ ਦੇ ਗੀਤ, ਗ਼ਜ਼ਲਾਂ ਅਤੇ ਨਜ਼ਮਾਂ ਸਭ ਕੁਝ ਹੀ ਉਹਨਾਂ ਨੇ ਉਸਤਾਦੀ ਦੇ ਨਾਲ ਲਿਖਿਆ ਹੈ ਪਰ ਉਹਨਾਂ ਦੇ ਗੀਤਾਂ ਨੂੰ ਬਹੁਤ ਜ਼ਿਆਦਾ ਮਹੱਤਤਾ ਮਿਲੀ ਹੈ। ਉਹਨਾਂ ਦੇ ਗੀਤਾਂ ਨੂੰ ਸੁਰਿੰਦਰ ਕੌਰ, ਆਸਾ ਸਿੰਘ ਮਸਤਾਨਾ, ਪ੍ਰਕਾਸ਼ ਕੌਰ, ਹਰਚਰਨ ਗਰੇਵਾਲ ਦੁਆਰਾ ਗਾਇਆ ਗਿਆ। ਇਸ ਤੋਂ ਇਲਾਵਾ ਉਹਨਾਂ ਨੇ ਫ਼ਿਲਮਾਂ (ਮੰਗਤੀ, ਗੀਤ ਬਹਾਰਾਂ ਦੇ, ਵਲਾਇਤ ਪਾਸ) ਦੇ ਲਈ ਵੀ ਗੀਤ ਲਿਖੇ।
ਨੰਦ ਲਾਲ ਨੂਰਪੁਰੀ ਨੇ ਸੱਠ ਸਾਲਾਂ ਦੀ ਉਮਰ ਵਿਚ ਸਮਾਜਿਕ-ਆਰਥਿਕ ਵਿਵਸਥਾ ਤੋਂ ਤੰਗ ਆ ਕੇ 13 ਮਈ 1966 ਈ. ਨੂੰ ਖ਼ੁਦਕੁਸ਼ੀ ਕਰ ਲਈ ਸੀ। ਪੰਜਾਬੀ ਸਾਹਿਤ ਦੇ ਵਿਦਵਾਨਾਂ, ਕਵੀਆਂ ਨੇ ਰਲ ਕੇ ਨੰਦ ਲਾਲ ਨੂਰਪੁਰੀ ਸੁਸਾਇਟੀ ਬਣਾਈ ਜਿਸ ਦਾ ਮਕ਼ਸਦ ਨੰਦ ਲਾਲ ਨੂਰਪੁਰੀ ਦੇ ਵਿਚਾਰਾਂ ਨੂੰ ਪ੍ਰਫੁੱਲਤ ਕਰਨਾ ਹੈ ਅਤੇ ਹਰ ਸਾਲ ਕਿਸੇ ਇਕ ਕਲਾਕਾਰ ਨੂੰ ਇਹ ਪੁਰਸਕਾਰ ਵੀ ਦਿੱਤਾ ਜਾਂਦਾ ਹੈ।