profile-bg

पाल कौर

ਸ਼ਾਇਰਾ, ਅਨੁਵਾਦਕ, ਸੰਪਾਦਕ ਅਤੇ ਆਲੋਚਕ। ‘ਸੁਣ ਗੁਣਵੰਤਾ ਸੁਣ ਬੁਧਿਵੰਤਾ’ ਕਾਵਿ ਸੰਗ੍ਰਹਿ ਲਈ ਸਾਹਿਤ ਇਨਾਮ ਮਿਲਿਆ।

ਡਾ. ਪਾਲ ਕੌਰ ਇੱਕ ਪ੍ਰਸਿੱਧ ਪੰਜਾਬੀ ਕਵਿਤਰੀ, ਆਲੋਚਕ ਅਤੇ ਨਾਰੀਵਾਦੀ ਲੇਖਕ ਹਨ। ਉਹ ਪੰਜਾਬੀ ਸਾਹਿਤ ਵਿੱਚ ਨਾਰੀਵਾਦੀ ਦ੍ਰਿਸ਼ਟੀਕੋਣ ਨਾਲ ਯੋਗਦਾਨ ਪਾਉਣ ਵਾਲੀਆਂ ਵਿਚਾਰਵੰਤ ਰਚਨਾਕਾਰਾਂ ਵਿੱਚੋਂ ਇੱਕ ਹਨ। ਉਨ੍ਹਾਂ ਦਾ ਜਨਮ 15 ਮਈ 1957 ਨੂੰ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ ਸਥਿਤ ਪਿੰਡ ਕਾਲੌਮਾਜਰਾ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਸੁਰੈਣ ਸਿੰਘ ਅਤੇ ਮਾਤਾ ਸੁਰਜੀਤ ਕੌਰ ਹਨ। ਉਨ੍ਹਾ ਨੇ ਚੰਡੀਗੜ੍ਹ ਵਿੱਚ ਐਮ.ਸੀ.ਐਮ. ਡੀ.ਏ.ਵੀ. ਕਾਲਜ ਤੋਂ ਬੀ.ਏ. ਪੂਰੀ ਕੀਤੀ। ਫਿਰ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਅਤੇ ਡਾਕਟਰੇਟ (ਪੀ.ਐਚ.ਡੀ.) ਹਾਸਲ ਕੀਤੀ। ਉਨ੍ਹਾਂ ਨੇ ਪੰਜਾਬੀ ਸਾਹਿਤ ਅਤੇ ਭਾਸ਼ਾ ਵਿਗਿਆਨ ਵਿੱਚ ਵਿਸ਼ੇਸ਼ ਮੁਹਾਰਤ ਹਾਸਲ ਕੀਤੀ। ਡਾ. ਪਾਲ ਕੌਰ ਨੇ ਹਰਿਆਣਾ ਦੇ ਅੰਬਾਲਾ ਸ਼ਹਿਰ ਵਿੱਚ ਸਥਿਤ ਐਸ.ਏ.ਜੈਨ ਕਾਲਜ ਵਿੱਚ ਪੰਜਾਬੀ ਵਿਭਾਗ ਵਿੱਚ ਅਧਿਆਪਕ ਵਜੋਂ ਕੰਮ ਕੀਤਾ।

ਡਾ. ਪਾਲ ਕੌਰ ਨੇ ਕਵਿਤਾ ਅਤੇ ਆਲੋਚਨਾ ਦੇ ਕਈ ਸੰਗ੍ਰਹਿ ਲਿਖੇ ਹਨ। ਉਨ੍ਹਾਂ ਦੀਆਂ ਰਚਨਾਵਾਂ ਨਾਰੀਵਾਦੀ ਵਿਚਾਰਧਾਰਾ ਨਾਲ ਜੁੜੀਆਂ ਹਨ ਅਤੇ ਪੰਜਾਬੀ ਸਾਹਿਤ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦੀਆਂ ਹਨ। ਜਿਨ੍ਹਾਂ ਵਿਚ ਖ਼ਲਾਅਵਾਸੀ, ਮੈਂ ਮੁਖ਼ਾਤਿਬ ਹਾਂ, ਸਵੀਕਾਰ ਤੋਂ ਬਾਦ, ਇੰਜ ਨਾ ਮਿਲੀਂ, ਹੁਣ ਤੱਕ, ਪੀਂਘ, ਪੌਣ ਤੜਾਗੀ, ਹੁਣ ਤੱਕ, ਸੁਣ ਗੁਣਵੰਤਾ ਸੁਣ ਬੁਧਵੰਤਾ ਕਾਵਿ ਸੰਗ੍ਰਹਿ ਹਨ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੇ ਸੰਪਾਦਨ ਦਾ ਕਾਰਜ ਵੀ ਕੀਤਾ ਜਿਨ੍ਹਾਂ ਵਿਚ ਬਲਦੇ ਖ਼ਤਾਂ ਦੇ ਸਿਰਨਾਵੇਂ, ਪਰਿੰਦੇ ਕਲਪਨਾ ਦੇ ਦੇਸ਼ ਦੇ ਅਤੇ ਪਾਸ਼: ਜਿੱਥੇ ਕਵਿਤਾ ਖਤਮ ਨਹੀਂ ਹੁੰਦੀ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਨਾਰੀਆਂ ਦੇ ਅਧਿਕਾਰਾਂ, ਸਮਾਜਿਕ ਵਿਸ਼ੇਸ਼ਤਾਵਾਂ ਅਤੇ ਭਾਸ਼ਾਈ ਚੇਤਨਾ ਨੂੰ ਡੂੰਘਾਈ ਨਾਲ ਉਜਾਗਰ ਕੀਤਾ ਗਿਆ ਹੈ। ਉਨ੍ਹਾਂ 'ਤੇ ਹਿੰਦੁਸਤਾਨ ਟਾਈਮਜ਼ ਵਿੱਚ ਨਿਰੁਪਮਾ ਦੱਤ ਵੱਲੋਂ ਲਿਖੇ ਲੇਖ ਅਤੇ ਉਨ੍ਹਾਂ ਦੇ ਰਚਨਾ-ਸੰਸਾਰ 'ਤੇ ਗੋਸ਼ਟੀਆਂ ਵੀ ਹੋਈਆਂ ਹਨ।

ਡਾ. ਪਾਲ ਕੌਰ ਨੂੰ ਪੰਜਾਬੀ ਸਾਹਿਤ ਜਗਤ ਵਿੱਚ ਭਾਸ਼ਾ ਵਿਭਾਗ ਅਤੇ ਹੋਰ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਭਾਸ਼ਾ ਵਿਭਾਗ, ਪੰਜਾਬ ਤੋਂ ਪੁਰਸਕਾਰ ਵੀ ਪ੍ਰਾਪਤ ਹੋਇਆ। ਡਾ. ਪਾਲ ਕੌਰ ਪੰਜਾਬੀ ਸਾਹਿਤ ਦੀ ਇੱਕ ਮਹੱਤਵਪੂਰਨ ਹਸਤੀ ਹਨ, ਜਿਨ੍ਹਾਂ ਨੇ ਨਾਰੀ ਦੀ ਆਵਾਜ਼ ਨੂੰ ਸਾਹਿਤ ਵਿੱਚ ਬੁਲੰਦ ਕੀਤਾ ਹੈ।