ਅਵਤਾਰ ਸਿੰਘ ਪਾਸ਼ ਪੰਜਾਬੀ ਸਾਹਿਤ ਵਿਚ ਨਕਸਲਵਾੜੀ ਲਹਿਰ ਦਾ ਪ੍ਰਮੁੱਖ ਕਵੀ ਹੀ ਨਹੀਂ ਸੀ ਸਗੋਂ ਉਹ ਆਪਣੇ ਸਮਿਆਂ ਦਾ ਸਮਰੱਥ ਅਤੇ ਪ੍ਰਤੀਨਿਧ ਸ਼ਾਇਰ ਵੀ ਸੀ। ਉਹਨਾਂ ਦਾ ਜਨਮ 9 ਸਤੰਬਰ 1950 ਈ. ਪਿੰਡ ਤਲਵੰਡੀ ਸਲੇਮ, ਜ਼ਿਲ੍ਹਾ ਜਲੰਧਰ ਵਿਖੇ ਸ. ਸੋਹਨ ਸਿੰਘ ਦੇ ਘਰ ਹੋਇਆ ਸੀ। ਉਹਨਾਂ ਦੇ ਪਿਤਾ ਫ਼ੌਜ ਵਿਚ ਨੌਕਰੀ ਕਰਦੇ ਸਨ ਅਤੇ ਉਹਨਾਂ ਨੂੰ ਕਵਿਤਾ ਲਿਖਣ ਦਾ ਸ਼ੌਕ ਸੀ। ਪਾਸ਼ ਨੇ ਸਰਕਾਰੀ ਹਾਈ ਸਕੂਲ, ਖੀਵਾ ਤੋਂ ਮਿਡਲ ਅਤੇ ਜੂਨੀਅਰ ਟੈਕਨੀਕਲ ਸਕੂਲ ਕਪੂਰਥਲਾ ਵਿਚ ਦਾਖ਼ਲਾ ਲਿਆ, ਪਰ ਉਸ ਨੇ ਡਿਪਲੋਪਾ ਅੱਧ ਵਿਚਕਾਰ ਹੀ ਛੱਡ ਕੇ ਜੈਨ ਹਾਈ ਸਕੂਲ ਜਲੰਧਰ ਛਾਉਣੀ ਤੋਂ ਨੌਵੀਂ ਪਾਸ ਕੀਤੀ। 1967 ਈ. ਵਿਚ ਪਾਸ਼ ਨੇ ਪੜ੍ਹਾਈ ਛੱਡ ਕੇ ਬਾਰਡਰ ਸਕਿਊਰਟੀ ਫੋਰਸ ਵਿਚ ਭਰਤੀ ਹੋ ਗਿਆ। ਪਰ ਇਹ ਨੌਕਰੀ ਵੀ ਉਹ ਬਹੁਤਾ ਸਮਾਂ ਨਾ ਕਰ ਸਕਿਆ ਅਤੇ ਤਿੰਨ ਮਹੀਨੇ ਬਾਅਦ ਨੌਕਰੀ ਛੱਡ ਦਿੱਤੀ।
ਅਵਤਾਰ ਸਿੰਘ ਪਾਸ਼ ਨੇ ਪੰਦਰਾ ਸਾਲ ਦੀ ਉਮਰ ਵਿਚ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਇਸ ਉਮਰ ਵਿਚ ਹੀ ਪਾਸ਼ ਦਾ ਝੁਕਾਅ ਕਮਿਊਨਿਸਟ ਅੰਦੋਲਨ ਵੱਲ ਵੱਧਣਾ ਸ਼ੁਰੂ ਹੋ ਗਿਆ ਸੀ ਅਤੇ ਕਾਮਰੇਡ ਚੈਨ ਸਿੰਘ ਦੇ ਪ੍ਰਭਾਵ ਰਾਹੀ ਉਹ ਨੌਜਵਾਨ ਸਭਾ ਦੇ ਨੇੜੇ ਆ ਗਿਆ। 1967ਈ. ਵਿਚ ਪਾਸ਼ ਨਕਸਲਵਾੜੀ ਲਹਿਰ ਦੇ ਪ੍ਰਭਾਵ ਅਧੀਨ ਆ ਗਿਆ ਅਤੇ ਇਸ ਲਹਿਰ ਨੇ ਪਾਸ਼ ਦੀ ਰਚਨਾ ਦੀ ਸ਼ਕਤੀ ਨੂੰ ਤੇਜ਼ ਕੀਤਾ ਅਤੇ ਸਾਹਿਤਕ ਹਲਕਿਆਂ ਵਿਚ ਇਕ ਕਵੀ ਤੇ ਰੂਪ ਵਿਚ ਉਸਨੂੰ ਨਵੀਂ ਪਛਾਣ ਦਿੱਤੀ। 1970 ਈ. ਵਿਚ ਉਹਨਾਂ ਦਾ ਪਹਿਲੀ ਕਿਤਾਬ ਲੋਹ-ਕਥਾ ਪ੍ਰਕਾਸ਼ਿਤ ਹੁੰਦੀ ਹੈ। ਉਸ ਤੋਂ ਬਾਅਦ ਉੱਡਦੇ ਬਾਜ਼ਾ ਮਗਰ, ਸਾਡੇ ਸਮਿਆਂ ਵਿਚ ਅਤੇ ਖਿਲਰੇ ਹੋਏ ਵਰਕੇ ਪ੍ਰਕਾਸ਼ਿਤ ਹੁੰਦੀਆਂ ਹਨ। ਉਹਨਾਂ ਦੀਆਂ ਕਵਿਤਾਵਾਂ ਨੂੰ ਭਾਰਤੀ ਭਾਸ਼ਾਵਾਂ, ਹਿੰਦੀ, ਨੇਪਾਲੀ ਅਤੇ ਅੰਗਰੇਜ਼ੀ ਸਮੇਤ ਹੋਰ ਕਈ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਹੈ। ਸੰਨ 1972 ਈ. ਵਿਚ ਪਾਸ਼ ਨੇ ਸਿਆੜ ਨਾ ਪਰਚਾ ਵੀ ਸ਼ੁਰੂ ਕੀਤਾ ਸੀ ਜਿਹੜਾ ਇਕ ਸਾਲ ਬਾਅਦ ਬੰਦ ਹੋ ਗਿਆ ਸੀ।
ਅਵਤਾਰ ਸਿੰਘ ਪਾਸ਼ ਦਾ ਆਪਣੀ ਰਚਨਾਵਾਂ ਵਿਚ ਅਨਿਆਂ ਦੇ ਖਿਲਾਫ਼ ਬਹੁਤ ਬੇਬਾਕੀ ਦੇ ਨਾਲ ਲਿਖਿਆ। 1986 ਈ. ਵਿਚ ਉਸ ਦੇ ਜੀਵਨ ਖ਼ਤਰੇ ਨੂੰ ਦੇਖਦੇ ਹੋਏ ਉਸ ਦੇ ਦੋਸਤਾਂ ਨੇ ਪਾਸ਼ ਨੂੰ ਵਿਦੇਸ਼ ਬੁਲਾ ਲਿਆ। ਪਾਸ਼ ਆਪਣੇ ਪਰਿਵਾਰ ਸਮੇਤ ਕੈਲੀਫੋਰਨੀਆ ਰਿਹਾ ਅਤੇ ਉਥੇ ਉਸ ਨੇ ਐਂਟੀ-47 ਫਰੰਟ ਨਾਂ ਦਾ ਪਰਚਾ ਕੱਢਿਆ। 1988 ਈ. ਵਿਚ ਪਾਸ਼ ਭਾਰਤ ਵਾਪਸ ਆਇਆ, ਪਰ ਵਾਪਸ ਜਾਣ ਤੋਂ ਪਹਿਲਾ 23 ਮਾਰਚ 1988 ਈ. ਨੂੰ ਆਪਣੇ ਪਿੰਡ ਤਲਵੰਡੀ ਸਲੇਮ ਵਿਚ ਤਿੰਨ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।