ਪ੍ਰੀਤਮ ਸਿੰਘ ਕਾਸਦ ਇਕ ਪ੍ਰਸਿੱਧ ਪੰਜਾਬੀ ਕਵੀ, ਸੰਪਾਦਕ ਅਤੇ ਨਾਟਕਕਾਰ ਸਨ। ਉਹਨਾਂ ਨੂੰ ਸਟੇਜੀ ਸ਼ਾਇਰੀ ਦਾ ਥੰਮ ਕਿਹਾ ਜਾਂਦਾ ਹੈ। ਉਹਨਾਂ ਦਾ ਜਨਮ 5 ਸਤੰਬਰ 1923 ਈ. ਨੂੰ ਗਾਹ ਪਿੰਡ, ਜਿਲ੍ਹਾ ਜਿਹਲਮ ਵਿਚ ਹੋਇਆ । ਪ੍ਰੀਤਮ ਸਿੰਘ ਕਾਸਦ ਨੇ ਐੱਮ.ਏ ਅਤੇ ਗਿਆਨੀ ਦੀ ਡਿਗਰੀ ਪ੍ਰਾਪਤ ਕੀਤੀ। ਗਿਆਨੀ ਡਿਗਰੀ ਨੇ ਉਹਨਾਂ ਨੂੰ ਸਿੱਖ ਗ੍ਰੰਥਾਂ, ਗੁਰਬਾਣੀ ਵਿਆਖਿਆ ਅਤੇ ਪੰਜਾਬੀ ਸਾਹਿਤ ਵਿਚ ਮਾਹਰ ਬਣਾਇਆ, ਜੋ ਉਹਨਾਂ ਦੀ ਕਵਿਤਾ ਵਿਚ ਧਾਰਮਿਕ ਅਤੇ ਸੱਭਿਆਚਾਰਕ ਥੀਮਾਂ ਵਿਚੋਂ ਝਲਕਦਾ ਹੈ। 1947 ਈ. ਵਿਚ ਉਹਨਾਂ ਦਾ ਪਰਿਵਾਰ ਪਾਕਿਸਤਾਨ ਤੋਂ ਭਾਰਤ ਆ ਗਿਆ ਅਤੇ ਨਵੀਂ ਦਿੱਲੀ ਵਿਚ ਵਸ ਗਿਆ। ਇਸ ਨਵੇਂ ਵਾਤਾਵਰਨ ਵਿਚ ਪਰਿਵਾਰ ਨੂੰ ਸੰਭਾਲਣ ਅਤੇ ਨੌਕਰੀ ਕਰਨ ਵਿਚ ਕਾਫ਼ੀ ਮੁਸ਼ਕਲਾਂ ਆਈਆਂ, ਪਰ ਉਹਨਾਂ ਨੇ ਕਵਿਤਾ ਲਿਖਣ ਅਤੇ ਕਵੀ ਸਭਾਵਾਂ ਵਿਚ ਹਿੱਸਾ ਲੈਣਾ ਜਾਰੀ ਰੱਖਿਆ ।
ਪ੍ਰੀਤਮ ਸਿੰਘ ਕਾਸਦ ਪੰਜਾਬੀ ਕਾਵਿ ਮੰਡਲਾਂ ਵਿਚ ਸਰਗਰਮ ਸਨ ਅਤੇ ਉਨ੍ਹਾਂ ਨੇ ਪੰਜਾਬੀ ਕਵਿਤਾ ਦੀਆਂ 20 ਤੋਂ ਵੱਧ ਕਿਤਾਬਾਂ ਲਿਖੀਆ ਹਨ। ਇਸ ਦੇ ਨਾਲ ਹੀ ਉਹਨਾਂ ਨੇ ਨਾਟਕ ਅਤੇ ਸੰਪਦਨਾ ਦਾ ਕਾਰਜ ਵੀ ਕੀਤਾ ਹੈ। ਉਹਨਾਂ ਦੇ ਕਾਵਿ –ਸੰਗ੍ਰਹਿ ਆਜ਼ਾਦੀ ਦੇ ਵੇਦੀ ਤੇ, ਜਾਗ ਮਨੁੱਖਤਾ ਜਾਗ, ਕੇਸਰੀ ਨਿਸ਼ਾਨ, ਖੜਗ ਖਾਲਸਾ, ਰੁੱਤਾਂ ਦੇ ਪਰਛਾਵੇਂ, ਅਸੀ ਹਾਂ ਖਾਲਸੇ ਆਦਿ ਹਨ। ਇਸ ਤੋਂ ਇਲਾਵਾ ਉਹਨਾ ਨੇ ਨਸ਼ਿਆਈਆਂ ਕਾਂਗਾ ਗ਼ਜ਼ਲ ਸੰਗ੍ਰਹਿ ਵੀ ਲਿਖਿਆ। ਪ੍ਰੀਤਮ ਸਿੰਘ ਕਾਸਦ ਦੀ ਕਵਿਤਾ ਵਿਚ ਦੇਸ਼ਭਗਤੀ, ਸਮਾਜ ਸੁਧਾਰ, ਸਿੱਖ ਧਰਮ ਦੀ ਮਹਿਮਾ, ਰੋਮਾਂਟਿਕ ਵਿਸ਼ੇ ਅਤੇ ਖਾਲਸਾ ਪੰਥ ਦੇ ਗੌਰਵ ਨਾਲ ਜੁੜੇ ਵਿਸ਼ੇ ਪ੍ਰਮੁੱਖ ਹਨ। ਉਹ ਸਿੱਖ ਪਛਾਣ, ਯੋਧੇ ਵਿਰਸੇ ਅਤੇ ਆਜ਼ਾਦੀ ਦੀਆਂ ਲੜਾਈਆਂ ਨੂੰ ਆਪਣੀ ਕਵਿਤਾ ਵਿਚ ਉਭਾਰਦੇ ਸਨ।
ਪ੍ਰੀਤਮ ਸਿੰਘ ਕਾਸਦ ਨੂੰ 1962 ਈ. ਵਿਚ ਜਵਾਹਰ ਲਾਲ ਨਹਿਰੂ ਵੱਲੋਂ ਪ੍ਰਸੰਸਾ ਪੱਤਰ ਮਿਲਿਆ। ਇਸ ਤੋਂ ਬਾਅਦ ਉਹਨਾਂ ਨੇ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਮੌਕੇ ਕਰਵਾਏ ਗਏ ਕਵੀ ਦਰਬਾਰ ਵਿਚ ਹਿੱਸਾ ਲਿਆ। ਸੰਨ 2008 ਈ. ਵਿਚ ਉਹਨਾਂ ਦੀ ਮੌਤ ਹੋ ਜਾਂਦੀ ਹੈ। ਪ੍ਰੀਤਮ ਸਿੰਘ ਕਾਸਦ ਦੀ 14 ਵੀਂ ਵਰ੍ਹੇਗੰਢ ਤੇ ਪ੍ਰਸਿੱਧ ਗਾਇਕ ਜੱਸੀ ਨੇ ਉਨ੍ਹਾਂ ਦੀ ਇਕ ਮਸ਼ਹੂਰ ਕਵਿਤਾ ਨੂੰ ਟਰੈਕ ਵਜੋਂ ਰਿਲੀਜ਼ ਕੀਤਾ। ਉਹਨਾਂ ਦੀ ਕਵਿਤਾ ਪੰਜਾਬੀ-ਸਿੱਖ ਪਰੰਪਰਾਵਾਂ ਵਿਚ ਡੂੰਘੀ ਜੜ੍ਹਾਂ ਵਾਲੀ ਹੈ ਅਤੇ ਅੱਜ ਵੀ ਪ੍ਰਸਿੱਧ ਹੈ।