प्रोफेसर पूरन सिंह
ਵਿਲੱਖਣ ਸ਼ਾਇਰ, ਵਿਚਾਰਕ, ਵਾਰਤਕਕਾਰ, ਅਨੁਵਾਦਕ ਅਤੇ ਰਸਾਇਣ ਇੰਜੀਨੀਅਰਿੰਗ ਦੇ ਖੇਤਰ ਵਿੱਚ ਵਿਗਿਆਨੀ।
ਪ੍ਰੋ. ਪੂਰਨ ਸਿੰਘ ਪੰਜਾਬੀ ਸਾਹਿਤ ਦੇ ਇੱਕ ਵਿਲੱਖਣ ਅਤੇ ਪ੍ਰਭਾਵਸ਼ਾਲੀ ਨਾਮ ਹਨ। ਉਹ ਆਧੁਨਿਕ ਪੰਜਾਬੀ ਕਵਿਤਾ ਦੇ ਸੰਸਥਾਪਕਾਂ ਵਿੱਚੋਂ ਇੱਕ ਮੰਨੇ ਜਾਂਦੇ ਹਨ, ਜਿਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਨਵੀਂ ਚੇਤਨਾ ਅਤੇ ਖੁੱਲ੍ਹੀ ਸ਼ੈਲੀ ਨਾਲ ਅਮੀਰ ਕੀਤਾ। ਨਾ ਸਿਰਫ਼ ਕਵੀ ਵਜੋਂ, ਸਗੋਂ ਵਿਗਿਆਨੀ, ਅਨੁਵਾਦਕ, ਚਿੰਤਕ ਅਤੇ ਰਸਾਇਣ ਇੰਜੀਨੀਅਰ ਵਜੋਂ ਵੀ ਉਹਨਾਂ ਨੇ ਬਹੁ-ਪੱਖੀ ਯੋਗਦਾਨ ਪਾਇਆ। ਉਹਨਾਂ ਦੀ ਰਚਨਾ ਵਿੱਚ ਪੱਛਮੀ ਸਾਹਿਤਕ ਚੇਤਨਾ, ਔਰੀਐਂਟਲ ਰਹੱਸਵਾਦ ਅਤੇ ਧਾਰਮਿਕ ਜੋਸ਼ ਦਾ ਅਜੀਬ ਸੁਮੇਲ ਨਜ਼ਰ ਆਉਂਦਾ ਹੈ, ਜੋ ਪੰਜਾਬੀ ਸਾਹਿਤ ਨੂੰ ਨਵਾਂ ਰੰਗ ਦਿੰਦਾ ਹੈ।
ਪੂਰਨ ਸਿੰਘ ਦਾ ਜਨਮ 17 ਫਰਵਰੀ 1881 ਨੂੰ ਪਾਕਿਸਤਾਨ ਦੇ ਐਬਟਾਬਾਦ ਜ਼ਿਲ੍ਹੇ ਦੇ ਸਲਹੱਡ ਪਿੰਡ ਵਿੱਚ ਹੋਇਆ। ਉਹਨਾਂ ਦੇ ਪਿਤਾ ਕਰਤਾਰ ਸਿੰਘ ਆਬਕਾਰੀ ਵਿਭਾਗ ਵਿੱਚ ਅਧਿਕਾਰੀ ਸਨ ਅਤੇ ਮਾਤਾ ਪਰਮਾ ਦੇਵੀ ਸਨ। ਬਚਪਨ ਤੋਂ ਹੀ ਉਹਨਾਂ ਵਿੱਚ ਰਹੱਸਵਾਦੀ ਚੇਤਨਾ ਅਤੇ ਕੁਦਰਤ ਨਾਲ ਡੂੰਘਾ ਲਗਾਵ ਸੀ।
1897 ਵਿੱਚ ਰਾਵਲਪਿੰਡੀ ਹਾਈ ਸਕੂਲ ਤੋਂ ਮੈਟ੍ਰਿਕ ਪਾਸ ਕੀਤੀ। ਅਗਰੇਲੀ ਪੜ੍ਹਾਈ ਦੇ ਲਈ ਉਹਨਾਂ ਨੇ ਡੀ.ਏ.ਵੀ. ਕਾਲਜ ਵਿਚ ਦਾਖਲਾ ਲਿਆ। ਪੂਰਨ ਸਿੰਘ ਨੇ ਬੀ.ਏ. ਦੀ ਪੜ੍ਹਾਈ ਦੌਰਾਨ ਹੀ ਭਗਤ ਗੋਲਕ ਚੰਦ ਤੋਂ ਵਜ਼ੀਫ਼ਾ ਪ੍ਰਾਪਤ ਕਰ ਕੇ ਜਪਾਨ ਵਿਚ ਉਚੇਰੀ ਪੜ੍ਹਾਈ ਪ੍ਰਾਪਤ ਕਰਨ ਲਈ ਗਏ। ਉਨ੍ਹਾਂ ਨੇ ਜਾਪਾਨ ਵਿੱਚ ਰਹਿੰਦੇ ਹੋਏ ਰਸਾਇਣ ਵਿਗਿਆਨ ਅਤੇ ਇੰਡਸਟਰੀਅਲ ਕੈਮਿਸਟ੍ਰੀ ਵਿੱਚ ਵਿਸ਼ੇਸ਼ ਖੋਜ ਕੀਤੀ। ਉਥੇ ਹੀ ਉਹਨਾਂ ਦਾ ਧਿਆਨ ਬੁੱਧ ਮੱਤ ਵੱਲ ਵੱਧ ਗਿਆ ਅਤੇ ਉਹ ਸੰਨਿਆਸੀ ਬਣ ਗਏ ਸਨ।
ਜਪਾਨ ਤੋਂ ਵਾਪਸ ਭਾਰਤ ਆ ਕੇ ਉਹਨਾਂ ਨੇ ਕਲੱਕਤਾ ਵਿਚ ਰਹਿ ਕੇ ਕ੍ਰਾਂਤੀਕਾਰੀਆਂ ਨਾਲ ਮਿਲ ਕੇ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਵਿਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ। ਬ੍ਰਿਟਿਸ਼ ਸਰਕਾਰ ਵਿਰੁੱਧ ਕੀਤੀਆਂ ਕਾਰਵਾਈਆਂ ਕਰਕੇ ਉਹਨਾਂ ਨੂੰ ਗ੍ਰਿਰਫ਼ਤਾਰ ਵੀ ਕੀਤਾ ਗਿਆ ਪਰ ਜਲਦੀ ਹੀ ਛੱਡ ਦਿੱਤਾ ਗਿਆ। 1913 ਈ. ਵਿਚ ਉਹਨਾਂ ਦੀ ਮੁਲਕਾਤ ਭਾਈ ਵੀਰ ਸਿੰਘ ਨਾਲ ਹੁੰਦੀ ਹੈ ਜਿਹਨਾਂ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਉਹ ਗੁਰਮਤਿ ਵਿਚਾਰਧਾਰਾ ਦੇ ਨਾਲ ਜੁੜ ਗਏ। ਉਹਨਾਂ ਨੇ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਭਾਸ਼ਾਵਾਂ ਵਿਚ ਰਚਨਾ ਕੀਤੀ।
ਪੂਰਨ ਸਿੰਘ ਨੇ ਪੰਜਾਬੀ ਕਵਿਤਾ ਨੂੰ ਖੁੱਲ੍ਹੀ ਰੂਪ ਵਿੱਚ ਪੇਸ਼ ਕਰਕੇ ਨਵੀਂ ਦਿਸ਼ਾ ਦਿੱਤੀ। ਉਹਨਾਂ ਦੀ ਕਵਿਤਾ ਵਿੱਚ ਕ਼ੁਦਰਤ, ਪਿਆਰ, ਰਹੱਸਵਾਦ ਅਤੇ ਮਾਨਵਤਾ ਦੇ ਰੰਗ ਡੁੱਬੇ ਹੋਏ ਨੇ। ਉਹਨਾਂ ਨੇ ਛੰਦਾਂ ਦੀਆਂ ਗਿਣਤੀਆਂ ਨੂੰ ਨਕਾਰਦਿਆਂ ਆਜ਼ਾਦ ਸ਼ੈਲੀ ਅਪਣਾਈ, ਜੋ ਪੰਜਾਬੀ ਸਾਹਿਤ ਵਿੱਚ ਇੱਕ ਕ੍ਰਾਂਤੀ ਸੀ। ਉਹਨਾਂ ਨੇ ਪੰਜਾਬੀ ਭਾਸ਼ਾ ਵਿਚ ਖੁੱਲ੍ਹੇ ਮੈਦਾਨ, ਖੁੱਲ੍ਹੇ ਘੁੰਡ, ਖੁੱਲ੍ਹੇ ਅਸਮਾਨੀ ਰੰਗ ਪੂਰਨ ਸਿੰਘ ਦੇ ਕਾਵਿ-ਸੰਗ੍ਰਹਿ ਸਨ ਅਤੇ ਇਸ ਤੋਂ ਇਲਾਵਾ ਉਹਨਾਂ ਨੇ ਖੁੱਲ੍ਹੇ ਲੇਖ ਨਾਂ ਦਾ ਨਿਬੰਧ-ਸ਼ੰਗ੍ਰਹਿ ਵੀ ਹੈ। ਪੂਰਨ ਸਿੰਘ ਨੇ ਨਾਵਲ ਅਤੇ ਅਨੁਵਾਦਿਤ ਪੁਸਤਕਾਂ ਦੀ ਰਚਨਾ ਵੀ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ 10 ਦੇ ਕਰੀਬ ਅੰਗਰੇਜ਼ੀ ਭਾਸ਼ਾ ਵਿਚ ਪੁਸਤਕਾਂ ਦੀ ਰਚਨਾ ਕੀਤੀ।
ਪ੍ਰੋ. ਪੂਰਨ ਸਿੰਘ ਨੂੰ "ਮਾਨਵਤਾ ਦਾ ਕਵੀ" ਵੀ ਕਿਹਾ ਜਾਂਦਾ ਹੈ, ਕਿਉਂਕਿ ਉਹਨਾਂ ਨੇ ਪਿਆਰ ਨੂੰ ਕ਼ੁਦਰਤੀ ਅਤੇ ਬੇਪਰਵਾਹ ਤਰੀਕ਼ੇ ਨਾਲ ਪੇਸ਼ ਕੀਤਾ। ਉਹਨਾਂ ਲਈ ਪਿਆਰ ਵਿੱਚ ਦੁਵਿਧਾ ਨਹੀਂ ਸੀ – ਇਹ ਨਦੀ ਵਾਂਗ ਸਮੁੰਦਰ ਵਿੱਚ ਵਿਲੀਨ ਹੋਣ ਵਾਲੀ ਪ੍ਰਕਿਰਿਆ ਸੀ। ਉਹਨਾਂ ਦੀ ਆਜ਼ਾਦ ਲਿਖਣੀ ਅਤੇ ਖੁੱਲ੍ਹੇ ਅੰਦਾਜ਼ ਨੇ ਪੰਜਾਬੀ ਸਾਹਿਤ ਨੂੰ ਨਵੀਂ ਉਡਾਣ ਦਿੱਤੀ, ਜੋ ਅੱਜ ਵੀ ਪ੍ਰੇਰਨਾ ਦਿੰਦਾ ਹੈ।
1930 ਵਿੱਚ ਉਨ੍ਹਾਂ ਨੂੰ ਤਪਦਿਕ (ਟੀਬੀ) ਦੀ ਬਿਮਾਰੀ ਲੱਗੀ, ਜਿਸ ਕਾਰਨ ਉਹਨਾਂ ਦੀ ਹਾਲਤ ਬਹੁਤ ਖ਼ਰਾਬ ਹੋ ਗਈ। 31 ਮਾਰਚ 1931 ਨੂੰ ਉਹਨਾਂ ਨੇ ਦੇਹਰਾਦੂਨ ਵਿੱਚ ਅਖ਼ੀਰੀ ਸਾਹ ਲਏ।