ਸ਼ਾਹ ਮੁਹੰਮਦ ਨੂੰ ਪੰਜਾਬੀ ਸਾਹਿਤ ਦਾ ਕ਼ੌਮੀ ਕਵੀ ਕਿਹਾ ਜਾਂਦਾ ਹੈ। ਉਸ ਦੇ ਜਨਮ ਬਾਰੇ ਬਹੁਤੀ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ। ਹੁਣ ਤਕ ਜੋ ਵੀ ਹੈ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦਾ ਜਨਮ ਮਾਝੇ ਦੇ ਵਡਾਲਾ ਵਿਰਮ ਨਾਮੀ ਨਗਰ ਵਿਚ 1780 ਈ. ਦੇ ਕ਼ਰੀਬ ਇੱਕ ਕ਼ੁਰੈਸ਼ੀ ਪਰਿਵਾਰ ਵਿਚ ਹੋਇਆ। ਉਹਨਾਂ ਨੇ ਸ਼ੁਰੂਆਤੀ ਸਿੱਖਿਆ ਪਾਠਸ਼ਾਲਾ ਤੋਂ ਪ੍ਰਾਪਤ ਕੀਤੀ। ਉਹ ਅਰਬੀ, ਫ਼ਾਰਸੀ ਅਤੇ ਪੰਜਾਬੀ ਭਾਸ਼ਾ ਦੇ ਗਿਆਤਾ ਸਨ ਅਤੇ ਉਹਨਾਂ ‘ਤੇ ਸੂਫ਼ੀ ਕਵੀਆਂ ਦਾ ਪ੍ਰਭਾਵ ਸੀ।
ਸ਼ਾਹ ਮੁਹੰਮਦ ਦੀ ਸਭ ਤੋਂ ਮਹੱਤਵਪੂਰਨ ਰਚਨਾ ‘ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ’ ਦੀ ਹੈ। ਜਿਹੜੀ 1846ਈ. ਦੇ ਲਗਭਗ ਲਿਖੀ ਗਈ ਅਤੇ 1964 ਈ. ਵਿਚ ਐਮ.ਐਲ.ਪੀਸ ਨੇ ਇਸਦਾ ਅੰਗਰੇਜ਼ੀ ਭਾਸ਼ਾ ਵਿਚ ਅਨੁਵਾਦ ਕੀਤਾ। ਇਹ ਅਜਿਹੀ ਕਾਵਿ ਰਚਨਾ ਹੈ ਜਿਸ ਵਿਚ ਪਹਿਲੀ ਅੰਗਰੇਜ਼-ਸਿੱਖ ਲੜਾਈ (1845-46) ਨੂੰ ਕਾਵਿ ਰੂਪ ਵਿਚ ਵਰਣਨ ਕਰਦੀ ਹੈ, ਜੋ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਵਾਪਰਦੀ ਹੈ। ਇਹ ਰਚਨਾ ਸਿਰਫ਼ ਸਾਹਿਤਕ ਪੱਖ ਤੋਂ ਹੀ ਨਹੀਂ ਸਗੋਂ ਇਤਿਹਾਸਕ ਪੱਖ ਤੋਂ ਵੀ ਮਹੱਤਵਪੂਰਨ ਹੈ ਕਿਉਂਕਿ ਸ਼ਾਹ ਮੁਹੰਮਦ ਨੇ ਇਸ ਰਚਨਾ ਦੇ ਵਿਚ ਸਮਕਾਲੀ ਘਟਨਾਵਾਂ ਨੂੰ ਨਿਰਪੱਖ ਅਤੇ ਦਰਦ ਭਰੇ ਅੰਦਾਜ਼ ਵਿਚ ਬਿਆਨ ਕਰਦਾ ਹੈ। ਇਸ ਤੋਂ ਬਿਨਾਂ ਕ਼ਿੱਸਾ ਸੱਸੀ ਪੰਨੂੰ ਬੈਂਤਾਂ ਵਿਚ ਲਿਖਿਆ ਵੀ ਮਿਲਦਾ ਹੈ ਜਿਸ ਬਾਰੇ ਹਾਲੇ ਤੱਕ ਪੱਕਾ ਨਹੀਂ ਕਿਹਾ ਜਾ ਸਕਦਾ ਹੈ ਕਿ ਇਹ ਰਚਨਾ ਸ਼ਾਹ ਮੁਹੰਮਦ ਦੀ ਹੈ ਪਰ ਇਹ ਉਸ ਦੇ ਨਾਮ ਨਾਲ ਜੋੜੀ ਜਾਂਦੀ ਹੈ।
ਸ਼ਾਹ ਮੁਹੰਮਦ ਇਕ ਅਜਿਹਾ ਕਵੀ ਸੀ, ਜਿਸ ਨੇ ਆਪਣੀਆਂ ਰਚਨਾਵਾਂ ਰਾਹੀਂ ਪੰਜਾਬ ਦੇ ਇਤਿਹਾਸ, ਸੱਭਿਆਚਾਰ ਅਤੇ ਸਮਾਜਿਕ ਚੇਤਨਾ ਨੂੰ ਅਮਰ ਕੀਤਾ। ਉਸ ਦੀ ਸੰਵੇਦਨਸ਼ੀਲਤਾ, ਦੂਰਦਰਸ਼ਤਾ ਅਤੇ ਸਾਹਿਤਕ ਕਲਾ ਨੇ ਉਸ ਨੂੰ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਇੱਕ ਵਿਲੱਖਣ ਸਥਾਨ ਦਿੱਤਾ ਹੈ। ਇਸ ਕਰਕੇ ਉਸ ਨੂੰ ਪੰਜਾਬੀ ਸਾਹਿਤ ਵਿਚ ਕ਼ੌਮੀ ਸ਼ਾਇਰ ਦਾ ਮਾਣ ਹਾਸਿਲ ਹੈ। ਪੰਜਾਬੀ ਦੇ ਇਸ ਮਾਣਮੱਤੇ ਕਵੀ ਦੀ ਮੌਤ 1862 ਈ. ਨੂੰ ਅੰਮ੍ਰਿਤਸਰ ਵਿਚ ਹੋ ਜਾਂਦੀ ਹੈ।