ਸ਼ਿਵ ਕੁਮਾਰ ਬਟਾਲਵੀ ਪੰਜਾਬੀ ਸਾਹਿਤ ਦਾ ਚਰਚਿਤ ਕਵੀ ਸੀ। ਉਹਨਾਂ ਦਾ ਜਨਮ 23 ਜੁਲਾਈ 1936 ਨੂੰ ਪਿੰਡ ਲੋਹਟੀਆਂ, ਤਹਿਸੀਲ ਸ਼ੰਕਰਗੜ੍ਹ, ਜ਼ਿਲ੍ਹਾ ਗੁਰਦਾਸਪੁਰ ‘ਚ ਇੱਕ ਬ੍ਰਾਹਮਣ ਪਰਿਵਾਰ ਵਿੱਚ ਹੋਇਆ। ਉਹਨਾਂ ਦੇ ਪਿਤਾ ਨਾਂ ਪੰਡਿਤ ਕ੍ਰਿਸ਼ਨ ਗੋਪਾਲ ਅਤੇ ਮਾਤਾ ਦਾ ਨਾਂ ਸ੍ਰੀਮਤੀ ਸ਼ਾਂਤੀ ਦੇਵੀ ਸਨ। ਸ਼ਿਵ ਕੁਮਾਰ ਨੇ ਮੁੱਢਲੀ ਸਿੱਖਿਆ ਆਪਣੇ ਪਿੰਡ ਤੋਂ ਪ੍ਰਾਪਤ ਕੀਤੀ ਸੀ ਅਤੇ ਪੰਜਵੀਂ ਤੇ ਛੇਵੀਂ ਜਮਾਤ ਉਹਨਾਂ ਨੇ ਡੇਰਾ ਬਾਬਾ ਨਾਨਕ ਤੋਂ ਕੀਤੀ। 1947 ਈ. ਦੇ ਵੰਡ ਤੋਂ ਬਾਅਦ ਉਹਨਾਂ ਦਾ ਪਰਿਵਾਰ ਬਟਾਲਾ ਆ ਗਿਆ। ਇਥੇ ਹੀ ਸ਼ਿਵ ਕੁਮਾਰ ਬਟਾਲਵੀ ਨੇ ਦਸਵੀਂ ਕਰਕੇ ਐਫ਼.ਐਸ.ਸੀ ਦੇ ਵਿਚ ਦਾਖ਼ਿਲਾ ਲਿਆ। ਕੁਝ ਸਮਾਂ ਪਟਵਾਰੀ ਦੀ ਨੌਕਰੀ ਕਰਨ ਤੋਂ ਬਾਅਦ ਸ਼ਿਵ ਕੁਮਾਰ ਬਟਾਲਵੀ ਨੇ ਨੌਕਰੀ ਛੱਡ ਦਿੱਤੀ।
1960 ਵਿੱਚ ਛਪੇ ਉਸਦੇ ਪਹਿਲੇ ਕਾਵਿ-ਸੰਗ੍ਰਹਿ 'ਪੀੜਾਂ ਦਾ ਪਰਾਗਾ' ਨੇ ਹੀ ਉਸਨੂੰ ਪਛਾਣ ਦਿਵਾ ਦਿੱਤੀ। ਪਰ ਉਹਨਾਂ ਨੂੰ ਅਸਲ ਸਦੀਵੀ ਪ੍ਰਸਿੱਧੀ 1965 ਵਿੱਚ ਪ੍ਰਕਾਸ਼ਿਤ ਮਹਾਂਕਾਵਿ ਨਾਟਕ 'ਲੂਣਾ' ਨਾਲ ਮਿਲੀ। ਇਸ ਰਚਨਾ ਲਈ ਉਸਨੂੰ 1967 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਿਰਫ਼ 30-31 ਸਾਲ ਦੀ ਉਮਰ ਵਿੱਚ ਇਹ ਪੁਰਸਕਾਰ ਪ੍ਰਾਪਤ ਕਰਕੇ ਉਹ ਇਸ ਸਨਮਾਨ ਦੇ ਸਭ ਤੋਂ ਘੱਟ ਉਮਰ ਦੇ ਵਿਜੇਤਾ ਬਣੇ। ਇਸ ਤੋਂ ਇਲਾਵਾ ਸ਼ਿਵ ਕੁਮਾਰ ਬਟਾਵਲੀ ਨੇ ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਦਰਦਮੰਦਾਂ ਦੀਆਂ ਆਹੀਂ, ਬਿਰਹਾ ਤੂੰ ਸੁਲਤਾਨ, ਲੂਣਾ, ਮੈਂ ਤੇ ਮੈਨੂੰ, ਆਰਤੀ, ਬਿਰਹੜਾ ਆਦਿ ਉਸ ਦੀਆਂ ਮਹੱਤਵਪੂਰਨ ਕਾਵਿ ਪੁਸਤਕਾਂ ਸਨ। ਅਲਵਿਦਾ ਅਤੇ ਅਸਾਂ ਤਾਂ ਜੋਬਨ ਰੁੱਤੇ ਮਰਨਾ ਉਸ ਦੀਆਂ ਰਚਨਾਵਾਂ ਦੇ ਸੰਪਾਦਿਤ ਕਾਵਿ ਸੰਗ੍ਰਹਿ ਹਨ। ਇਹਨਾਂ ਕਾਵਿ ਪੁਸਤਕਾਂ ਵਿਚ ਸ਼ਿਵ ਕੁਮਾਰ ਦੀ ਕਵਿਤਾ ਦਾ ਵਿਸ਼ਾ ਦਰਦ, ਪੀੜਾ, ਬਿਰਹਾ, ਮਰਦ ਦੇ ਅਨਿਆਇ ਦਾ ਸ਼ਿਕਾਰ ਇਸਤਰੀ ਅਤੇ ਮੌਤ ਆਦਿ ਹਨ।
ਬਟਾਲਵੀ ਦੀਆਂ ਕਵਿਤਾਵਾਂ 'ਮੈਂ ਇੱਕ ਸ਼ਿਕਰਾ ਯਾਰ ਬਣਾਇਆ' ਅਤੇ 'ਬਿਰਹਾ ਤੂੰ ਸੁਲਤਾਨ' ਪੰਜਾਬੀ ਜਨ-ਮਾਨਸ ਦੇ ਮਨ ਮਸਤਕ ਵਿੱਚ ਰਚ-ਬਸ ਗਈਆਂ ਹਨ। ਇਹਨਾਂ ਰਚਨਾਵਾਂ ਨੇ ਉਸਨੂੰ "ਬਿਰਹਾ ਦਾ ਸੁਲਤਾਨ" ਦੀ ਉਪਾਧੀ ਦਿਵਾਈ। ਨੁਸਰਤ ਫ਼ਤਹਿ ਅਲੀ ਖ਼ਾਨ ਅਤੇ ਜਗਜੀਤ ਸਿੰਘ ਵਰਗੇ ਮਹਾਨ ਗਾਇਕਾਂ ਨੇ ਉਸਦੀ ਕਵਿਤਾ ਨੂੰ ਆਪਣੀ ਆਵਾਜ਼ ਦੇ ਕੇ ਸਦੀਵੀ ਬਣਾ ਦਿੱਤਾ।
ਸ਼ਿਵ ਕੁਮਾਰ ਬਟਾਲਵੀ ਨੇ ਬਹੁਤ ਘੱਟ ਸਮੇਂ ਵਿਚ ਹੀ ਗਿਣਨਾਤਮਿਕ ਅਤੇ ਗੁਣਾਤਮਿਕ ਪੱਖਾਂ ਤੋਂ ਪੰਜਾਬੀ ਸਾਹਿਤ ਦੀ ਝੋਲੀ ਭਰ ਦਿੱਤੀ। ਪੰਜਾਬੀ ਦੇ ਇਸ ਸ਼ਾਇਰ ਦੀ ਮੌਤ ਜਿਗਰ ਖ਼ਰਾਬ ਹੋਣ ਕਾਰਨ 6 ਮਈ 1973 ਈ. ਨੂੰ ਆਪਣੇ ਸਹੁਰੇ ਪਿੰਡ ਮੰਗਿਆਸ (ਮਾਧੋਪੁਰ ਬੇਟ) ਵਿਖੇ ਸਦਾ ਦੀ ਨੀਂਦ ਸੌ ਗਿਆ।