ਸੁਰਜੀਤ ਪਾਤਰ ਆਧੁਨਿਕ ਦੌਰ ਦੇ ਸਭ ਤੋਂ ਵੱਧ ਹਰਮਨ ਪਿਆਰੇ ਕਵੀ ਸਨ। ਉਹਨਾਂ ਦਾ ਜਨਮ 14 ਜਨਵਰੀ 1945 ਈ. ਨੂੰ ਪਿੰਡ ਪੱਤੜਾਂ ਜ਼ਿਲ੍ਹਾਂ ਕਪੂਰਥਲਾ ਵਿਚ ਹੋਇਆ। ਸੁਰਜੀਤ ਪਾਤਰ ਦਾ ਅਸਲ ਨਾਮ ਸੁਰਜੀਤ ਸਿੰਘ ਹੁੰਜਣ ਸੀ ਅਤੇ ਉਹਨਾਂ ਦੇ ਪਿਤਾ ਸ. ਹਰਭਜਨ ਸਿੰਘ ਅਤੇ ਮਾਤਾ ਦਾ ਨਾਂ ਗੁਰਬਖ਼ਸ਼ ਕੌਰ ਸੀ। ਉਹਨਾਂ ਨੇ ਆਪਣਾ ਤਖ਼ੱਲੁਸ ਪਾਤਰ ਆਪਣੇ ਪਿੰਡ ਪੱਤੜ ਤੋਂ ਹੀ ਰੱਖਿਆ ਹੋਇਆ ਸੀ। ਸੁਰਜੀਤ ਪਾਤਰ ਨੇ ਆਪਣੀ ਸਿੱਖਿਆ ਦੀ ਨੀਂਹ ਪਿੰਡ ਦੇ ਸਕੂਲ ਤੋਂ ਰੱਖੀ, ਜਿੱਥੋਂ ਉਨ੍ਹਾਂ ਨੇ ਪ੍ਰਾਇਮਰੀ ਸਿੱਖਿਆ ਪੂਰੀ ਕੀਤੀ। ਖ਼ਾਲਸਾ ਹਾਈ ਸਕੂਲ, ਖਹਿਰਾ ਮਝਾ ਤੋਂ ਮੈਟ੍ਰਿਕ ਅਤੇ ਰਣਧੀਰ ਸਰਕਾਰੀ ਕਾਲਜ, ਕਪੂਰਥਲਾ ਤੋਂ ਬੀ.ਏ. ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪੰਜਾਬੀ ਸਾਹਿਤ ਵਿੱਚ ਐਮ.ਏ. ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ "Transformation of Folklore in Guru Nanak Vani" ਵਿਸ਼ੇ ’ਤੇ ਡਾਕਟਰੇਟ (ਪੀ.ਐਚ.ਡੀ.) ਪੂਰੀ ਕੀਤੀ।
ਸੁਰਜੀਤ ਪਾਤਰ ਨੇ 1969 ਵਿੱਚ ਬਾਬਾ ਬੁੱਢਾ ਕਾਲਜ, ਬੀੜ ਸਾਹਿਬ, ਅੰਮ੍ਰਿਤਸਰ ਵਿੱਚ ਲੈਕਚਰਾਰ ਵਜੋਂ ਆਪਣੇ ਅਕਾਦਮਿਕ ਕਰੀਅਰ ਦੀ ਸ਼ੁਰੂਆਤ ਕੀਤੀ। ਬਾਅਦ ਵਿੱਚ, ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਪੰਜਾਬੀ ਸਾਹਿਤ ਦੇ ਪ੍ਰੋਫੈਸਰ ਨਿਯੁਕਤ ਹੋਏ, ਜਿੱਥੋਂ ਉਹ ਸੇਵਾਮੁਕਤ ਹੋਏ। 2002 ਤੋਂ 2008 ਤੱਕ ਉਹ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਪ੍ਰਧਾਨ ਰਹੇ, ਜਿੱਥੇ ਉਨ੍ਹਾਂ ਨੇ ਸਾਹਿਤਕ ਸਰਗਰਮੀਆਂ ਨੂੰ ਸੰਗਠਿਤ ਕਰਕੇ ਅਕਾਦਮੀ ਨੂੰ ਸਾਹਿਤਕ ਚਰਚਾ ਦਾ ਕੇਂਦਰ ਬਣਾਇਆ। 2013 ਵਿੱਚ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਦਾ ਪ੍ਰਧਾਨ ਨਾਮਜ਼ਦ ਕੀਤਾ। ਇਸ ਤੋਂ ਇਲਾਵਾ, ਉਹ ਗੁਰੂ ਗ੍ਰੰਥ ਸਾਹਿਬ ਵਰਲਡ ਸਿੱਖ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵਿੱਚ ਵਿਜ਼ਿਟਿੰਗ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਉਂਦੇ ਰਹੇ।
ਸੁਰਜੀਤ ਪਾਤਰ ਨੇ 1960 ਦੇ ਦਹਾਕੇ ਵਿੱਚ ਕਾਵਿ-ਰਚਨਾ ਸ਼ੁਰੂ ਕੀਤੀ ਅਤੇ ਪੰਜਾਬੀ ਗ਼ਜ਼ਲ ਨੂੰ ਰਾਗਾਤਮਕਤਾ, ਮਾਨਵਵਾਦੀ ਚੇਤਨਾ ਅਤੇ ਸਮਾਜਿਕ ਜਟਿਲਤਾਵਾਂ ਦੀ ਸੂਝ ਨਾਲ ਸੰਵਾਰਿਆ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਸਮਾਜਕ ਅਸਮਾਨਤਾਵਾਂ, ਮਨੁੱਖੀ ਮਨ ਦੀਆਂ ਸੂਖਮ ਭਾਵਨਾਵਾਂ ਅਤੇ ਪੰਜਾਬੀ ਸਭਿਆਚਾਰ ਦੀ ਗੰਗਾ-ਜਮਨੀ ਤਹਿਜ਼ੀਬ ਦੀ ਝਲਕ ਮਿਲਦੀ ਹੈ। ਉਨ੍ਹਾਂ ਦੀਆਂ ਪ੍ਰਮੁੱਖ ਕਾਵਿ-ਰਚਨਾਵਾਂ ਵਿੱਚ ਸ਼ਾਮਲ ਹਨ: ‘ਹਵਾ ਵਿੱਚ ਲਿਖੇ ਹਰਫ਼’ (1979), ‘ਬਿਰਖ ਅਰਜ਼ ਕਰੇ’ (1992), ‘ਹਨੇਰੇ ਵਿੱਚ ਸੁਲਗਦੀ ਵਰਣਮਾਲਾ’ (1992), ‘ਲਫ਼ਜ਼ਾਂ ਦੀ ਦਰਗਾਹ’ (1999), ‘ਪਤਝੜ ਦੀ ਪਾਜ਼ੇਬ’, ‘ਸੁਰ-ਜ਼ਮੀਨ’ (2008), ਅਤੇ ‘ਚੰਨ ਸੂਰਜ ਦੀ ਵਹਿੰਗੀ’। ਇਹ ਸੰਗ੍ਰਹਿ ਆਧੁਨਿਕ ਮਨੁੱਖ ਦੀਆਂ ਵਿਡੰਬਨਾਵਾਂ, ਸਮਾਜਿਕ ਸੰਘਰਸ਼ ਅਤੇ ਭਾਵਨਾਤਮਕ ਗਹਿਰਾਈ ਨੂੰ ਪ੍ਰਗਟ ਕਰਦੇ ਹਨ।
ਉਨ੍ਹਾਂ ਨੇ ਅਨੁਵਾਦ ਦੇ ਖੇਤਰ ਵਿੱਚ ਵੀ ਮਹੱਤਵਪੂਰਨ ਯੋਗਦਾਨ ਦਿੱਤਾ। ਉਨ੍ਹਾਂ ਦੁਆਰਾ ਅਨੁਵਾਦਿਤ ਕਾਰਜਾਂ ਵਿੱਚ ਸਪੇਨੀ ਨਾਟਕਕਾਰ ਫ਼ੈਦਰਿਕੋ ਗਾਰਸੀਆ ਲੋਰਕਾ ਦੇ ਨਾਟਕ ‘ਅੱਗ ਦੇ ਕਲੀਰੇ’ (ਬਲੱਡ ਵੈਡਿੰਗ), ‘ਸਈਓ ਨੀ ਮੈਂ ਅੰਤਹੀਣ ਤਰਕਾਲਾਂ’ (ਯੇਰਮਾ) ਅਤੇ ‘ਹੁਕਮੀ ਦੀ ਹਵੇਲੀ’ (ਲਾ ਕਾਸਾ ਡੇ ਬਰਨਾਰਡਾ ਅਲਬਾ), ਗਿਰੀਸ਼ ਕਾਰਨਾਡ ਦਾ ‘ਨਾਗ ਮੰਡਲ’ ਅਤੇ ਯਾਂ ਜਿਰਾਦੂ ਦਾ ‘ਸ਼ਹਿਰ ਮੇਰੇ ਦੀ ਪਾਗਲ ਔਰਤ’ ਸ਼ਾਮਲ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਬ੍ਰੈਖ਼ਤ ਅਤੇ ਨੇਰੂਦਾ ਦੀਆਂ ਕਵਿਤਾਵਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ। ਉਨ੍ਹਾਂ ਨੇ ਪੰਜਾਬੀ ਫ਼ੀਚਰ ਫ਼ਿਲਮ ‘ਸ਼ਹੀਦ ਊਧਮ ਸਿੰਘ’ ਦੇ ਸੰਵਾਦ ਲਿਖੇ ਅਤੇ ਆਪਣੀ ਮਖਮਲੀ ਆਵਾਜ਼ ਵਿੱਚ ‘ਬਿਰਖ ਜੋ ਸਾਜ਼ ਹੈ’ ਨਾਮਕ ਟੇਪ ਜਾਰੀ ਕੀਤੀ।
ਸੁਰਜੀਤ ਪਾਤਰ ਨੂੰ ਉਨ੍ਹਾਂ ਦੇ ਸਾਹਿਤਕ ਯੋਗਦਾਨ ਲਈ ਅਨੇਕ ਸਨਮਾਨ ਪ੍ਰਾਪਤ ਹੋਏ, ਜਿਨ੍ਹਾਂ ਵਿੱਚ ਸਾਹਿਤ ਅਕਾਦਮੀ ਇਨਾਮ ਅਤੇ 2012 ਵਿੱਚ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਸ਼ਾਮਿਲ ਹਨ। ਉਨ੍ਹਾਂ ਨੂੰ ਕੋਲੰਬੀਆ ਦੇ ਮੈਦਿਯਨ ਸ਼ਹਿਰ ਵਿੱਚ ਅੰਤਰਰਾਸ਼ਟਰੀ ਕਵਿਤਾ ਉਤਸਵ ਵਿੱਚ ਸੱਦਿਆ ਗਿਆ, ਜਿੱਥੇ ਉਨ੍ਹਾਂ ਦੀ ਵਿਲੱਖਣ ਪੰਜਾਬੀ ਸ਼ਖਸੀਅਤ ਨੇ ਸਥਾਨਕ ਲੋਕਾਂ ਦਾ ਧਿਆਨ ਖਿੱਚਿਆ।
11 ਮਈ 2024 ਨੂੰ ਲੁਧਿਆਣਾ ਵਿਚ ਦਿਲ ਦਾ ਦੌਰਾ ਪੈਣ ਕਰਕੇ ਉਹਨਾ ਦੀ ਮੌਤ ਹੋ ਗਈ ਸੀ।