ਬੰਦਨਾ

ਕ਼ਿੱਸਾ ਭਰਥਰੀ-ਹਰੀ ਵਿਚੋਂ :-

ਕਰਾਂ ਬੰਦਨਾਂ ਓਸ ਪਰਮਾਤਮਾ ਨੂੰ, ਜੇਹੜਾ ਆਸਰਾ ਕੁੱਲ ਸੰਸਾਰ ਦਾ ਹੈ।

ਸਦਾ ਸ਼ਾਂਤੀ ਰੂਪ ਅਡੋਲ ਮੂਰਤਿ, ਆਦਿ ਅੰਤ ਨਾ ਓਸ ਨਿਰਾਧਾਰ ਦਾ ਹੈ

ਜਨਮ ਮਰਨ ਵਾਧੇ ਘਾਟੇ ਵਿਚ ਨਾਹੀ, ਰੂਪ ਰੰਗ ਨੂੰ ਕਦੀ ਨਾ ਧਾਰਦਾ ਹੈ।

ਦਸ਼ਾ ਕਾਲ ਦੇ ਭੇਦ ਤੋਂ ਬਾਹਰ ਦਿੱਸੇ, ਸਰਬ ਘਟਾਂ ਅੰਦਰ ਚਮਕ ਮਾਰਦਾ ਹੈ

ਸੂਰਜ ਚੰਦ ਤਾਰੇ ਤੇ ਅਕਾਸ਼ ਧਰਤੀ, ਕਲਾਧਾਰ ਬਿਨ ਥੰਮ ਖਲਾਰਦਾ ਹੈ।

ਜੜ੍ਹਾਂ, ਚੇਤਨਾਂ, ਜਲਚਰਾਂ, ਬਨਚਰਾਂ ਦੀ, ਕਰੇ ਪਾਲਣਾ ਦੁੱਖ ਨਿਵਾਰਦਾ ਹੈ

ਦੇਵੀ ਦੇਵ ਹੱਥੀਂ ਬੱਧੀ ਹੁਕਮ ਅੰਦਰ, ਧੰਨਵਾਦ ਕਰਦੇ ਸਿਰਜਣਹਾਰ ਦਾ ਹੈ।

ਬ੍ਰਹਮਾ ਵੇਦ ਰਚ ਕੇ ਉਸ ਦਾ ਰਟਨ ਕਰਦਾ, ਸਦਾ ਨੇਤ ਹੀ ਨੇਤ ਪੁਕਾਰਦਾ ਹੈ।

ਮਹਾਂਦੇਵ ਨੇ ਧਾਰਿਆ ਰਾਮ ਮੰਤ੍ਰ, ਜੇਹੜਾ ਜਪੇ ਮੂੰਹੋਂ ਉਸ ਨੂੰ ਤਾਰਦਾ ਹੈ।

ਕਰੇ ਪਾਲਣਾ ਨਿੱਕਿਆਂ ਮੋਟਿਆਂ ਦੀ, ਰੋਜ਼ੀ ਰੋਜ਼ ਪਹੁੰਚਾ ਨਾ ਹਾਰਦਾ ਹੈ।

ਕਰੇ ਉਤਪਤੀ ਆਪ ਤੇ ਆਪ ਪਾਲੇ, ਰੁੱਦ੍ਰ ਰੂਪ ਧਰ ਆਪ ਸੰਘਾਰਦਾ ਹੈ।

ਐਸੇ ਦਿਓ, ਆਦਿਓ, ਬ੍ਰਹਮੇਓ ਤਾਈਂ, ਚਾਤ੍ਰਿਕ ਹੱਥ ਬੱਧੇ ਨਮਸਕਾਰਦਾ ਹੈ।

ਨਮਸਕਾਰ ਦੂਜੀ ਗੁਰਾਂ ਸੱਚਿਆਂ ਨੂੰ, ਚਰਨ ਪਕੜਿਆਂ ਜਿਨ੍ਹਾਂ ਸੰਸਾਰ ਤਰੀਏ

ਪੌੜੀ ਚਾੜਦੇ ਗਯਾਨ ਸਿੱਖ ਦੇ ਕੇ, ਜਿਹਨੂੰ ਪਾਇ ਕੇ ਤਾਪ ਸੰਤਾਪ ਹਰੀਏ

ਬਸੀਠ ਦਰਗਾਹ ਦੇ ਬਣਨ ਆਪੇ, ਕ੍ਰਿਪਾ ਕਰਨ ਤਾਂ ਭਜਨ ਕਰਤਾਰ ਕਰੀਏ

ਦੀਵਾ ਬਾਲ ਕੇ ਹੱਥ ਫੜਾਇ ਦੇਂਦੇ, ਚਾਨਣ ਪਾਏ ਨਾ ਠੋਕਰਾਂ ਖਾਇ ਮਰੀਏ

ਉਹ ਸਮਰੱਥ ਪਰਤੱਖ ਨੇ ਮੁਕਤ ਦਾਤੇ, ਕ੍ਰਿਪਾ ਉਨ੍ਹਾਂ, ਸ਼ਾਂਤੀ ਪਾਇ ਠਰੀਏ

ਕਰਕੇ ਨਜ਼ਰ, ਨਿਹਾਲ ਕਰ ਦੇਣ ਪਲ ਵਿਚ, ਫੇਰ ਕਾਲ ਜੰਜਾਲ ਤੋਂ ਨਹੀਂ ਡਰੀਏ।

ਹੁੰਦੇ ਆਨ ਸਹਾਇ ਹਰ ਬਿਪਤ ਅੰਦਰ, ਜਦੋਂ ਨਾਲ ਪ੍ਰੇਮ ਦੇ ਧਯਾਨ ਧਰੀਏ

ਚਾਤ੍ਰਿਕ ਨੀਚ ਪਾਪੀ ਆਯਾ ਸ਼ਰਨ ਸਤਿਗੁਰ, ਦੇ ਕੇ ਨਾਮ ਸੁੰਞੜੇ ਧਾਮ ਭਰੀਏ।