ਹਮਦਬਾਰੀ ਤਾਅਲਾ

ਅੱਵਲ ਹਮਦ ਸਨਾ ਇਲਾਹੀ ਜੋ ਮਾਲਕ ਹਰ ਹਰ ਦਾ।

ਉਸ ਦਾ ਨਾਮ ਚਿਤਾਰਨ ਵਾਲਾ, ਹਰ ਮੈਦਾਨ ਨਾ ਹਰਦਾ।

ਕਾਮ ਤਮਾਮ ਮੁਯੱਸਰ ਹੋਂਦੇ, ਨਾਮ ਉਹਦਾ ਚਿੱਤ ਧਰਿਆਂ।

ਰਹਿਮੋਂ ਸੁੱਕੇ ਸਾਵੇ ਕਰਦਾ, ਕਹਿਰੋਂ ਸਾੜੇ ਹਰਿਆਂ।

ਕੁਦਰਤ ਥੀਂ ਜਿਸ ਬਾਗ਼ ਬਣਾਏ, ਜਗ ਸੰਸਾਰ ਤਮਾਮੀ।

ਰੰਗ-ਬ-ਰੰਗੀ ਬੂਟੇ ਲਾਏ, ਕੁਝ ਖ਼ਾਸੀ ਕੁਝ ਆਮੀ।

ਇਕਨਾਂ ਦੇ ਫਲ ਮਿੱਠੇ ਕੀਤੇ, ਪੱਤ ਉਨ੍ਹਾਂ ਦੇ ਕੌੜੇ।

ਇਕਨਾਂ ਦੇ ਫੁੱਲ ਕਾਰਨ ਆਵਣ, ਨਫ਼ੇ ਫਲਾਂ ਦੇ ਥੋੜ੍ਹੇ।

ਏਸ ਅਜਾਇਬ ਬਾਗ਼ੇ ਅੰਦਰ, ਆਦਮ ਦਾ ਰੁੱਖ ਲਾਇਆ।

ਮਅਰਫ਼ਤ ਦਾ ਮੇਵਾ ਦੇ ਕੇ, ਵਾਹ ਫਲਦਾਰ ਬਣਾਇਆ।

ਰਹਿਮਤ ਦਾ ਜਦ ਪਾਣੀ ਲੱਗਾ, ਤਾਂ ਹੋਇਆ ਇਹ ਹਰਿਆ।

ਹਰ ਹਰ ਡਾਲੀ ਨੇ ਫਲ ਪਾਇਆ, ਸਿਰ ਧਰਤੀ ਜਦ ਧਰਿਆ।

ਵਾਹਵਾ ਖ਼ਾਲਿਕ ਸਿਰਜਣਹਾਰਾ, ਮਲਕਾਂ ਜ਼ਿੰਨ ਇਨਸਾਨਾਂ।

ਅਰਬਅ ਅਨਾਸਿਰ ਥੀਂ ਜਿਸ ਕੀਤਾ, ਗੂਨਾ ਗੂਨ ਹੈਵਾਨਾਂ।

ਕਨਾਹ ਓਹਦੀ ਨਿਉ ਕੋਈ ਨਾ ਪਹੁਤਾ,ਆਕਿਲ ਬਾਲਿਗ਼ ਦਾਨਾਂ।

ਦਰਿ, ਜਿਸ ਦੇ ਸਿਰ ਸਿਜਦੇ ਸੁੱਟੇ, ਲੋਹ ਕਲਮ ਅਸਮਾਨਾਂ।

ਹੁਕਮ ਓਹਦੇ ਬਿਨ ਕਖ ਨਾ ਹਿਲਦਾ, ਵਾਹ ਕੁਦਰਤ ਦਾ ਵਾਲੀ।

ਜੀਆਂ-ਜੂਨ ਨਿਗਾਹ ਓਹਦੀ ਵਿੱਚ ਹਰ ਪੱਤਰ ਹਰ ਡਾਲੀ।

ਆਪ ਮਕਾਨੋਂ ਖ਼ਾਲੀ, ਉਸ ਥੀਂ, ਕੋਈ ਮਕਾਨ ਨਾ ਖਾਲੀ।

ਹਰ ਵੇਲੇ ਹਰ ਚੀਜ਼ ਮੁਹੰਮਦ, ਰੱਖਦਾ ਨਿੱਤ ਸੰਭਾਲੀ।

ਜੂਨ ਹਜ਼ਾਰ ਅਠਾਰਾਂ ਉਸ ਨੇ, ਦੁਨੀਆ ਵਿੱਚ ਬਣਾਈ।

ਸੂਰਤ ਸੀਰਤ ਤੇ ਖ਼ਾਸੀਅਤ, ਵੱਖੋ ਵੱਖਰੀ ਪਾਈ।

ਜੁਦਾ ਜੁਦਾ ਹਰ ਜੂਨੇ ਜੋਗੇ, ਜਗ ਤੇ ਕੀਤੇ ਖਾਣੇ।

ਅੰਨ੍ਹੇ ਲੂਹਲੇ ਮਾੜੇ ਮੋਟੇ, ਹਰ ਨੂੰ ਨਿੱਤ ਪੁਚਾਣੇ।

ਜੋ ਜੋ ਰਿਜ਼ਕ ਕਿਸੇ ਦਾ ਕੀਤਾ ਸੁ, ਲਿਖਿਆ ਕਦੀ ਨਾ ਟਾਲੇ।

ਲੱਖ ਕਰੋੜ ਤੱਕੇ ਬੁਰਿਆਈਆਂ, ਫਿਰ ਭੀ ਓਵੇਂ ਪਾਲੇ।

ਆਦਮ ਥੀਂ ਲੈ ਇਸ ਦਮ ਤੋ ਭੀ, ਲੱਖ ਹੋਏ ਮਰ-ਮਿੱਟੀ।

ਸੂਰਤ ਜੁਦਾ ਜੁਦਾ ਸਭਸ ਦੀ, ਇਲਮ ਉਹਦੇ ਵਿੱਚ ਘੱਤੀ।

ਵਖੋ ਵਖਰੇ ਲੇਖ ਸਭਸ ਦੇ, ਲਿਖ ਛਡਿਓਸੁ ਹਿਕ ਵਾਰੀ।

ਜੰਮਣ ਮਰਨ ਨਾ ਘੁੱਸਣ ਦੇਂਦਾ, ਸਾਇਤ ਉਹਦੀ ਸਾਰੀ।

ਹਿਕੋ ਫ਼ਰਸ਼ ਜ਼ਿਮੀਂ ਦਾ ਸਾਰਾ, ਹਿਕੇ ਮੀਂਹ ਤਰਾਵਤ।

ਬੂਟੇ ਰੁਖ ਜ਼ਿਮੀ ਪਰ ਜਿਤਨੇ, ਸਭਨਾਂ ਵਿੱਚ ਤਫ਼ਾਵਤ।

ਸੈ ਨਾੜੀਂ ਹਿਕ ਪਤਰ ਅੰਦਰ, ਜੋੜ ਕਈ ਵਿੱਚ ਜੋੜੇ।

ਇਲਮ ਓਹਦੇ ਵਿੱਚ ਕਖ ਨਾ ਭੁੱਲਾ, ਸਭ ਮਾਲਮ ਬਿਨ-ਲੋੜੇ।

ਸਨਅਤ ਦਾ ਕੁਝ ਅੰਤ ਨਾ ਲੱਭਦਾ, ਨਜ਼ਰ ਕਰੋ ਜਿਸ ਜਾਈ।

ਧੰਨ ਓਹ ਕਾਦਿਰ ਸਿਰਜਣਹਾਰਾ, ਜਿਸ ਸਭ ਚੀਜ਼ ਬਣਾਈ।

ਜੇ ਇਕ ਮੱਛਰ ਦਾ ਪਰ ਭੱਜੇ, ਤੋੜੇ ਸਭ ਜਗ ਲੱਗੇ।

ਹਰਗਿਜ਼ ਰਾਸ ਨਾ ਹੁੰਦਾ ਮੁੜ ਕੇ, ਜਿਓਂ ਕਰ ਆਹਾ ਅੱਗੇ।

ਇਤਨਾ ਕੰਮ ਨਹੀਂ ਕਰ ਸਕਦੇ, ਦਾਨਿਸ਼ਮੰਦ ਸਿਆਣੇ।

ਹਿਕਮਤ ਪਾਕ ਹਕੀਮ ਸੱਚੇ ਦੀ, ਕੌਣ ਕੋਈ ਸਭ ਜਾਣੇ।

ਆਪੇ ਦਾਨਾ ਆਪੇ ਬੀਨਾ, ਹਰ ਕੰਮ ਕਰਦਾ ਆਪੇ।

ਵਾਹਿਦ ਲਾਸ਼ਰੀਕ ਇਲਾਹੀ ਸਿਫ਼ਤਾਂ ਨਾਲ ਸਿੰਞਾਪੇ।

ਰੱਬ ਜੱਬਾਰ ਕੱਹਾਰ ਸੁਨੀਂਦਾ ਖ਼ੌਫ਼ ਭਲਾ ਉਸ ਬਾਬੋਂ।

ਹੈ ਸੱਤਾਰ ਗ਼ਫ਼ਾਰ ਹਮੇਸ਼ਾ, ਰਹਿਮ ਉਮੀਦ ਜਨਾਬੋਂ।

ਬਾਦਸ਼ਾਹਾਂ ਥੀਂ ਭੀਖ ਮੰਗਾਵੇ, ਤਖ਼ਤ ਬਹਾਵੇ ਘਾਹੀ।

ਕੁਝ ਪਰਵਾਹ ਨਹੀਂ ਘਰ ਉਸ ਦੇ, ਦਾਇਮ ਬੇਪਰਵਾਹੀ।

ਸਮ-ਬ-ਕਮ ਰਹਿਣ ਫ਼ਰਿਸ਼ਤੇ, ਕਿਸ ਤਾਕਤ ਦਮ ਮਾਰੇ।

ਦਰ ਉਸ ਦੇ ਪਰ ਆਜਿਜ਼ ਹੋ ਕੇ, ਢਹਿੰਦੇ ਬਜ਼ੁਰਗ ਸਾਰੇ।

ਹਰ ਢੱਠੇ ਨੂੰ ਹੱਥੀਂ ਦੇਂਦਾ, ਬਖ਼ਸ਼ਣਹਾਰ ਖ਼ਤਾਈਆਂ।

ਦਿਤਉਸ ਸੁਖ਼ਨ ਜ਼ਬਾਨਾਂ ਅੰਦਰ, ਸੁਖਨਾਂ ਵਿੱਚ ਸਫ਼ਾਈਆਂ।

ਹਰ ਦਰ ਤੋਂ ਦੁਰਕਾਰਨ ਹੋਂਦਾ, ਜੋ ਇਸ ਦਰ ਥੀਂ ਮੁੜਿਆ।

ਓਸੇ ਦਾ ਉਸ ਸ਼ਾਨ ਵਧਾਇਆ, ਜੋ ਉਸ ਪਾਸੇ ਉੜਿਆ।

ਬਾਦਸ਼ਾਹਾਂ ਦੇ ਸ਼ਾਹ ਉਸ ਅੱਗੇ, ਮੂੰਹ ਮਲਦੇ ਵਿੱਚ ਖ਼ਾਕਾਂ।

ਔਗਣਹਾਰ ਕਹਾਇਆ ਉੱਥੇ, ਸੱਚਿਆਂ ਸਾਫ਼ਾ ਪਾਕਾਂ।

ਮਗ਼ਰੂਰਾਂ ਨੂੰ ਪਕੜ ਨਾ ਕਰਦਾ, ਉਸੇ ਵਕਤ ਸ਼ਿਤਾਬੀ।

ਮਅਜ਼ੂਰਾਂ ਨੂੰ ਚੱਕੇ ਨਾਹੀਂ, ਕਰਕੇ ਕਹਿਰ ਖ਼ਰਾਬੀ।

ਜੇਕਰ ਖ਼ਫ਼ਗੀ ਕਰੇ ਅਸਾਂ ਪਰ, ਤੱਕ ਕੇ ਕੰਮਾਂ ਬੁਰਿਆਂ।

ਬਖ਼ਸ਼ਿਸ਼ ਕਰ ਕੇ ਮਿਹਰੀਂ ਆਵੇ, ਫੇਰ ਉਹਦੇ ਦਰ ਉੜਿਆਂ।

ਮਾਉ ਪਿਉ ਦੀ ਬੇਫ਼ੁਰਮਾਨੀ, ਜੇ ਬੇਟਾ ਨਿੱਤ ਕਰਦਾ।

ਫ਼ਰਜ਼ੰਦੀ ਦਾ ਪਿਆਰ ਨਾ ਰਹਿੰਦਾ, ਕਹਿਣ ਕਿਵੇਂ ਇਹ ਮਰਦਾ।

ਸੱਜਨ ਭੈਣ ਭਰਾ ਨਾ ਹੋਵਣ, ਰਾਜ਼ੀ ਜਿਸ ਭਿਰਾਓ।

ਘਰ ਆਏ ਦਾ ਕਰਨ ਨਾ ਆਦਰ, ਕੱਪਨ ਉਹ ਦੀਆਂ ਵਾਉਂ।

ਦੋਸਤ ਯਾਰ ਕਿਸੇ ਦਾ ਹਿਕ ਦਿਨ, ਆਦਰ-ਭਾ ਨਾ ਹੋਵੇ।

ਫਿਰ ਉਹ ਮੁਖ ਦਿਖਾਂਦਾ ਨਾਹੀਂ, ਯਾਰੀ ਥੀਂ ਹੱਥ ਧੋਵੇ।

ਨਫ਼ਰ ਗ਼ੁਲਾਮ ਕਿਸੇ ਦਾ ਹੋਵੇ, ਖ਼ਿਦਮਤ ਅੰਦਰ ਢਿੱਲਾ।

ਖ਼ਾਵੰਦ ਨੂੰ ਕਦ ਚੰਗਾ ਲੱਗਦਾ, ਝਿੜਕੇ ਕਰ ਕਰ ਗਿੱਲਾ।

ਮੀਰ ਵਜ਼ੀਰ ਮੁਸਾਹਿਬ ਸ਼ਾਹਦੇ, ਹੁਕਮੋਂ ਬਾਹਰ ਹੋਵਣ।

ਸ਼ਾਹ ਖਦੇੜੇ ਗੁੱਸਾ ਕਰ ਕੇ ਹੋਰ ਭੀ ਨੌਕਰ ਰੋਵਣ।

ਵਾਹ ਵਾ ਸਾਹਿਬ ਬਖਸ਼ਣਹਾਰਾ, ਤੱਨ ਤੱਕ ਏਡ ਗੁਨਾਹਾਂ।

ਇੱਜ਼ਤ ਰਿਜ਼ਕ ਨਾ ਖੱਸੇ ਸਾਡਾ, ਦੇਂਦਾ ਫੇਰ ਪਨਾਹਾਂ।

ਦੋਏ ਜਹਾਨ ਅਸਮਾਨ ਜ਼ਮੀਨਾਂ, ਵਾਫ਼ਰ ਬੇ ਓੜੇ।

ਵਿੱਚ ਸਮੁੰਦਰ ਇਲਮ ਉਹਦੇ ਦੇ, ਹਿਕ ਕਤਰੇ ਥੀਂ ਥੋੜ੍ਹੇ।

ਖਾਨੇ ਪਾ ਬਹਾਈਓਸੁ ਚੌਂਕੀ, ਡਾਹ ਜ਼ਿਮੀਂ ਦਾ ਪੱਲਾ।

ਸੱਜਨ ਦੁਸ਼ਮਨ ਚੰਗੇ ਮੰਦੇ, ਦੇਂਦਾ ਨਾਲ ਧਰ ਕੱਲਾ।

ਜੋ ਉਹ ਕਹਿਰ ਕਮਾਵਣ ਲੱਗਦਾ, ਕੌਣ ਕੋਈ ਜੋ ਛੁੱਟਦਾ?

ਰਹਿਮਤ ਉਸ ਦੀ ਜਗ ਵਸਾਏ, ਹਰ ਇਕ ਨਿਅਮਤ ਲੁੱਟਦਾ।

ਬੰਦਗੀ ਦੀ ਪਰਵਾਹ ਨਾ ਉਸ ਨੂੰ, ਘਾਟਾ ਨਹੀਂ ਗੁਨਾਹੋਂ।

ਜ਼ੁਹਦ ਇਬਾਦਤ ਤਾਂ ਹੀ ਹੋਂਦੇ, ਜਾਂ ਘੱਲੇ ਦਰਗਾਹੋਂ।

ਸਦਾ ਸਲਾਮਤ ਰਾਜ ਉਸੇ ਦਾ, ਉਸ ਦਰ ਸਭ ਸਲਾਮੀ।

ਆਦਮ ਜਿੰਨ ਮਲਾਇਕ ਹਰ ਸ਼ੈ, ਜੀਆ ਜੂਨ ਤਮਾਮੀ।

ਮਾਨ ਕਰੇਂਦਿਆਂ ਮਾਨ ਤਰੋੜੇ, ਮਸਕੀਨਾਂ ਦਾ ਸਾਥੀ।

ਕੋਹ ਕਾਫ਼ਾਂ ਵਿੱਚ ਰੋਜ਼ੀ ਦੇਂਦਾ, ਸੀਮੁਰਗਾਂ ਨੂੰ ਹਾਥੀ।

ਲੁਤਫ਼ ਕਰੇਂਦਾ ਕਰਮ ਕੁਨਿੰਦਾ, ਹਰ ਦੇ ਕੰਮ ਸਵਾਰੇ।

ਸਭ ਖ਼ਲਕਤ ਦਾ ਰਾਖਾ ਓਹੋ ਭੇਤ ਪਛਾਣੇ ਸਾਰੇ।

ਸਭ ਵਡਿਆਈ ਉਸ ਨੂੰ ਲਾਇਕ, ਬੇਪਰਵਾਹ ਹਮੇਸ਼ਾ।

ਹਿਕਨਾਂ ਤਾਜ ਸਆਦਤ ਦੇਂਦਾ, ਹਿਕਨਾ ਬਦ ਅੰਦੇਸ਼ਾ।

ਐਬ ਮੇਰੇ ਪਰ ਪੱਲਾ ਦੇਂਦਾ, ਹੁਨਰ ਕਰੇਂਦਾ ਜ਼ਾਹਿਰ।

ਜਦੋਂ ਕਰਮ ਦਾ ਵਾੜਾ ਕਰਦਾ, ਕੋਈ ਨਾ ਰਹਿੰਦਾ ਬਾਹਿਰ।

ਹਰ ਆਜਿਜ਼ ਪਰ ਰਹਿਮਤ ਕਰਦਾ, ਕਰੇ ਕਬੂਲ ਦੁਆਈਂ।

ਬਿਨ ਮੰਗੇ ਲੱਖ ਦੇਵੇ ਦਾਤਾਂ, ਮਹਰਮ ਦਿਲ ਦਾ ਸਾਈਂ।

ਹਰ ਕੋਈ ਮੁਹਤਾਜ ਉਸੇ ਦਾ, ਮੰਗਣਹਾਰਾ ਦਰ ਦਾ।

ਹਰਗਿਜ਼ ਕੀਤੇ ਉਸ ਦੇ ਉੱਤੇ, ਉਂਗਲ ਕੋਈ ਨਾ ਧਰਦਾ।

ਦਾਇਮ ਨੇਕੋਕਾਰੀ ਕਰਦਾ, ਨੇਕੀ ਉਸ ਨੂੰ ਭਾਵੇ।

ਬਦੀਆਂ ਭੀ ਵਿਹ ਬਖ਼ਸ਼ ਗੁਜ਼ਰਦਾ, ਜਾਂ ਰਹਿਮਤ ਪਰ ਆਵੇ।

ਸੂਰਜ ਤਾਰੇ ਊਠ ਕਤਾਰੇ, ਮਸ਼ਰਕ ਮਗਰਬ ਜਾਂਦੇ।

ਖ਼ਾਕ ਜ਼ਿਮੀਂ ਦੀ ਸਾਬਤ ਰੱਖਦਾ, ਪਾਣੀ ਤੇ ਥਰ ਬਾਂਦੇ।

ਧਰਤੀ ਪੌਂਦ ਡੁਲਾਂਦੀ ਆਹੀ, ਏਧਰ ਓਧਰ ਹੋ ਕੇ।

ਹਿਕਮਤ ਨਾਲ ਲਗਾਇਉਸ ਮੁਹਕਮ, ਕੋਹ ਕਾਫ਼ਾਂ ਦੇ ਕੋਕੇ।

ਕਤਰੇ ਇਕ ਮਣੀ ਤੇ ਤਾਈਂ, ਕੀ ਕੁਝ ਜੋਬਨ ਦੇਂਦਾ।

ਪਾਣੀ ਉੱਤੇ ਸੂਰਤ ਲਿੱਖੇ, ਹਿਕਮਤ ਅਜਬ ਕਰੇਂਦਾ।

ਓਸ ਸੂਰਤ ਵਿੱਚ ਸੀਰਤ ਪਾਵੇ, ਅਹਿਲ-ਬਸੀਰਤ ਤਕਦੇ।

ਅੰਨ੍ਹੇ ਲੋਕ ਸਿਤਮਗਰ ਭਾਈ ਕਦਰ ਪਛਾਣ ਨਾ ਸਕਦੇ।

ਵੱਟੇ ਦੇ ਵਿੱਚ ਲਅਲ ਟਿਕਾਂਦਾ, ਜਾਣਨ ਕੀਮਤ ਪਾਂਦੇ।

ਸਾਵੀ ਸ਼ਾਖੇਂ ਵੇਖ ਨਿਕਾਲੇ, ਗੁਲ ਫੁੱਲ ਰੰਗ ਰੰਗਾਂ ਦੇ।

ਸਿਪਾਂ ਅੰਦਰ ਮੋਤੀ ਕਰਦਾ, ਰਖ ਕੇ ਕਤਰਾ ਪਾਣੀ।

ਸ਼ਿਕਮਾਂ ਵਿੱਚੋਂ ਬਾਹਰ ਆਨੇ, ਸੂਰਤ ਬੀਬੀ ਰਾਣੀ।

ਅੱਗਾ ਪਿੱਛਾ ਉਸ ਨੂੰ ਮਾਲਮ, ਨਾ ਛੁਪਿਆ ਇਕ ਜ਼ੱਰਾ।

ਦਾਨਾ ਬੀਨਾ ਕਿਸ਼ਫ ਕਲੂਬੀ, ਹੱਯੀ ਕਯੂਮ ਮੁਕਰੱਰਾ।

ਕੰਨਾਂ ਬਾਝੋਂ ਸੁਣਨੇ ਵਾਲਾ, ਤੱਕਦਾ ਹੈ ਬਿਨ ਨੈਣਾਂ।

ਬਾਝ ਜ਼ਬਾਨ ਕਲਾਮ ਕਰੇਂਦਾ, ਨਾ ਉਸ ਭਾਈ ਭੈਣਾਂ।

ਗ਼ਾਲਬ ਅਮਰ ਮੁਬਾਰਿਕ ਉਸ ਦੇ, ਨਾ ਹੋਇਆਂ ਨੂੰ ਕੀਤਾ।

ਹੋਇਆਂ ਨੂੰ ਨਾਬੂਦ ਕਰੇਸੀ, ਆਪ ਹਮੇਸ਼ਾ ਜੀਤਾ।

ਖ਼ਾਕ ਹੋਇਆਂ ਨੂੰ ਦੂਜੀ ਵਾਰੀ, ਮੁੜ ਕੇ ਜ਼ਿੰਦਾ ਕਰਸੀ।

ਵਿੱਚ ਮੈਦਾਨ ਕਿਆਮਤ ਵਾਲੇ, ਹਰ ਕੋਈ ਲੇਖਾ ਭਰਸੀ।

ਸਭ ਜਹਾਨ ਕੂਕੇਂਦਾ ਏਹੋ, ਹੈ ਤਹਕੀਕ ਇਲਾਹੀ।

ਲੇਕਿਨ ਕਨ੍ਹਾ ਮੁਬਾਰਿਕ ਉਸ ਦੀ, ਕਿਸੇ ਨਾ ਲੱਧੀ ਆਹੀ।

ਸਿਫ਼ਤ ਓਹਦੀ ਨੂੰ ਫ਼ਹਿਮ ਨਾ ਪਹੁਤਾ, ਜ਼ਾਤੀ ਵਹਿਮ ਨਾ ਪਾਂਦੇ।

ਇਸ ਢਾਬੇ ਕਈ ਬੇੜੇ ਡੁੱਬੇ, ਤਖ਼ਤਾ ਹੋਇਆ ਨਾ ਬਾਂਦੇ।

ਇਸ ਮੈਦਾਨ ਨਾ ਚੱਲੇ ਘੋੜਾ ਸ਼ੀਂਹ ਹੈਰਤ ਦਾ ਗੱਜੇ।

ਖ਼ਾਸ ਭਲੇ ਲਾ-ਅਹਿਸੀ ਕਹਿ ਕੇ, ਇਸ ਡੋਰੋਂ ਸਨ ਰੱਜੇ।

ਹਰ ਜਾਈ ਨਹੀਂ ਚਲਦੀ ਭਾਈ, ਜਿੱਭੇ ਦੀ ਚਤਰਾਈ।

ਕੰਨ ਡੋਰੇ ਜਿੰਭ ਗੂੰਗੀ ਹੋਂਦੀ, ਜਾਂ ਕੋਈ ਜਾਗਾਹ ਆਈ।

ਇਸ ਮਜਲਸ ਦਾ ਮਹਰਮ ਹੋ ਕੇ, ਫੇਰ ਨਾ ਮੁੜਦਾ ਕੋਈ।

ਜੋ ਇਹ ਮਸਤ ਪਿਆਲਾ ਪੀਂਦਾ, ਹੋਸ਼ ਖੜਾਂਦਾ ਸੋਈ।

ਇਸ ਖ਼ੂਨੀ ਦਰਿਆਉਂ ਡਰਦੇ, ਅਕਲ ਫ਼ਿਕਰ ਦੇ ਸਾਈਂ।

ਕਿਸ ਦੀ ਬੇੜੀ ਬਾਹਰ ਆਈ, ਪਹੁੰਚ ਅਜੇਹੀ ਜਾਈਂ।

ਜੇਕਰ ਤੈਨੂੰ ਤਲਬ ਮੁਹੰਮਦਾ, ਇਸ ਰਸਤੇ ਟੁਰ ਅੜਿਆ।

ਮੁੜ ਆਵਣ ਦੀ ਰੱਖ ਨਾ ਹਿੱਖੀ, ਇਥੋਂ ਕੋਈ ਨਾ ਮੁੜਿਆ।

ਨਾਲ ਰਿਆਜ਼ਤ ਕਰੇਂ ਸਫ਼ਾਈ, ਸਾਨ ਫ਼ਿਕਰ ਦੀ ਘੱਸ ਤੂੰ।

ਮੱਤ ਖ਼ੁਸ਼ਬੂ ਇਸ਼ਕ ਦੀ ਕਰਸੀ, ਤਾਲਿਬ ਅਹਿਦ ਅਲਸਤੋਂ।

ਪੈਰ ਤਲਬ ਦੇ ਖੜਸਨ ਓਥੇ, ਉਡੀਂ ਹੁੱਬ ਦੀ ਬਾਲੋਂ।

ਅੱਗੋਂ ਪਕੜ ਯਕੀਨ ਲੰਘਾਸੀ, ਪੜਦੇ ਪਾੜ ਖਿਆਲੋਂ।

ਇਹ ਦਰਿਆ ਮੁਹਾਣੇ ਬਾਝੋਂ, ਲੰਘਣ ਮੂਲ ਨਾ ਹੋਂਦਾ।

ਰੁੜ੍ਹ ਮਰਦਾ ਯਾ ਡੁੱਬਦਾ ਜਿਹੜਾ, ਆਪ ਹਿਕੱਲਾ ਪੌਂਦਾ।

ਜਿਨ੍ਹਾਂ ਮਲਾਹ ਮਨਾਇਆ ਨਾਹੀਂ, ਬੇੜੀ ਚੜ੍ਹੇ ਨਾ ਉਸ ਦੀ।

ਰਾਹੋਂ ਪਰਤ ਪਏ ਵਿੱਚ ਬਾਰਾਂ, ਮੁਫ਼ਤ ਨਿਕਰਮੀ ਮੁਸਦੀ।

ਰਸਤਾ ਛੋੜ ਨਬੀ ਦਾ ਟੁਰਿਆਂ, ਕੋਈ ਨਾ ਮੰਜ਼ਿਲ ਪੁਗਦਾ।

ਜੇ ਲੱਖ ਮਿਹਨਤ ਐਵੇਂ ਕਰੀਏ, ਕੱਲਰ ਕੌਲ ਨਾ ਉਗਦਾ।

ਰਸਤਾ ਸਾਫ਼ ਨਬੀ ਦੇ ਪੁੱਛੋ, ਹੋਰ ਨਾ ਜਾਣੇ ਕੋਈ।

ਓਹੋ ਕਰੇ ਸ਼ਫ਼ਾਇਤ ਸਾਡੀ, ਤਾਹੀਏਂ ਮਿਲਸੀ ਢੋਈ।