ਕੁਝ ਗ਼ਜ਼ਲਾਂ ਅਤੇ ਦੋਹੜੇ

ਤਖ਼ਤੀ ਦਿਲ ਦੀ ਉੱਤੇ ਲਿਖੇ, ਸੂਰਤ ਨਕਸ਼ ਸਜਨ ਦੇ।

ਧੋਤੇ ਦੂਰ ਨਾ ਹੋਂਦੇ ਹਰਗ਼ਿਜ਼, ਡੂੰਘੇ ਅੱਖਰ ਮਨ ਦੇ।

ਯਾਦ ਮੇਰੀ ਥੀਂ ਭੁਲਦੀ ਨਾਹੀਂ, ਹਰਗ਼ਿਜ਼ ਜ਼ੁਲਫ਼ ਪਰੀ ਦੀ।

ਸਖ਼ਤ ਕਮੰਦ ਘੱਤੇ ਜਿਸ ਵਾਂਗਰ, ਰੁਸਤਮ ਤੇ ਬਹਮਨ ਦੇ।

ਹੁਸਨ ਜਮਾਲ ਉਹਦੇ ਦਾ ਦਿਲ ਤੋਂ, ਮੂਲ ਖ਼ਿਆਲ ਨਾ ਜਾਂਦਾ।

ਤੋੜੇ ਜ਼ੁਲਮ ਇਜ਼ਾਬ ਮੇਰੇ ਤੇ, ਆਵਣ ਜ਼ਿਮੀ ਜ਼ਮਨ ਦੇ।

ਰੋਜ਼ ਅਜ਼ਲ ਦੇ ਜ਼ੁਲਫ਼ ਪੀਆ ਦੀ, ਬੰਨ੍ਹ ਲਿਆ ਦਿਲ ਮੇਰਾ।

ਆਖ਼ਿਰ ਤੀਕ ਨਾ ਛੁੱਟਣ ਦੇਸਣ, ਸਖ਼ਤ ਜੰਜ਼ੀਰ ਸਜਨ ਦੇ।

ਤੋੜੇ ਲੱਖ ਪਹਾੜ ਗ਼ਮਾਂ ਦੇ, ਸਿਰ ਮੇਰੇ ਪਰ ਤਰੁਟਣ।

ਸਿਰ ਜਾਸੀ ਪਰ ਭਾਰ ਨਾ ਸੁਟਸਾਂ, ਵਾਂਗਨ ਕੋਹ-ਸ਼ਿਕਨ ਦੇ।

ਰੋਗੀ ਜੀਊੜਾ ਦਾਰੂ ਲੋੜੇ, ਸ਼ਰਬਤ ਇਕ ਦੀਦਾਰੋਂ।

ਦੋਹਣ ਤਬੀਬਾਂ ਦੇ ਹਥਿ ਬਾਹਾਂ, ਰੋਗ ਜਿਨ੍ਹਾਂ ਦੇ ਤਨ ਦੇ।

ਹਿਰਸ ਸਜਨ ਦੀ ਜਾਨ ਮੇਰੀ ਵਿੱਚ, ਐਸਾ ਡੇਰਾ ਲਾਇਆ।

ਜਿੰਦ ਜਾਸੀ ਪਰ ਹਿਰਸ ਨਾ ਜਾਸੀ, ਪੱਕੇ ਕੌਲ ਸੁਖ਼ਨ ਦੇ।

ਖਿੜੇ ਗ਼ੁਲਾਬ ਸ਼ਿਗੂਫੇ ਉੱਗੇ, ਹੋਏ ਸਬਜ਼ ਬਗ਼ੀਚੇ।

ਆਈ ਵਾਉ ਫ਼ਜ਼ਰ ਦੀ ਲੈ ਕੇ, ਖ਼ਤ ਪੈਗ਼ਾਮ ਵਤਨ ਦੇ।

ਬਾਸ ਲਈ ਤਾ ਫਾਸ ਗਈ ਸੀ, ਪੁਰ ਪੁਰ ਕੰਡੀਂ ਸੱਲੇ।

ਬੁਲਬੁਲ ਨੂੰ ਕੀ ਹਾਸਿਲ ਹੋਇਆ, ਕਰ ਕੇ ਸੈਰ ਚਮਨ ਦੇ।

ਉਡ ਉਡਿ ਥੱਕੇ ਪਏ ਨਛੱਕੇ, ਬਾਤ ਨਾ ਪੁੱਛੀ ਯਾਰਾਂ।

ਵੇਖੋ ਚਕੋਰਾਂ ਦੀ ਫਲ ਪਾਇਆ, ਬਣ ਕੇ ਆਸ਼ਿਕ ਚੰਨ ਦੇ।

ਇਸ ਸੂਰਜਿ ਦੀ ਆਤਿਸ਼ ਕੋਲੋਂ, ਪਾਣੀ ਵਿੱਚ ਕੁਮਲਾਣਾ।

ਨੀਲੋਫ਼ਰ ਦਾ ਲਿਸ਼ਕ ਅਜੇ ਭੀ, ਬੇਪਰਵਾਹ ਨਾ ਮੰਨਦੇ।

ਜੇ ਕੋਈ ਚਾਹੇ ਵਾਂਙ ਮੁਹੰਮਦ, ਸਰਗਰਦਾਨ ਨਾ ਹੋਵੇ।

ਸੁਹਣਿਆਂ ਦੀ ਅਸਨਾਈਓ ਛੁਪ ਕੇ, ਬੈਠੇ ਨਾਲ ਅਮਨ ਦੇ।

ਬਹੁਤ ਉਮਰ ਗੁਜ਼ਾਰੀ ਐਵੇਂ, ਯਾਰ ਨਾ ਨਜ਼ਰੀਂ ਪੈਂਦੇ।

ਥੋੜ੍ਹੇ ਰੋਜ਼ ਜਵਾਨ ਜੋਬਨ, ਦਾਇਮ ਸਾਥੀ ਕੈਂਦੇ।

ਠੰਡੀ ਵਾ ਸਫ਼ਾਈ ਵਾਲੀ, ਖ਼ੁਸ਼ਬੂਦਾਰ ਵਫ਼ਾਈਉਂ।

ਅਜੇ ਨਾ ਆਈ ਦਿਲਬਰ ਵੱਲੋਂ, ਜਿਸ ਪਰ ਅਸੀਂ ਵਿਕੇਂਦੇ।

ਉਹ ਦਿਲਬਰ ਜੋ ਇਕ ਕੱਖ ਉੱਤੋਂ ਗੋਲਾ ਲਏ ਨਾ ਤੈਨੂੰ।

ਦੋਏ ਜਹਾਨ ਦੇਵੇ ਕੋਈ ਸਾਨੂੰ, ਉਸ ਦਾ ਵਾਲ ਨਾ ਦੇਦੇ।

ਗਾਲ ਮਵਾਲੀਂ ਚੰਗਾ ਮੰਦਾ, ਜੋ ਚਾਹੇ ਸੋ ਬੋਲੇ।

ਤੁਰਸ਼-ਜਵਾਬ ਮਿੱਠੇ ਮੂੰਹ ਵਿੱਚੋਂ, ਲਜ਼ਤ ਅਸੀਂ ਚਖ਼ੇਂਦੇ।

ਆਪਣਾ ਆਪ ਸੰਭਾਲਾ ਨਾਹੀਂ, ਮਨੋਂ ਵਿਸਾਰ ਸਜਨ ਨੂੰ।

ਆਪਣਾ ਹਾਲ ਨਾ ਤੱਕਦੇ ਮੁੜ ਕੇ, ਜੋ ਇਸ ਤਰਫ਼ ਤਕੇਂਦੇ।

ਜੇ ਲੱਖ ਗਾਲੀਂ ਤੱਅਨੇ ਦੇਵੇ, ਨਾਲੇ ਮੂੰਹ ਫਿਟਕਾਰੇ।

ਉਸ ਥੀਂ ਚੰਗਾ ਕੀ ਅਸਾਨੂੰ, ਉਸ ਸੰਗ ਬਾਤ ਕਰੇਂਦੇ।

ਕੀਤੀ ਕਸਮ ਬਤੇਰੀ ਵਾਰੀ, ਦਿਲ ਦੇ ਰੋਗ ਨਾ ਦੱਸਸਾਂ।

ਜਾਨ ਲਥਾਂ ਪਰ ਰਹੀ ਨਾ ਤਾਕਤ, ਤਾਂ ਹੁਣ ਜ਼ਾਹਿਰ ਪੇਂਦੇ।

ਮੁਖ ਪੀਆ ਦਾ ਆਬ-ਹੱਯਾਤੀ, ਅਸੀਂ ਮੋਏ ਤਰਿਹਾਏ।

ਜਲ ਬਿਨ ਮਛਲੀ ਵਾਙ ਮੁਹੰਮਦ, ਰਹੀਏ ਕਿਚਰ ਤਪੇਂਦੇ।

ਜੇ ਮਹਬੂਬ ਪਿਆਰਾ ਇਕ ਦਿਨ, ਵੱਸੇ ਨਾਲ ਅਸਾਡੇ।

ਜਾਣਾਂ ਅੱਜ ਹੁਮਾ ਪਖੇਰੂ, ਫਾਥਾ ਜਾਲ ਅਸਾਡੇ।

ਮਿਸਲ ਹਬਾਬ ਸਿਰੋਂ ਸੁਟਿ ਟੋਪੀ, ਜਲਿ ਖ਼ੁਸ਼ੀਆਂ ਦੇ ਡੋਬਾਂ।

ਪਏ ਪਛਾਵਾਂ ਉਸ ਦਾ ਜੇ ਵਿੱਚ, ਜਾਮ-ਜ਼ਲਾਲ ਅਸਾਡੇ।

ਚੜ੍ਹ ਚੰਨਾਂ ਤੇ ਕਰ ਰੁਸ਼ਨਾਈ, ਕਾਲੀ ਰਾਤ ਹਿਜਰ ਦੀ।

ਸ਼ਮੱਅ ਜਮਾਲ ਕਮਾਲ ਸਜਨ ਦੀ, ਘਰ ਬਾਲਿ ਅਸਾਡੇ।

ਦਿਲਬਰ ਦੇ ਦਰਿ ਜਾ ਨਾ ਸਕਦੇ, ਹੂਰਾਂ ਮਲਕ ਅਸਮਾਨੀ।

ਕਦ ਮਜਾਲ ਸਲਾਮ ਕਰਨ ਦੀ, ਮਿਸਲ ਕੰਗਾਲ ਅਸਾਡੇ।

ਸੋਹਣੀ ਸੂਰਤ ਦੇਖਿ ਲੱਬਾਂ ਤੋਂ, ਵਾਰੀ ਜਾਨ ਪਿਆਰੀ।

ਮਤ ਇਕ ਘੁੱਟ ਲੱਭੇ ਇਸ ਜਾਮੋਂ, ਇਹ ਖ਼ਿਆਲ ਅਸਾਡੇ।

ਕਹਿੰਦੇ ਫੇਰ ਖ਼ਿਆਲ ਜੁਲਫ਼ ਦਾ, ਜਾਣ ਨਾ ਜਾਣ ਪਿਆਰੇ।

ਐਸੇ ਕਈ ਸ਼ਿਕਾਰ ਫਸਾਂਦੇ, ਫਾਹੀਆਂ ਵਾਲ ਅਸਾਡੇ।

ਨਾ-ਉਮੈਦ ਸਜਨ ਦੇ ਦਰ ਥੀਂ, ਨਾ ਹੋਸਾਂ ਨਾ ਮੁੜਸਾਂ।

ਕਦੇ ਤੇ ਰਹਿਮ ਪਵੇਗਾ, ਉਸ ਨੂੰ, ਵੇਖ ਵਬਾਲ ਅਸਾਡੇ।

ਖ਼ਾਕ ਉਹਦੇ ਦਰ ਵਾਲੀ ਵਾਲਾ, ਜਿਸ ਦਮ ਮੈਂ ਦਮ ਮਾਰਾਂ।

ਮਿੱਠੀ ਵਾਉ ਜੱਨਤ ਦੀ ਫਿਰਦੀ, ਮਗ਼ਜ਼ ਦਵਾਲ ਅਸਾਡੇ।

ਹੇ ਵਾਉ ਇਸ ਇਸ਼ਕ ਮੇਰੇ ਦੀ, ਰਮਜ਼ ਪੀਆ ਕਨਿ ਪਾਈਂ।

ਆਖੀਂ ਹੱਥੀਂ ਮਾਰ ਤੁਸਾਨੂੰ, ਖ਼ੂਨ ਹਲਾਲ ਅਸਾਡੇ।

ਜੇ ਉਹ ਇਹ ਗੱਲ ਮੰਨੇ ਨਾਹੀਂ, ਸਾਫ਼ ਜਵਾਬ ਸੁਣਾਵੇ।

ਆਖੇ ਸ਼ਾਲਾ ਹੋਣ ਨਾ ਐਸੇ, ਨਫ਼ਰ ਬੇਹਾਲ ਅਸਾਡੇ।

ਕਹਿ ਅੱਗੋਂ ਹੇ ਸ਼ਾਹ ਹੁਸਨ ਦੇ, ਬਾਦਸ਼ਾਹਾਂ ਦਰਿ ਮੰਗਤੇ।

ਮੁੱਢ ਕਦੀਮੋਂ ਕਹਿੰਦੇ ਆਏ, ਭਾਈਵਾਲ ਅਸਾਡੇ।

ਕਰਨ ਗਦਾ ਸਜਨ ਦੇ ਕੂਚੇ, ਬਾਦਸ਼ਾਹੀ ਥੀਂ ਚੰਗਾ।

ਜੇ ਉਹ ਪਾਵੇ ਆਪ ਮੁਹੰਮਦ, ਖ਼ੈਰ ਰੁਮਾਲਿ ਅਸਾਡੇ।

ਮੌਤੇ ਨਾਲੋਂ ਬੁਰੀ ਜੁਦਾਈ, ਮੈਨੂੰ ਯਾਰ ਸੁਹਾਈ।

ਲੁਤਫ਼ ਖ਼ੁਦਾਈ ਲੈਸੀ ਬਦਲਾ, ਹੋਰ ਨਾ ਮੇਰਾ ਕਾਈ।

ਡੇਰਾ ਯਾਰ ਮੇਰੇ ਦਾ ਉੱਚਾ, ਆਲੀਸ਼ਾਨ ਜਹਾਨੋਂ।

ਕਰ ਫ਼ਰਯਾਦ ਉਚੇਰੀ ਸਾਰੀ, ਹੈ ਜਿੰਦ ਦਰਦ-ਦੁਖਾਈ।

ਬਾਝੋਂ ਅੱਖਰ ਇਸ਼ਕੇ ਵਾਲੇ, ਹੋਰ ਨਾ ਸਬਕ ਪੜ੍ਹਾਇਓਸੁ।

ਹੱਕ ਉਸਤਾਦ ਮੇਰੇ ਨੂੰ ਦੇਵੇ, ਨੇਕੀ ਤੇ ਵਡਿਆਈ।

ਸੋਹਣੀ ਸੂਰਤ ਵੇਖਣ ਕੋਲੋਂ ਮਨੁੱਅ ਨਾ ਕਰਿਉ ਭਾਈ।

ਜੰਮਦੜਿਆਂ ਇਹ ਆਦਤ ਮੈਨੂੰ, ਪਾਵਣ ਵਾਲੇ ਪਾਈ।

ਹੈ ਖ਼ੁਸ਼ ਵਾਉ ਸਜਨ ਦੇ ਜਾਵੀਂ, ਅੰਦਰ ਬਾਗ਼ ਸਜਨ ਦੇ।

ਸਰੂ-ਆਜ਼ਾਦ ਮੇਰੇ ਨੂੰ ਆਖੀਂ, ਕਰ ਕੇ ਸੀਸ ਨਿਵਾਈ।

ਬਾਝ ਦੀਦਾਰ ਤੇਰੇ ਥੀਂ ਸਜਨਾ, ਖ਼ੁਸ਼ੀ ਨਾ ਦਿੱਸੇ ਖਵਾਬੋਂ।

ਮੁੱਖ ਦਿਖਾਵੀਂ ਨਾ ਚਿਰ ਲਾਵੀਂ, ਆਵੀਂ ਬਰਾਏ ਖ਼ੁਦਾਈ।

ਹੇ ਵਾਉ ਜਾ ਆਖ ਸਜਨ ਨੂੰ. ਹੇ ਬੱਕ ਬਾਗ਼ਿ ਇਰਮ ਦੇ।

ਕਿਉਂ ਤੁਧ ਸਰਗਰਦਾਨੀ ਮੈਨੂੰ, ਵਿੱਚ ਉਜਾੜਾਂ ਪਾਈ।

ਆਪ ਸਈਆਂ ਵਿੱਚ ਰਲ ਕੇ ਖੇਡੇਂ, ਮਾਣੇਂ ਮੌਜਿ ਨਸੀਬਾਂ।

ਕਦੇ ਤੇ ਪੁੱਛ ਗ਼ਰੀਬਾਂ ਤਾਈਂ, ਜੇ ਹੋਏ ਸਹਿਰਾਈ।

ਸ਼ਕਰ ਵੇਚਣ ਵਾਲਾ ਬਨੀਆ, ਸ਼ਾਲਾ ਜੁਗ ਜੁਗ ਜੀਵੇ।

ਕਿਉਂ ਨਹੀਂ ਪੁੱਛਦਾ ਸੁਲਹ ਕਦਾਹੀਂ, ਤੋਤੇ ਭੁੱਖ ਸੁਕਾਈ।

ਮਾਨ ਹੁਸਨ ਦਾ ਠਾਕੇ ਤੈਨੂੰ, ਹੇ ਫੁੱਲ ਸ਼ਾਖ਼ ਗ਼ੁਲਾਬੀ।

ਪੁੱਛ ਨਹੀਂ ਗੱਲ ਬੁਲਬੁਲ ਕੋਲੋਂ, ਜੋ ਤੁਧ ਕਾਨ ਸੁਦਾਈ।

ਨਾਲ ਸੱਈਆਂ ਦੇ ਰਲ ਕੇ ਜਿਸ ਦਮ, ਮੱਧ ਖ਼ੁਸ਼ੀ ਦਾ ਪੀਵੇਂ।

ਕਰ ਖਾਂ ਯਾਦ ਮੈਨੂੰ ਭੀ ਜਿਸ ਨੇ, ਸਿਕਦਿਆਂ ਉਮਰ ਲੰਘਾਈ।

ਖ਼ਬਰ ਨਹੀਂ ਕੀ ਰੰਗ ਇਨ੍ਹਾਂ ਦਾ, ਕਿਸ ਸਬੱਬੋਂ ਨੱਸਦੇ?

ਗੂਹੜੇ ਨੈਣ ਸਿਆਹ ਜਿਨ੍ਹਾਂ ਦੇ, ਕਰਦੇ ਨਾ ਅਸ਼ਨਾਈ।

ਹੁਸਨ ਜਮਾਲ ਕਮਾਲ ਤੇਰੇ ਵਿੱਚ,ਹੋਰ ਤਮਾਮੀ ਸਿਫ਼ਤਾਂ।

ਇਕੋ ਐਬ ਵਫ਼ਾ ਮੁਹੱਬਤ, ਨਹੀਂ ਅੰਦਰ ਜ਼ੋਬਾਈ।

ਹੇ ਵਾਉ ! ਜਦ ਬਾਗ਼ਿ ਇਰਮ ਵਿੱਚ, ਜਸੇਂ ਪਾਸ ਪਿਆਰੇ।

ਹੱਥ ਬੰਨ੍ਹਿ ਅਰਜ਼ ਗੁਜ਼ਾਰੀਂ ਉੱਥੇ, ਹੋ ਕੇ ਮੇਰੀ ਜਾਈ।

ਮੈਂ ਨਿੱਤ ਦਰਦ ਤੇਰੇ ਦੀ ਆਤਿਸ਼, ਸੀਨੇ ਅੰਦਰ ਜਾਲਾਂ।

ਤਲੀਆਂ ਵਿੱਚ ਕੜਾਹ ਗ਼ਮਾਂ ਦੇ, ਜਿਉਂ ਮੱਛੀ ਜਲ-ਜਾਈ।

ਜੇ ਜੱਗ ਦੁਸ਼ਮਣ ਮਾਰਨ ਵਾਲਾ, ਤੂੰ ਇਕ ਸਜਨ ਹੋਵੇਂ।

ਮੌਤੋਂ ਜ਼ਰਾ ਨਾ ਡਰਸਾਂ, ਕਰਸਾਂ, ਦਮ ਦਮ ਸ਼ੁਕਰ-ਅਦਾਈ।

ਜਾਂ ਜਾਂ ਆਸ਼ਿਕ ਪਹੁੰਚੇ ਨਾਹੀਂ, ਮਹਬੂਬਾਂ ਦੇ ਦਰ ’ਤੇ।

ਕਦ ਖ਼ਲਾਸੀ ਕਰਦਾ ਉਸ ਦੀ, ਜ਼ਾਲਿਮ ਦਰਦ ਜੁਦਾਈ।

ਜਲਵਾ ਰੂਪ ਤੇਰੇ ਦਾ ਲੁਟਦਾ, ਮੁਤੱਕੀ ਸ਼ਾਹ ਗਦਾਵਾਂ।

ਐਸੀ ਸੁਰਤ ਸੁਹਣੀ ਤਾਈਂ, ਮਤ ਕੋਈ ਨਜ਼ਰ ਨਾ ਲਾਈ।

ਤੋੜੇ ਦੂਰ ਪਿਆ ਪਰਦੇਸੀ, ਯਾਦ ਨਹੀਂ ਤੁਧਿ ਕੀਤਾ।

ਮੈਂ ਮੱਧ ਪੀਵਾਂ ਸੌਰ ਤੁਸਾਨੂੰ, ਇਕ ਦੰਮ ਨਹੀਂ ਖ਼ਤਾਈ।

ਹੇ ਖ਼ੁਸ਼-ਵਾਉ ਫ਼ਜਰ ਦੀ, ਆਨੀ ਖ਼ਾਕ ਉਹਦੇ ਦਰਬਾਰੋਂ।

ਉਸ ਸੁਰਮੇ ਥੀਂ ਲੈ ਮੁਹੰਮਦ, ਅੱਖੀਂ ਦੀ ਰੁਸ਼ਨਾਈ।

ਹੇ ਸੁਲਤਾਨ ਹੁਸਨ ਦੀ ਨਗਰੀ, ਰਾਜ ਸਲਾਮਤ ਤੇਰਾ।

ਮੈਂ ਪਰਦੇਸੀ ਹਾਂ ਫਰਯਾਦੀ, ਅਦਲ ਕਰੀਂ ਕੁਝ ਮੇਰਾ।

ਤੁੱਧ ਬਿਨ ਜਾਨ ਲਬਾਂ ਪਰ ਆਈ, ਝਲਿਆ ਦਰਦ ਬਤੇਰਾ।

ਦੇਹ ਦੀਦਾਰ ਅੱਜ ਵਕਤ ਮੁਹੰਮਦ, ਜੱਗ ਪਰ ਇਕੋ ਫੇਰਾ।

ਇਸ਼ਕ ਫ਼ਿਰਾਕ ਬੇਤਰਸ ਸਿਪਾਹੀ, ਮਗਰ ਪਿਆਰ ਹਰ ਵੇਲੇ।

ਪੱਟਨ ਬੰਦ ਸੱਟਣ ਵਿੱਚ ਪੈਰਾਂ, ਵਾਂਗਰ ਹਾਥੀ ਪੇਲੇ।

ਸਬਰ ਤਹੱਮੁਲ ਕਰਨ ਨਾ ਦੇਂਦੇ, ਜ਼ਾਲਮ ਬੁਰੇ ਮਰੇਲੇ।

ਤੁੱਧ ਬਿਨ ਐਵੇਂ ਜਾਣ ਮੁਹੱਮਦ, ਜਿਉਂ ਦੀਵਾ ਬਿਨ ਤੇਲੇ।

ਬਿਸਤਰਿ-ਨਾ-ਮੁਰਾਦੀ ਉੱਤੇ, ਮੈਂ ਬਿਮਾਰ ਪਏ ਨੂੰ।

ਦਾਰੂ ਦਰਦ ਤੁਸਾਡਾ ਸਜਨਾ, ਲੈ ਆਜ਼ਾਰ ਪਏ ਨੂੰ।

ਜ਼ਿਕਰ ਖ਼ਿਆਲ ਤੇਰਾ ਹਰ ਵੇਲੇ, ਦਰਦਾਂ ਮਾਰ ਲਏ ਨੂੰ।

ਹੈ ਗ਼ਮਖਾਰ ਹਿਕੱਲੀ ਜਾਈ, ਬੇ-ਗ਼ਮਖਾਰ ਪਏ ਨੂੰ।

ਚਿੰਤਾ ਫ਼ਿਕਰ ਅੰਦੇਸ਼ੇ ਆਵਣ, ਬੰਨ੍ਹਿ ਬੰਨ੍ਹਿ ਸਫ਼ਾਂ ਕਤਾਰਾਂ।

ਵੱਸ ਨਹੀਂ ਕੁਝ ਚਲਦਾ ਮੇਰਾ, ਕਿਸਮਤਿ ਹਥਿ ਮੁਹਾਰਾਂ।

ਪਾਸੇ ਪਾਸੇ ਚਲੀ ਜਵਾਨੀ, ਪਾਸ ਨਾ ਸੱਦਿਆ ਯਾਰਾਂ।

ਸਾਥੀ ਕੌਣ ਮੁਹੰਮਦ ਬਖ਼ਸ਼ਾਂ, ਦਰਦ ਵੰਡੇ ਗ਼ਮਖ਼ਾਰਾ।

ਮਾਨ ਨਾ ਕੀਜੇ ਰੂਪ ਘਨੇ ਦਾ, ਵਾਰਿਸ ਕੌਣ ਹੁਸਨ ਦਾ

ਸਦਾ ਨਾ ਰਹਿਸਣ ਸ਼ਾਖ਼ਾਂ ਹਰੀਆਂ, ਸਦਾ ਨਾ ਫੂਲ ਚਮਨ ਦਾ।

ਸਦਾ ਨਾ ਭੌਰ ਹਜ਼ਾਰਾਂ ਫਿਰਸਣ, ਸਦਾ ਨਾ ਵਕਤ ਅਮਨ ਦਾ।

ਮਾਲੀ ਹੁਕਮ ਨਾ ਦੇ ਮੁਹੰਮਦ, ਕਿਉਂ ਅੱਜ ਸੈਰ ਕਰਨ ਦਾ।

ਸਦਾ ਨਾ ਰਸਤ ਬਜ਼ਾਰੀਂ ਵਿਕਸੀ, ਸਦਾ ਨਾ ਰੌਣਕ ਸ਼ਹਿਰਾਂ।

ਸਦਾ ਨਾ ਮੌਜ ਜਵਾਨੀ ਵਾਲੀ, ਸਦਾ ਨਾ ਨਦੀਏ ਲਹਿਰਾਂ।

ਸਦਾ ਨਾ ਤਾਬਿਸ਼ ਸੂਰਜ ਵਾਲੀ, ਜਿਉਂ ਕਰ ਵਕਤ ਦੁਪਹਿਰਾਂ।

ਬੇਵਫ਼ਾਈ ਰਸਮ ਮੁਹੰਮਦ, ਸਦਾ ਇਹੋ ਵਿੱਚ ਦਹਿਰਾਂ।

ਸਦਾ ਨਾ ਲਾਟ ਚਿਰਾਗਾਂ ਵਾਲੀ, ਸਦਾ ਨਾ ਸੋਜ਼ ਪਤੰਗਾਂ।

ਸਦਾ ਉਡਾਰਾਂ ਨਾਲ ਕਤਾਰਾਂ, ਰਹਿਸਣ ਕਦ ਕੁਲੰਗਾਂ।

ਸਦਾ ਨਹੀਂ ਹੱਥ-ਮਹਿੰਦੀ ਰੱਤੇ, ਸਦਾ ਨਾ ਛਣਕਣ ਵੰਗਾਂ।

ਸਦਾ ਨਾ ਛੋਪੇ ਪਾ ਮੁਹੰਮਦ, ਰਲ ਮਿਲਿ ਬਹਿਣਾ ਸੰਗਾਂ।

ਹੁਸਨ ਮਹਿਮਾਨ ਨਹੀਂ ਘਰ-ਬਾਰੀ, ਕੀ ਇਸ ਦਾ ਫੁਰਮਾਣਾ।

ਰਾਤੀਂ ਲੱਥਾਂ ਆਣਿ ਸਬੋਈ, ਫ਼ਜਰੀ ਕੂਚ ਬੁਲਾਣਾ।

ਸੰਗ ਦੇ ਸਾਥੀ ਲੱਦੀ ਜਾਂਦੇ, ਅਸਾਂ ਭੀ ਸਾਥ ਲਦਾਣਾਂ।

ਹਥਿ ਨਾ ਆਵੇ ਫੇਰ ਮੁਹੰਮਦ, ਜਾਂ ਇਹ ਵਕਤ ਵਿਹਾਣਾ।

ਸਦਾ ਨਹੀਂ ਮੁਰਗਾਈਆਂ ਬਹਿਣਾ, ਸਦਾ ਨਹੀਂ ਸਰਿ ਪਾਣੀ।

ਸਦਾ ਨਾ ਸੱਈਆਂ ਸੀਸ ਗੁੰਦਾਵਣ, ਸਦਾ ਨਾ ਸੁਰਖ਼ੀ ਲਾਣੀ।

ਲੱਖ ਹਜ਼ਾਰ ਬਹਾਰ ਹੁਸਨ ਦੀ, ਖ਼ਾਕੂ ਵਿੱਚ ਸਮਾਣੀ।

ਲਾ ਪ੍ਰੀਤ ਮੁਹੰਮਦ ਜਿਸ ਥੀਂ, ਜੱਗ ਵਿੱਚ ਰਹੇ ਕਹਾਣੀ।

ਮਗਰ ਸ਼ਿਕਾਰੀ ਕਰੇ ਤਿਆਰੀ, ਬਾਰ ਚਰੇਂਦਿਆਂ ਹਰਨਾ।

ਜੋ ਚੜ੍ਹਿਆ ਉਸਿ ਢਹਿਣਾ ਉੜਕ, ਜੋ ਜੰਮਿਆਂ ਉਸ ਮਰਨਾ।

ਕੁਝ ਵਿਸਾਹ ਨਾ ਸਾਹ ਆਏ ਦਾ, ਮਾਨ ਕੇਹਾ ਫਿਰ ਕਰਨਾ।

ਜਿਸ ਜੁੱਸੇ ਨੂੰ ਛੰਡ ਛੰਡਿ ਰੱਖੇਂ, ਖਾਕ ਅੰਦਰ ਵੰਞੁ ਧਰਨਾ।

ਲੋਈ ਲੋਈ ਭਰ ਲੈ ਕੁੜੀਏ, ਜੇ ਤੁਧਿ ਭਾਂਡਾ ਭਰਨਾ।

ਸ਼ਾਮ ਪਈ ਬਿਨ ਸ਼ਾਮ ਮੁਹੰਮਦ, ਘਰਿ ਜਾਂਦੀ ਨੇ ਡਰਨਾ।

ਸੈਫ਼-ਮਲੂਕ ਸ਼ਾਹਜਾਦਾ ਏਵੇਂ, ਰਾਗ ਵਿਰਾਗੋਂ ਗਾਂਦਾ।

ਉਡਦੇ ਪੰਖੀ ਢਹਿਣ ਅਸਮਾਨੋਂ, ਸੁਣ ਕੇ ਕੋਈ ਨਾ ਜਾਂਦਾ।

ਹਰ ਹਰ ਬੋਲ ਉਹਦਾ ਦੁਖਿਆਰਾ, ਜ਼ਹਿਰ-ਆਲੂਦੀ ਕਾਨੀ।

ਦੂਜਾ ਸਦਕੇ ਹੋ ਹੋ ਜਾਵਣ, ਹੂਰਾਂ ਦੇਖ ਜਵਾਨੀ।

ਦਰਦੋਂ ਆਹੀਂ ਮਾਰਿ ਸ਼ਾਹਜਾਦੇ, ਪੁਰ ਕਰਿ ਸਾਂਗਾਂ ਲਾਈਆਂ।

ਆਹ ਆਸ਼ਿਕ ਦੀ ਕੋਈ ਨਾ ਝਲਦਾ, ਜਿੰਦੂ ਜਿਨ੍ਹਾਂ ਜਲਾਇਆਂ।

ਮਾਰੀ ਆਹ ਜ਼ੁਲੈਖਾਂ ਬੀਬੀ, ਦਰਦੋਂ ਬਾਲਿ ਮਵਾਤਾ।

ਭੜਿਕ ਲੱਗੀ ਅੱਗ ਚਾਬਕ ਸੜਿਆ, ਤਾਂ ਯੂਸਫ਼ ਸੱਚ ਜਾਤਾ।

ਸੱਸੀ ਨੂੰ ਇਕ ਰੋਜ਼ ਪੁੰਨੂੰ ਨੇ, ਤਅਨਾ ਬੋਲੀ ਲਾਈ।

ਸੱਚੇ ਇਸ਼ਕ ਤੇਰੇ ਦਾ ਬੀਬੀ, ਮੈਨੂੰ ਪਤਾ ਨਾ ਕਾਈ।

ਸੱਸੀ ਚਮਕ ਲੱਗੀ ਇਸ ਗੱਲੋਂ, ਅੱਗ ਦੀ ਚੱਰ ਭਰਵਾਈ।

ਨਾਲ ਅਫ਼ਸੋਸ ਉਸਾਸ ਚਲਾਇਆ, ਆਤਿਸ਼ ਸਰਦ ਕਰਾਈ।

ਮਾਹੀ ਦਰਦੋਂ ਵੰਝਲੀ ਵਾਹੇ, ਹੋਂਦਾ ਸ਼ੌਕ ਮਹੀਂ ਨੂੰ।

ਮਜਨੂੰ ਦਾ ਸੁਣ ਬੋਲ ਦਰਿੰਦੇ, ਆਵਣ ਚਲ ਜ਼ਿਮੀਂ ਨੂੰ।

ਰਾਹ ਖੱਲਾਂ ਦੇ ਆਹ ਚਲਾਵੈ, ਜਾਂ ਰੋਡਾ ਦੁਖਿਆਰਾ।

ਜਲਦੀ ਆਹਰਨ ਕਾਰਨ ਕਰਦਾ, ਠੰਡਾ ਵੇਖਿ ਲੋਹਾਰਾ।

ਇਬਰਾਹੀਮ ਚਿੱਖਾ ਪਰ ਕੱਢੀਆਂ, ਆਹੀਂ ਦਰਦ ਹਜ਼ਾਰੋਂ।

ਬਾਗ਼ ਬਹਾਰ ਹੋਈਆਂ ਗੁਲਜ਼ਾਰਾਂ, ਆਤਿਸ਼ ਸ਼ੇਖ ਅੰਗਾਰੋਂ।

ਪਰੀ ਬਦੀਅ-ਜਮਾਲ ਖਲੋਤੀ, ਵਾਂਗਰ ਸਰੂ-ਆਜ਼ਾਦੇ।

ਸਿਰ ਤੇ ਛੱਤਰ ਛਾਂ ਬਣਾਈ, ਹੱਥ ਘਨੇ ਸ਼ਮਸ਼ਾਦੇ।

ਸ਼ਾਹਜ਼ਾਦੇ ਵੱਲ ਅੱਖੀਂ ਲਾਈਆਂ, ਤਕਦੀ ਮੂਲ ਨਾ ਝੁਮਕੇ।

ਸੁਣ ਸੁਣਿ ਰਾਗ ਖ਼ਿਆਲ ਗ਼ਮਾਂ ਦੇ, ਵਾਉ ਪਿਰਮ ਦੀ ਰੁਮਕੇ।

ਆਣਿ ਹੋਈ ਤਾਸੀਰ ਇਸ਼ਕ ਦੀ, ਲੱਗਾ ਤੀਰ ਕਮਾਨੋਂ।

ਦੁੱਸਰ ਨਿਕਲ ਗਿਆ ਭੰਨਿ ਖ਼ੁਦੀਆਂ, ਜਾਲੋਂ ਦਿਲੋਂ ਈਮਾਨੋਂ।

ਮੁੜ ਮੁੜਿ ਹਿਰਸ ਕਰੇਂਦੀ ਹੱਲੇ, ਕੋਟ ਸ਼ਰਮ ਦੇ ਢਾਹਾਂ।

ਢਾਹੀਂ ਮਾਰਿ ਢਹਾਂ ਸਿਰ ਪਰਨੇ, ਕੂਕਾਂ ਸਿਰਿ ਧਰ ਬਾਹਾਂ।

ਫੇਰ ਸ਼ਰਮ ਨੂੰ ਲਿੱਸਾ ਤੱਕ ਕੇ, ਅਕਲ ਹਿਮਾਇਤ ਕਰਦਾ।

ਰਖ ਤਹੱਮੁਲ ਯਾਰ ਮਿਲੇਗਾ, ਲਾਹ ਨਹੀਂ ਅਜ ਪਰਦਾ।

ਬੇਸ਼ੁਮਾਰੀ ਬੇਕਰਾਰੀ, ਦਿਲ ਨੂੰ ਟਿਕਣ ਨਾ ਦੇਂਦੀ।

ਹੋ ਲਾਚਾਰ ਪਰੀ ਕੋਈ ਸਾਇਤ, ਆਹੀ ਸਬਰ ਕਰੇਂਦੀ।

ਮੂੰਹੋਂ ਬੋਲ ਨਾ ਜ਼ਾਹਿਰ ਕੀਤਾ, ਭੇਦ ਦਿਲੇ ਦਾ ਜ਼ੱਰਾ।

ਪਰ ਦਿਲ ਬੇਕਰਾਰੀ ਚਾਇਆ, ਜਿਉਂ ਗੱਡੀ ਦਾ ਫੱਰਾ।

ਸੁੱਕੀ ਲੱਕੜ ਤੇ ਧਰਿਆ, ਸ਼ੌਕ ਅੰਦਰ ਵਿੱਚ ਅੱਰਾ।

ਪਹਿਲੇ ਦਰਜੇ ਇਸ਼ਕ ਮੁਹੰਮਦ, ਰੱਖਦਾ ਸ਼ਰਮ ਮੁਕੱਰਰਾ।

ਜਾਂ ਉਹ ਮਨਜ਼ਿਲ ਪੂਰੀ ਹੋਂਦੀ, ਮੂੰਹੋਂ ਲਹਿੰਦੀ ਲੋਈ।

ਵਤ ਨਾ ਕਾਰੀ ਆਵੌ ਤੋੜੇ, ਸੌ ਮਤ ਦੇਵੇ ਕੋਈ।

ਸ਼ਾਹਜ਼ਾਦੇ ਦੇ ਇਸ਼ਕ ਪਰੀ ਨੂੰ ਦਿੱਤੀਆਂ ਆਣਿ ਦੁਆਈਂ।

ਬੰਦਗੀ ਤੇ ਤੱਅਜ਼ੀਮ ਬੀਬੀ ਜੀ, ਖ਼ਾਲੀ ਪਰਤਿ ਨਾ ਜਾਈਂ।

ਬਰਖ਼ੁਰਦਾਰੀ ਦੇਹਿ ਅਸਾਨੂੰ, ਹੁਣ ਆਈ ਘਰਿ ਤੇਰੇ।

ਮਸਾਂ ਮਸਾਂ ਅੱਜ ਲਹੀਏਂ ਵਾਂਦੀ, ਕਰ ਕਰਿ ਬਹੁਤੇ ਫੇਰੇ।

ਨਿੱਕੀ ਅਤੇ ਲਡਿਕੀ ਬਣ ਕੇ, ਬਹੁਤੀ ਉਮਰ ਲੰਘਾਈਆ।

ਪੀਹਣਾ ਭਾ ਪਿਆ ਹੁਣ ਕੁੜੀਏ, ਬਾਦਸ਼ਾਹਾਂ ਦਾ ਪਾਇਆ।

ਮਗਰ ਤੇਰੇ ਹੁਣ ਅਸੀਂ ਪਿਆਦੇ, ਮੁਸ਼ਕਲ ਸਤਰੀਂ ਵੜਨਾਂ।

ਵਾਲੀ ਸ਼ਹਿਰ ਮਿਸਰ ਦੇ ਅੱਗੇ, ਬੰਨ੍ਹਿ ਕੇ ਤੈਨੂੰ ਖੜਨਾ।

ਸ਼ਾਹ ਪਰੀ ਫ਼ੁਰਮਾਂਦੀ ਅੱਗੋਂ, ਬਰਖ਼ੁਰਦਾਰੀ ਦੇ ਕੇ।

ਪਰਦੇ ਨਾਲ ਇਕ ਵਾਰ ਬੰਦੀ ਨੂੰ, ਜਾਵਣ ਦੇਵੀਂ ਪੇਕੇ।

ਮੈਂ ਬੇਟੀ ਸ਼ਾਹਪਾਲ ਸ਼ਾਹੇ ਦੀ ਪਰੀਆਂ ਦੀ ਸ਼ਾਹਜ਼ਾਦੀ।

ਬੰਨਿ ਖੜਨ ਦਾ ਆਖੇਂ ਮੈਨੂੰ, ਨਾ ਕਰ ਗੱਲ ਜਿਆਦੀ।

ਇਸ਼ਕ ਕਹਿਆ ਮੈਂ ਬੰਨਿ ਬੰਨਿ ਖੜੀਆਂ, ਤੁਧ ਥੀਂ ਭਲੀਆਂ ਭਲੀਆਂ।

ਮਾਈ ਬਾਬਲ ਪਿਟ ਪਿਟ ਥੱਕੇ, ਵਾਹਾਂ ਮੂਲ ਨਾ ਚਲੀਆਂ।

ਮਗ਼ਰਬ ਦੇ ਸ਼ਾਹਜ਼ਾਦੇ ,ਅੱਗੇ ਬੀਬੀ ਨਾਮ ਜ਼ੁਲੈਖ਼ਾਂ।

ਬੰਨ੍ਹਿ ਖੜੀ ਤਾਂ ਕਿਸਿ ਛੁੜਾਈ, ਤੁਧ ਭੀ ਉਹੋ ਲੇਖਾ।

ਸੁੱਕੀ ਨਾ ਹੁਣ ਜਾਯੇਂ ਏਥੋਂ, ਦੁਖ ਝੋਲੀ ਪਾ ਲੈ।

ਪਾਲੇ ਰੱਬ ਪ੍ਰੀਤਾਂ ਅੱਗੋਂ, ਨਿਹੁੰ ਸਜਣ ਦਾ ਲਾ ਲੈ।

ਦੋਣਾ ਹੈ ਮਹਸੂਲ ਉਮਰ ਦਾ, ਜਿਨਸੋਂ ਰੋਕ ਵਟਾ ਲੈ।

ਤੁਰਸੀ ਕੋਲ ਸ਼ਰਾਫ਼ ਮੁਹੰਮਦ, ਖੋਟਾ ਖਰਾ ਵਿਖਾ ਲੈ।

ਖੋਟੇ ਖੜਸੇਂ ਤਰੁਟੀ ਖਾਸੇ, ਸੋਟੇ ਪੈਸਣ ਨਾਲੇ।

ਸੋਨਾ ਤਰਾਮਾ ਕਰਸਣ ਜਿਸ ਦਿਨ, ਪਾ ਕੁਠਿਆਲੀ ਗਾਲੇ।

ਘਤਿ ਜ਼ੰਜੀਰ ਕਰਨਗੇ ਕੈਦੀ, ਸ਼ਾਹ ਅਦਾਲਤ ਵਾਲੇ।

ਡਾਢੇ ਕੋਲ ਮੁਹੰਮਦ ਬਖ਼ਸ਼ਾ, ਕੌਣ ਕਰੇ ਉਪਰਾਲੇ।

ਟੁਰਦੀ ਟੁਰਦੀ ਗਲ ਮੁਹੰਮਦ, ਛੋੜਿ ਚਲੀ ਉਹ ਰਸਤਾ।

ਤੰਗ ਪਿਆ ਦਿਲ ਦਸ ਕਹਾਣੀ, ਮੁਕਦਾ ਹੋਵੇ ਫਸਤਾ।

ਜੇ ਸਭ ਗੱਲਾਂ ਲਿਖਣ ਲੱਗੋਂ, ਜੋ ਜੋ ਹਾਦੀ ਘਲਦਾ।

ਹੋਰੋਂ ਹੋਰ ਪਵਣ ਵਿਚ ਰਮਜ਼ਾਂ, ਕਿੱਸਾ ਸਾਫ਼ ਨਾ ਚਲਦਾ।

ਇਸ਼ਕ ਬਦੀਅ-ਜਮਾਲ ਪਰੀ ਨੂੰ, ਪਾਇਆ ਹਥ ਪੱਕਾ।

ਜਿਸ ਨੂੰ ਫੜਦਾ ਹੈ ਬੰਨ੍ਹਿ ਖੜਦਾ, ਨਹੀਂ ਕਿਸੇ ਦਾ ਸੱਕਾ।

ਮਾਨ-ਗੁਮਾਨ ਗਏ ਭੱਜ ਸਾਰੇ ਦਿਲਿ ਅਰਮਾਨ ਨਾ ਰੱਤੀ।

ਸੜਦੀ ਗਲ ਨਾ ਕਰਦੀ ਮੂੰਹੋਂ, ਵਾਂਗ ਦੀਏ ਦੀ ਬੱਤੀ।

ਵਿਕ ਗਿਆ ਜੀ ਛਿਕਿ ਸਜਨ ਦੀ ਹਿੱਕ ਅੰਦਰ ਹੱਥ ਪਾਇਆ।

ਕੁੰਡੀ ਲੱਗੀ ਮਛਲੀ ਵਾਲਾ, ਹਾਲ ਪਰੀ ਪਰ ਆਇਆ।

ਸਬਰ ਕਰਾਰ ਆਰਾਮ ਨਾ ਰਹਿਆ, ਸ਼ਾਮ ਡਿੱਠਾ ਜਿਸ ਵੇਲੇ।

ਸ਼ਾਮ ਤਲਕ ਦਿਲ ਜਰਦਾ ਨਾਹੀਂ, ਆਖੇ ਹੁਣ ਕੋਈ ਮੇਲੇ।

ਹਾਥੀ ਇਸ਼ਕ ਮਹਾਵਤ ਸੋਹਣਾ, ਮੁੜ ਮੁੜ ਕੇ ਫਿਰ ਪੇਲੇ।

ਅਚਨਚੇਤ ਮੁਹੰਮਦ ਲੱਗੇ, ਸੇ ਬਰਛੇ ਸੇ ਸੇਲੇ।

ਜ਼ਾਲਿਮ ਇਸ਼ਕ ਸ਼ਾਹਜ਼ਾਦੇ ਵਾਲੀ, ਬਿਨ ਤਲਵਾਰੋਂ ਕੁੱਠੀ।

ਆਦਿ ਪਈ ਅਜ਼ਰੀਬ ਗੋਲੀ, ਮਾਰਿ ਨਿਮਾਣੀ ਮੁੱਠੀ।

ਦੁਖ ਦੀ ਦਾਈ ਪਕੜਿ ਮਨਾਈ, ਫਿਰਦੀ ਸੀ ਜੋ ਰੁੱਠੀ।

ਬੇਦਨ ਜਾਣੇ ਕੌਣ ਮੁਹੰਮਦ, ਲੱਗੀ ਮਰਜ਼ ਅਪੁੱਠੀ।

ਓੜਕ ਜਾਂ ਦਿਲ ਰਹਿ ਨਾ ਸਕਿਓਸੁ, ਕਹਿਓਸੁ ਮਲਕਾ ਮਾਈ।

ਅਗੇਰੇ ਚਲੀਏ ਭੈਣੇ, ਤਕ ਲਈਏ ਇਹ ਜਾਈ।

ਮਲਕਾ ਨੇ ਫ਼ਰਮਾਇਆ ਅੱਗੋਂ, ਬਿਸਮਿਲਾ ਬਿਸਮਿਲਾ।

ਲੱਗੀ ਆਸ ਹੋਈਆਂ ਦਿਲ ਖ਼ੁਸ਼ੀਆਂ, ਸ਼ੁਕਰ ਅਲਹਮਦ ਲਿੱਲਾ।

ਉਹਲੇ ਉਹਲੇ ਟੁਰੀਆਂ ਦੋਏ, ਖਲੀਆਂ ਫਿਰ ਨੇੜੇ

ਸ਼ਾਹਜ਼ਾਦੇ ਨੂੰ ਖ਼ਬਰ ਨਾ ਕੋਈ, ਤਾਰ ਗ਼ਮਾਂ ਦੇ ਛੇੜੇ।

ਫਿਰ ਉਹ ਮੂਰਤ ਸ਼ਾਹ ਪਰੀ ਦੀ, ਕੱਢ ਕੇ ਬਾਹਰ ਹਿਜਾਬੋਂ।

ਚੁੰਮਿ ਅੱਖੀਂ ਮੂੰਹ ਮੱਥੇ ਲਾਵੇ, ਰੋਵੇ ਵਧਿ ਹਿਸਾਬੋਂ।

ਮੂਰਤ ਦੇ ਦੋ ਪੈਰ ਚੁਮੇਂਦਾ, ਫੇਰ ਅੱਖੀਂ ਤੇ ਮਲਦਾ।

ਆਹੀਂ ਦਰਦ ਅਲੰਬੇ ਨਿਕਲਣ, ਹੰਝੂ ਪਾਣੀ ਚਲਦਾ।

ਧੂਆਂ ਧਾਰੀ ਦੁਖ ਗ਼ੁਬਾਰੀ, ਸੇਜ਼ ਫ਼ਿਰਾਕ ਕਹਾਰੀ।

ਭੜਕਣ ਭਾਹੀਂ ਵਾਹੋ ਦਾਹੀ, ਨਾਲੇ ਦੇਹਣ ਨਾ ਵਾਰੀ।

ਵਾਂਙ ਕਬਾਬ ਭੁਜੇ ਤਨ ਸਾਰਾ, ਸੀਖ਼ ਲਗਾਇਆ ਬੇਰਾ।

ਪਾਣੀ ਚੋਂਦਾ ਹੰਝੂ ਰੋਂਦਾ, ਆਤਿਸ਼ ਵਿੱਚ ਵਸੇਰਾ।

ਸੈਫ਼-ਮਲੂਕ ਸ਼ਾਹਜ਼ਾਦਾ ਦਰਦਾਂ, ਘੇਰ ਕੀਤਾ ਦੁਖਿਆਰਾ।

ਗਿਣ ਗਿਣ ਮੋਤੀ ਦੇ ਇਸ਼ਕੇ ਨੂੰ, ਸੂਲਾਂ ਦਾ ਵਣਜਾਰਾ।

ਸ਼ਾਹ ਪਰੀ ਤੇ ਮਲਕਾ-ਖਾਤੂੰ, ਛੁਪਿ ਨੇੜੇ ਵੰਞਿ ਖਲੀਆਂ।

ਪਰੀ ਦਰੁਸਤ ਡਿੱਠੀ ਸ਼ਾਹਜ਼ਾਦਾ, ਰਖਿ ਨਿਗਾਹਾਂ ਭਲੀਆਂ।

ਸੋਹਣੀ ਸੂਰਤ ਨਜ਼ਰੀਂ ਆਈ, ਜਾਂ ਡਿੱਠਾ ਵੱਲ ਨਕਸ਼ਾਂ।

ਵੇਖਿ ਬੇ-ਆਬ ਹੋਵਣ ਸ਼ਰਮਿੰਦੇ, ਮਾਨਿਕ ਲੱਅਲ ਬਦਖਸ਼ਾਂ।

ਜਿਉਂ ਕਾਗਜ਼ ਕਸ਼ਮੀਰੀ ਉੱਤੇ, ਖ਼ੁਸ਼ਖ਼ਤ ਹਰਫ਼ ਕੁਰਆਨੀ।

ਤਿਵੇਂ ਸੀ ਮੱਸ ਬੁਰ ਦੀ ਕਾਲੀ, ਯਾ ਸਬਜ਼ਾ ਬੁਸਤਾਨੀ।

ਨਵੀਂ ਜਵਾਨੀ ਹੁਸਨ-ਅਰਜ਼ਾਨੀ, ਹਰ ਹਰ ਨਕਸ਼ ਗ਼ੁਮਾਨੀ।

ਸੁੰਦਰ ਰੂਪ ਦਏ ਚਮਕਾਰੇ, ਜਿਉਂ ਕਰ ਚੰਨ ਅਸਮਾਨੀ।

ਬਦਨ ਸ਼ਰੀਫ਼ ਉਹਦੇ ਵਿੱਚ ਦਿਸਦੀ, ਜੋ ਤਅਰੀਫ਼ ਇਨਸਾਨੀ।

ਸਰੂ-ਆਜ਼ਾਦ ਬਹਿਸ਼ਤੀ ਬਾਗੋਂ, ਨਾਜ਼ੁਕ ਕੱਦ ਨੂਰਾਨੀ।

ਸ੍ਰੋਤ

ਕਿਤਾਬ ਦਾ ਨਾਂ: ਚੌਣਵਾਂ ਪੰਜਾਬੀ ਸੂਫ਼ੀ ਕਲਾਮ
ਸੰਪਾਦਕ: ਡਾ. ਧਰਮਪਾਲ ਡਾ. ਬਲਦੇਵ ਸਿੰਘ ‘ਬੱਦਨ’
ਛਾਪਣਹਾਰ: ਨੈਸ਼ਨਲ ਬੁਕ ਟਰੱਸਟ, ਇੰਡੀਆ
Year: 2013
ਛਪਾਈ: Third edition