ਜੀਭ ਦੇ ਅੰਬਰ ਤੋਂ ਉੱਚੀ ਹੈ ਅਮਲ ਦੀ ਜ਼ਿੰਦਗੀ;
ਹੈ ਅਮਲ ਦੇ ਨਾਲ ਹੀ ਫੁਲਦੀ ਤੇ ਫਲਦੀ ਜ਼ਿੰਦਗੀ ।
ਚੀਰ ਪਰਬਤ ਲੰਘਦੀ-ਸਹਿਰਾ, ਸਮੁੰਦਰ ਕੱਛਦੀ,
‘ਕੁਛ ਕਰਨ’ ਦੇ ਜੋਸ਼ ਵਿਚ ਜਦ ਹੈ ਨਿਕਲਦੀ ਜ਼ਿੰਦਗੀ ।
ਖਾ ਹਲੂਣੇ ਜਿਸਤਰ੍ਹਾਂ ਜਾਗੇ ਮੁਸਾਫ਼ਰ ਥੱਕਿਆ,
ਔਕੜਾਂ ਕਰ ਦੇਣ ਇਉਂ ਚਾਲੂ, ਅਚਲ ਦੀ ਜ਼ਿੰਦਗੀ ।
ਜੋ ਮਰੇ ਅਪਣੀ ਲਗਨ ਤੇ – ਅੱਗੇ ਵਧਣੋਂ ਓਸ ਵੱਲ
‘ਮੌਤ’ ਹੀ ਟਲ ਜਾਏ ਬੇਸ਼ਕ ਪਰ ਨਾ ਟਲਦੀ ‘ਜ਼ਿੰਦਗੀ’!
ਉਸ ਨੂੰ ਸਮਾਂ ਠੁਕਰਾਉਂਦਾ ਯਾ ਹੈ ਰਸਤੇ ਪਾਉਂਦਾ,
ਖ਼ੁਦ ਸਮੇਂ ਦੇ ਨਾਲ ਨਾ ਜਿਸਦੀ ਬਦਲਦੀ ਜ਼ਿੰਦਗੀ ।
ਪਾਣੀ ਅੰਦਰ ਜਿਸ ਤਰ੍ਹਾਂ ਮੱਛੀ ਏ ਹੱਥੋਂ ਤਿਲਕਦੀ,
ਫੜਦਿਆਂ ਹੀ ਫੜਦਿਆਂ ਜਾਵੇ ਨਿਕਲਦੀ ਜ਼ਿੰਦਗੀ।
ਮਰ ਹੀ ਜਾਂਦੇ ਫੇਰ ਤਾਂ ਇਹਸਾਸ, ਜਜ਼ਬੇ, ਵਲਵਲੇ,
‘ਮੌਤ’ ਦੇ ਸੱਚੇ ਦੇ ਅੰਦਰ ਜੇ ਨਾ ਢਲਦੀ ‘ਜ਼ਿੰਦਗੀ’ ।
ਜੀਵ ਸਾਰੇ ਨੇ ਉਪਜਦੇ ਜਦ ਕਿ ਇੱਕੋ ‘ਨੂਰ' ਤੋਂ,
ਕੀ ਸਬਬ ਫਿਰ ਕਿਉਂ ਨਹੀਂ ਸਭਨਾਂ ਦੀ ਰਲਦੀ ਜ਼ਿੰਦਗੀ ?
ਚੜ੍ਹ ਕੇ ਸ੍ਵਾਸਾਂ ਦੇ ਪਰਾਂ ਤੇ ਦੇਖਦਾ ਹਾਂ ਰਾਤ ਦਿਨ -
ਅਪਣੇ ਇਕ ਇਕ ਕਾਂਡ ਦੇ ਵਰਕੇ ਉਥਲਦੀ ਜ਼ਿੰਦਗੀ ।
ਦਿਲ ਦੀ ਧੜਕਣ ’ਚੋਂ ਸੁਣਾਂ ਜੀਵਨ-ਕਹਾਣੀ ਰਾਤ ਦਿਨ,
ਅਖੀਆਂ ਦੇ ਨੀਰ 'ਚੋਂ ਦੇਖਾਂ ਉਮ੍ਹਲਦੀ ਜ਼ਿੰਦਗੀ ।
ਜ਼ਿੰਦਗੀ ਦੇ ਗੀਤ ਐਸੇ ਗਾ ਨਾ ਸਕਦਾ ਮੈਂ ਕਦੀ,
ਜੇ ਕਿਸੇ ਦੀ ਚਾਹ ਅੰਦਰ ਇਹ ਨਾ ਗਲਦੀ ਜ਼ਿੰਦਗੀ ।