profile-bg

बाबू रजब अली

ਪੰਜਾਬ ਅਤੇ ਖ਼ਾਸ ਕਰ ਮਾਲਵੇ ਦੇ ਉੱਘੇ ਕਵੀਸ਼ਰ ਅਤੇ ਛੰਦ ਬੰਦੀ ਦੇ ਉਸਤਾਦ ਸ਼ਾਇਰ। ਇਨ੍ਹਾਂ ਦਾ 72 ਕਲਾ ਛੰਦ (ਮਾਂ ਦੇ ਮਖਣੀ ਖਾਣਿਉ ਵੇ) ਅੱਜ ਵੀ ਲੋਕਾਂ ਵਿਚ ਹਰਮਨ ਪਿਆਰਾ ਹੈ।

ਬਾਬੂ ਰਜਬ ਅਲੀ ਪੰਜਾਬ ਦੇ ਉੱਘੇ ਕਵੀਸ਼ਰ ਸਨ। ਮਾਲਵੇ ਦੇ ਇਸ ਪ੍ਰਸਿੱਧ ਕਵੀਸ਼ਰ ਦਾ ਜਨਮ 10 ਅਗਸਤ 1894 ਈ. ਨੂੰ ਮੁਸਲਮਾਨ ਰਾਜਪੂਤ ਘਰਾਣੇ ਪਿਤਾ ਧਮਾਲੀ ਖਾਨ ਅਤੇ ਮਾਤਾ ਜਿਉਣੀ ਦੇ ਘਰ ਪਿੰਡ ਸਾਹੋਕੇ, ਜ਼ਿਲ੍ਹਾ ਫਿਰੋਜ਼ਪੁਰ ਵਿਚ ਹੋਇਆ ਸੀ। ਉਹਨਾਂ ਨੇ ਆਪਣੀ ਮੁੱਢਲੀ ਸਿੱਖਿਆ ਨੇੜਲੇ ਪਿੰਡ ਬੰਬੀਹਾ ਤੋਂ ਪ੍ਰਾਪਤ ਕੀਤੀ ਅਤੇ ਅੱਠਵੀਂ ਜਮਾਤ ਫਿਰੋਜ਼ਪੁਰ ਤੋਂ ਪਾਸ ਕੀਤੀ। ਇਸ ਤੋਂ ਬਾਅਦ ਉਹਨਾ ਨੇ ਬਰਜਿੰਦਰਾ ਹਾਈ ਸਕੂਲ, ਫਰੀਦਕੋਟ ਤੋਂ ਦਸਵੀਂ ਜਮਾਤ ਪਾਸ ਕੀਤੀ ਅਤੇ ਗੁਜਰਾਤ ਦੇ ਕਾਲਜ ਤੋਂ ਸਿਵਿਲ ਇੰਜਨੀਅਰਿੰਗ ਦਾ ਡਿਪਲੋਪਾ ਕੀਤਾ ਜਿਸ ਨੂੰ ਉਸ ਸਮੇਂ ਓਵਰਸੀਅਰੀ ਕਿਹਾ ਜਾਂਦਾ ਸੀ। ਉਹਨਾਂ ਨੇ ਪੰਜਾਬ ਦੇ ਸਿੰਚਾਈ ਮਹਿਕਮੇ ਵਿਚ ਹੀ ਓਵਰਸੀਅਰ ਦੀ ਨੌਕਰੀ ਕੀਤੀ।  ਇਸ ਵਿਭਾਗ ਵਿਚ ਹੀ ਉਹਨਾਂ ਦੇ ਨਾਮ ਨਾਲ ਬਾਬੂ ਸ਼ਬਦ ਜੁੜਦਾ ਹੈ। ਉਹਨਾਂ ਨੇ ਚਾਰ ਨਿਕਾਹ ਕੀਤੇ।

          ਬਾਬੂ ਰਜਬ ਅਲੀ ਨੂੰ ਕਵੀਸ਼ਰੀ ਦੀ ਗੁੜਤੀ ਆਪਣੇ ਪਿਤਾ ਦੇ ਕੋਲੋਂ ਹੀ ਪ੍ਰਾਪਤ ਹੋਈ ਸੀ। ਦਰਅਸਲ ਉਹਨਾਂ ਦੇ ਪਿਤਾ ਧਮਾਲੀ ਖਾਨ ਅਤੇ ਚਾਚਾ ਹਾਜੀ ਰਤਨ 19ਵੀਂ ਸਦੀ ਦੇ ਬਾਕਮਾਲ ਕਵੀਸ਼ਰ ਸਨ।  ਬਾਬੂ ਰਜਬ ਅਲੀ ਦੇ ਸ਼ੌਕ ਤੇ ਕਾਵਿ-ਚੇਟਕ ਨੂੰ ਦੇਖਦੇ ਹੋਏ ਉਹਨਾਂ ਨੂੰ ਉਸ ਸਮੇਂ ਪ੍ਰਸਿੱਧ ਕਿੱਸਾਕਾਰ ਮਾਨ ਸਿੰਘ ਤੋਂ ਪਿੰਗਲ ਦੀ ਸਿੱਖਿਆ ਪ੍ਰਾਪਤ ਕਰਨ ਲਈ ਭੇਜਿਆ ਜਾਂਦਾ ਹੈ। ਬਾਅਦ ਵਿਚ ਬਾਬੂ ਰਜਬ ਅਲੀ ਮਾਲਵੇ ਦੇ ਸਿਰਮੌਰ ਕਵੀਸ਼ਰ ਬਣਦੇ ਹਨ।

          ਬਾਬੂ ਰਜਬ ਅਲੀ ਨੂੰ ਬੜੇ ਹੀ ਸਾਦੇ ਢੰਗ ਦੇ ਨੇ ਆਪਣੀ ਵਜ਼ਨਦਾਰ ਗੱਲ ਨੂੰ ਕਹਿਣ ਦਾ ਹੁਨਰ ਬਾਖੂਬੀ ਆਉਂਦਾ ਸੀ।  ਉਹਨਾਂ ਨੇ ਮਿਥਿਹਾਸਕ ਕਾਵਿ-ਰਚਨਾਵਾਂ ਤੋਂ ਇਲਾਵਾ ਗੁਰੂ-ਪੀਰਾਂ ਦੇ ਇਤਿਹਾਸ ਅਤੇ ਸਮਾਜ ਵਿਚ ਵੱਸਦੇ ਆਮ ਲੋਕਾਂ, ਕਿਸਾਨਾ, ਮਜ਼ਦੂਰਾਂ ਦੀਆਂ ਮੁਸ਼ਕਲਾਂ, ਦੁੱਖ-ਦਰਦ ਤੇ ਸ਼ਹੀਦਾਂ ਦੀ ਸ਼ਹਾਦਤ ਨੂੰ ਆਪਣੀ ਕਵੀਸ਼ਰੀ ਕਲਾ ਰਾਹੀਂ ਬਾਖ਼ੂਬੀ ਬਿਆਨ ਕੀਤਾ ਹੈ। ਉਹਨਾਂ ਨੇ 81 ਦੇ ਲਗਭਗ ਕਿੱਸੇ ਅਤੇ ਪ੍ਰਸੰਗਾਂ ਦੀ ਰਚਨਾ ਕੀਤੀ ਅਤੇ ਪਹਿਲੀ ਰਚਨਾ ਹੀਰ 1916 ਈ. ਵਿਚ ਲਿਖੀ ਸੀ।  ਬਾਬੂ ਰਜਬ ਅਲੀ ਵਿਚ ਕਮਾਲ ਦਾ ਹੁਨਰ ਇਹ ਸੀ ਕਿ ਉਹ ਆਪਣੇ ਆਲੇ ਵਾਪਰੇ ਰਹੇ ਬਿਰਤਾਂਤ ਨੂੰ ਬਾਕਮਾਲ ਛੰਦ ਬੈਂਤ ਤੇ ਕਬਿੱਤ ਦੇ ਰੂਪ ਵਿਚ ਕਲਮਬੰਦ ਕਰਕੇ ਸਮਾਜ ਨੂੰ ਸਮਰਪਿਤ ਕਰ ਦਿੰਦਾ ਸੀ। ਉਹਨਾਂ ਦੀ ਸਭ ਤੋਂ ਮਕਬੂਲ ਲਿਖਤ ਬਹੱਤਰ ਕਲਾ ਛੰਦ ਹੋਈ।

          ਦੇਸ਼ ਵੰਡ ਦਾ ਦਰਦ ਲੈ ਕੇ ਬਾਬੂ ਰਜਬ ਅਲੀ ਪਾਕਿਸਤਾਨ ਚਲੇ ਤਾਂ ਜਾਂਦੇ ਹਨ ਉਹ ਆਪਣੀ ਰੂਹ ਅਤੇ ਆਪਣੇ ਪਿੰਡ/ਇਲਾਕੇ ਦੇ ਅਥਾਹ ਮੋਹ ਨੂੰ ਦਿਲ ਵਿਚੋਂ ਨਹੀਂ ਕੱਢ ਸਕੇ।  ਇਸ ਦਰਦ ਨੂੰ ਉਹ ਆਪਣੀਆਂ ਰਚਨਾਵਾਂ ਦੇ ਰਾਹੀਂ ਪੇਸ਼ ਕਰਦੇ ਹਨ। ਆਪਣੇ ਵਤਨ ਨੂੰ ਯਾਦ ਕਰਦੇ ਹੋਏ ਉਹ ਲਿਖਦੇ ਹਨ ਕਿ ‘ਬੰਨ੍ਹ ਟੁੱਟ ਗਿਆ ਸਬਰ ਦਾ ਜੀ, ਗ਼ਮਾਂ ਦੀ, ਨਹਿਰ ਚੜ੍ਹਦੀਆਂ ਕਾਂਗਾਂ।  ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ।’ ਮੁਲਕ ਆਜ਼ਾਦ ਹੋਣ ਤੋਂ ਤਕਰੀਬਨ 17 ਸਾਲ ਬਾਅਦ ਸੰਨ 1965 ਈ. ਵਿਚ ਉਹਨਾਂ ਨੂੰ ਭਾਰਤ ਦਾ ਵੀਜ਼ਾ ਮਿਲਦਾ ਹੈ ਅਤੇ ਉਹ ਆਪਣੇ ਪਿੰਡ ਸਾਹੋਕੇ ਆਉਂਦੇ ਹਨ ਜਿਥੇ ਪੂਰੇ ਪਿੰਡ ਸਮੇਤ ਉਹਨਾਂ ਦੇ 53 ਸ਼ਾਗਿਰਦ ਉਹਨਾਂ ਨੂੰ ਮਿਲਣ ਪੁੱਜਦੇ ਹਨ। ਉਹਨਾਂ ਦੀ ਆਉਣ ਦੀ ਖੁਸ਼ੀ ਵਿਚ ਪਿੰਡ ਵਿਚ ਮੇਲਾ ਲਗਦਾ ਹੈ ਪਰ ਭਾਰਤ ਪਾਕਿਸਤਾਨ ਦੀ ਜੰਗ ਕਰਕੇ ਉਹਨਾਂ ਨੂੰ ਜਲਦੀ ਹੀ ਵਾਪਸ ਜਾਣਾ ਪੈਂਦਾ ਹੈ।

          ਬਾਬੂ ਰਜਬ ਅਲੀ ਨੂੰ ਵੰਡ ਅਤੇ ਆਪਣੇ ਇਲਾਕੇ/ਮਿੱਤਰ ਪਿਆਰਿਆਂ ਤੋਂ ਵਿਛੜਨ ਦਾ ਦਰਦ ਹਮੇਸ਼ਾ ਹੀ ਰਿਹਾ। ਉਹਨਾਂ ਦਾ ਜਨਮ ਚੜ੍ਹਦੇ ਪੰਜਾਬ ਦਾ ਅਤੇ ਦੇਹਾਂਤ ਲਹਿੰਦੇ ਪੰਜਾਬ ‘ਚ ਹੋਇਆ। ਕਵੀਸ਼ਰੀ ਦੇ ਬਾਦਸ਼ਾਹ ਬਾਬੂ ਰਜਬ ਅਲੀ ਦਾ ਦੇਹਾਂਤ 6 ਜੂਨ 1979 ਈ. ਨੂੰ ਪਾਕਿਸਤਾਨ ਵਿਚ ਹੋਇਆ। ਉਨ੍ਹਾਂ ਨੂੰ ਅੱਜ ਵੀ ਬੜੇ ਪਿਆਰ ਸਤਿਕਾਰ ਨਾਲ ਕੁੱਲ ਦੁਨੀਆਂ ਦੇ ਵਿਚ ਯਾਦ ਕੀਤਾ ਜਾਂਦਾ ਹੈ।