ਚਾਨਣ ਗੋਬਿੰਦਪੁਰੀ
ਆਪਣੇ ਦੌਰ ਦੇ ਮਕ਼ਬੂਲ ਗੀਤਕਾਰ ਅਤੇ ਗ਼ਜ਼ਲਗੋ। ਮਸ਼ਹੂਰ ਰਚਨਾ ਟੁੱਟ ਗਈ ਤੜੱਕ ਕਰਕੇ।
ਚਾਨਣ ਗੋਬਿੰਦਪੁਰੀ ਇੱਕ ਪ੍ਰਸਿੱਧ ਪੰਜਾਬੀ ਕਵੀ ਅਤੇ ਗ਼ਜ਼ਲਕਾਰ ਸਨ। ਉਹਨਾਂ ਦਾ ਜਨਮ 5 ਫ਼ਰਵਰੀ, 1924 ਈ. ਨੂੰ ਪਿੰਡ ਗੋਬਿੰਦਪੁਰਾ, ਜ਼ਿਲ੍ਹਾ ਜਲੰਧਰ ਵਿਚ ਹੋਇਆ ਸੀ। ਚਾਨਣ ਗੋਬਿੰਦਪੁਰੀ ਦਾ ਪੂਰਾ ਨਾਮ ਚਾਨਣ ਰਾਮ ਕਲੇਰ ਸੀ, ਉਹਨਾਂ ਨੇ ਆਪਣੇ ਪਿੰਡ ਦਾ ਨਾਮ ਆਪਣੇ ਉਪਨਾਮ ਵਜੋਂ ਧਾਰਨ ਕੀਤਾ ਸੀ। ਉਨ੍ਹਾ ਨੇ ਬੀ.ਡੀ. ਹਾਈ ਸਕੂਲ ਬੰਗਾ ਤੋਂ ਮੈਟ੍ਰਿਕ ਤੱਕ ਦੀ ਪੜ੍ਹਾਈ ਕੀਤੀ। ਘਰ ਦੀ ਆਰਥਿਕ ਤੰਗੀ ਦੇ ਕਾਰਨ ਉਹ ਆਪਣੀ ਅੱਗੇ ਨਹੀਂ ਪੜ ਸਕੇ, ਪਰ ਉਹਨਾ ਨੇ ਕੇਂਦਰ ਸਰਕਾਰ ਵਿਚ ਯੂਪੀਐੱਸਸੀ ਦੇ ਰਾਹੀਂ ਨੌਕਰੀ ਪ੍ਰਾਪਤ ਕਰ ਲਈ ਸੀ। ਚਾਨਣ ਗੋਬਿੰਦਪੁਰੀ ਦਿੱਲੀ ਵਿਚ ਮਨਿਸਟਰੀ ਆਫ਼ ਕੈਮੀਕਲ ਫ਼ਰਟੇਲਾਈਜ਼ਰਜ਼ ਵਿਚ ਕੰਮ ਕਰਦੇ ਸਨ ਅਤੇ ਅੰਡਰ ਸੈਕਟਰੀ ਦੇ ਅਹੁਦੇ ਤੋਂ ਉਹ ਰਿਟਾਇਰ ਹੁੰਦੇ ਹਨ।
ਉਹ ਪੰਜਾਬੀ ਸਾਹਿਤ ਵਿੱਚ ਆਪਣੀਆਂ ਭਾਵੁਕ ਅਤੇ ਡੂੰਘੀਆਂ ਗ਼ਜ਼ਲਾਂ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੂੰ ਸ਼ਾਇਰੀ ਦਾ ਸ਼ੌਕ ਬਚਪਨ ਤੋਂ ਸੀ । ਚੌਦਾਂ ਸਾਲਾਂ ਦੀ ਉਮਰ ਵਿਚ ਪਹਿਲੀ ਰਚਨਾ ਲਿਖੀ । ਉਹ ਗ਼ਜ਼ਲ ਦੀ ਤਕਨੀਕ ਦੇ ਉਸਤਾਦ ਸਨ। ਉਹ ਜੋਸ਼ ਮਲਸਿਆਨੀ ਦੇ ਸ਼ਾਗਿਰਦ ਸਨ । ਉਨ੍ਹਾਂ ਨੇ ਸਾਡਾ ਲੋਕ ਵਿਰਸਾ, ਪੰਜਾਬੀ ਲੋਕ ਕਾਵਿ ਦੇ ਮੀਲ ਪੱਥਰ, ਪੰਜਾਬੀ ਗ਼ਜ਼ਲ, ਗ਼ਜ਼ਲ ਤੇ ਅਰੂਜ਼, ਗਜ਼ਲ ਦੀਪ, ਗੁਲਜ਼ਾਰ ਚਾਨਣ, ਮਿੱਠੀਆਂ ਪੀੜਾਂ ਆਦਿ ਪੁਸਤਕਾਂ ਹਨ। ਉਨ੍ਹਾਂ ਦੀਆਂ ਗ਼ਜ਼ਲਾਂ ਵਿੱਚ ਰੋਮਾਂਟਿਕ ਭਾਵਨਾਵਾਂ, ਵਿਛੋੜੇ ਦਾ ਦਰਦ ਅਤੇ ਜ਼ਿੰਦਗੀ ਦੇ ਫ਼ਲਸਫ਼ੇ ਮਿਲਦੇ ਹਨ। ਇਹਨਾਂ ਤੋਂ ਇਲਾਵਾ ਉਹਨਾਂ ਬਹੁਤ ਸਾਰੇ ਗੀਤਾਂ ਦੀ ਰਚਨਾ ਵੀ ਕੀਤੀ ਹੈ ਜਿਸ ਨੂੰ ਪੰਜਾਬੀ ਦੇ ਵੱਡੇ ਕਲਾਕਾਰ ਨੇ ਗਾਇਆ। ਉਨ੍ਹਾ ਦਾ ਕਲਾਮ ਗਾਉਣ ਵਾਲੇ ਫ਼ਨਕਾਰਾਂ ਵਿਚ ਤੁਫ਼ੈਲ ਨਿਆਜ਼ੀ, ਸੁਰਿੰਦਰ ਕੌਰ, ਗੁਰਦਾਸ ਮਾਨ ਤੇ ਆਸਾ ਸਿੰਘ ਮਸਤਾਨਾ ਸ਼ਾਮਿਲ ਹਨ।
ਉਹਨਾਂ ਦਾ ਦੇਹਾਂਤ 29 ਜਨਵਰੀ 2006 ਈ. ਨੂੰ ਹੋ ਜਾਂਦਾ ਹੈ।