ਦੀਪਕ ਜੈਤੋਈ ਪੰਜਾਬੀ ਭਾਸ਼ਾ ਦੇ ਪ੍ਰਸਿੱਧ ਤੇ ਪ੍ਰਮੁੱਖ ਗ਼ਜ਼ਲਕਾਰ ਅਤੇ ਗੀਤਕਾਰ ਸਨ, ਜਿਨ੍ਹਾਂ ਨੂੰ ਬਾਬਾ-ਏ-ਗ਼ਜ਼ਲ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ। ਦੀਪਕ ਜੈਤੋਈ ਦਾ ਜਨਮ 18 ਅਪ੍ਰੈਲ, 1925 ਈ. ਸ. ਇੰਦਰ ਸਿੰਘ ਅਤੇ ਮਾਤਾ ਵੀਰ ਕੌਰ ਦੇ ਘਰ ਜੈਤੋ ਵਿਖੇ ਹੋਇਆ। ਉਹਨਾਂ ਦਾ ਅਸਲ ਨਾਮ ਗੁਰਚਰਨ ਸਿੰਘ ਸੀ ਅਤੇ ਉਹਨਾਂ ਨੇ ਆਪਣਾ ਸਾਹਿਤਕ ਨਾਮ ਦੀਪਕ ਜੈਤੋਈ ਰੱਖਿਆ। ਜੈਤਈ ਤਖੱਲਸ ਉਹਨਾਂ ਨੇ ਜੈਤੋ ਸ਼ਹਿਰ ਤੋਂ ਰੱਖਿਆ ਸੀ। ਦੀਪਕ ਜੈਤੋਈ ਦੇ ਅੰਦਰ ਛੋਟੀ ਉਮਰ ਤੋਂ ਹੀ ਕਾਵਿਕ ਕਿਰਨ ਜਾਗ ਪਈ ਸੀ ਅਤੇ ਉਹਨਾਂ ਨੇ ਤੀਸਰੀ ਜਮਾਤ ਵਿਚ ਪੜ੍ਹਦਿਆਂ ਹੀ ਆਪਣੇ ਇਕ ਦੋਸਤ ਨੂੰ ਚਿੱਠੀ ਲਿਖੀ ਸੀ ਜਿਹੜੀ ਕਵਿਤਾ ਦੇ ਰੂਪ ਵਿਚ ਸੀ। ਉਸ ਚਿੱਠੀ ਤੋਂ ਉਸ ਦੀ ਸ਼ਾਇਰੀ ਦਾ ਆਗ਼ਾਜ਼ ਹੁੰਦਾ ਹੈ। ਉਸ ਤੋਂ ਬਾਅਦ ਦੀਪਕ ਜੈਤੋਈ ਨੇ ਸ਼ਾਇਰੀ ਦੀਆਂ ਬਾਰੀਕੀਆਂ ਸਮਝਣ ਲਈ ਮੁਜਰਮ ਦਸੂਹੀ ਨੂੰ ਆਪਣਾ ਉਸਤਾਦ ਧਾਰਿਆ।
ਦੀਪਕ ਜੈਤੋਈ ਨੇ ਪੰਜਾਬੀ ਗ਼ਜ਼ਲ ਨੂੰ ਮੁੱਖ ਧਾਰਾ ਵਿਚ ਸਥਾਪਤ ਕਰਨ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ। ਪੰਜਾਬੀ ਗ਼ਜ਼ਲ ਨੂੰ ਮਕਬੂਲੀਅਤ ਦਾ ਰੁਤਬਾ ਹਾਸਲ ਕਰਵਾਉਣ ਵਾਲੇ ਉਸਤਾਦ ਸ਼ਾਇਰ ਦੀਪਕ ਜੈਤੋਈ ਨੇ ਗ਼ਜ਼ਲ ਦੇ ਨਾਲ-ਨਾਲ ਗੀਤ, ਕਾਵਿ-ਨਾਟ, ਮਹਾਂਕਾਵਿ, ਨਾਟਕ ਅਤੇ ਅਨੁਵਾਦ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ। ਉਹਨਾਂ ਦੀਆਂ ਇਕ ਦਰਜਨ ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਜਿਨ੍ਹਾਂ ਵਿਚ ਮਾਲਾ ਕਿਉਂ ਬਣੀ ਤਲਵਾਰ (ਮਹਾਂਕਾਵਿ), ਗ਼ਜ਼ਲ ਦੀ ਖ਼ੁਸ਼ਬੂ, ਗ਼ਜ਼ਲ ਦਾ ਅਦਾ, ਦੀਪਕ ਦੀ ਲੋਅ, ਮੇਰੀਆਂ ਚੋਣਵੀਆਂ ਗ਼ਜ਼ਲਾਂ, ਗ਼ਜ਼ਲ ਦਾ ਬਾਂਕਪਨ, ਭਰਥਰੀ ਹਰੀ (ਕਾਵਿ-ਨਾਟਕ), ਭੁਲੇਖਾ ਪੈ ਗਿਆ (ਕਹਾਣੀ ਸੰਗ੍ਰਹਿ), ਸਮਾਂ ਜ਼ਰੂਰ ਆਵੇਗਾ (ਨਾਟਕ), ਸਿਕੰਤ ਗੁਪਤ (ਅਨੁਵਾਦਿਤ ਰਚਨਾ) ਆਦਿ ਰਚਨਾਵਾਂ ਕਾਬਿਲ-ਏ-ਜ਼ਿਕਰ ਹਨ।
ਦੀਪਕ ਜੈਤੋਈ ਨੇ ਜਿੱਥੇ ਸਾਹਿਤਕ ਖੇਤਰ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਦਿੱਤਾ ਉਥੇ ਹੀ ਉਹ ਉੱਚਕੋਟੀ ਦੇ ਗੀਤਕਾਰ ਵੀ ਸਨ। ਉਹਨਾਂ ਦੇ ਗੀਤ ਨਰਿੰਦਰ ਬੀਬਾ ਦੀ ਸੁਰੀਲੀ ਆਵਾਜ਼ ਵਿਚ ਰਿਕਾਰਡ ਹੋਏ। ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ, ਗੱਲ ਸੋਚ ਕੇ ਕਰੀਂ ਤੂੰ ਜ਼ੈਲਦਾਰਾਂ ਵੇ ਅਸਾਂ ਨੀਂ ਕਨੌੜ ਝੱਲਣੀ, ਜੁੱਤੀ ਲਗਦੀ ਹਾਣੀਆਂ ਮੇਰੇ ਵੇ ਪੁੱਟ ਨਾ ਪੁਲਾਘਾਂ ਲੰਮੀਆਂ ਆਦਿ ਕਈ ਗੀਤ ਪੰਜਾਬੀ ਜ਼ੁਬਾਨ ਤੇ ਲੋਕ ਗੀਤਾਂ ਵਾਂਗ ਚੜ੍ਹੇ ਹੋਏ ਹਨ। ਇਸ ਤੋਂ ਇਲਾਵਾਂ ਉਹਨਾਂ ਦੇ ਲਿਖੇ ਧਾਰਮਿਕ ਗੀਤ ਸਾਕਾ ਚਾਂਦਨੀ ਚੌਕ ਅਤੇ ਗੁਰੂ ਨਾਨਕ ਦੀਆਂ ਸਾਖੀਆਂ ਵੀ ਪ੍ਰਸਿੱਧ ਕੰਪਨੀ ਐੱਚਐਮਵੀ ਨੇ ਰਿਕਾਰਡ ਕੀਤੇ ਸਨ।
ਦੀਪਕ ਜੈਤੋਈ ਦੀ ਸਭ ਤੋਂ ਵੱਡੀ ਵਿਲੱਖਣਤਾ ਇਹ ਸੀ ਕਿ ਉਹਨਾਂ ਨੇ ਦੀਪਕ ਗ਼ਜ਼ਲ ਸਕੂਲ ਦੀ ਸਥਾਪਨਾ ਕੀਤੀ, ਜਿੱਥੇ ਉਹ ਰੋਜ਼ਾਨਾ ਲੰਮੇ ਸਮੇਂ ਤੱਕ ਸ਼ਾਗਿਰਦਾਂ ਨੂੰ ਗ਼ਜ਼ਲ ਦੀਆਂ ਸੂਖਮਤਾਵਾਂ, ਰੂਪਕ, ਬਰੀਕੀਆਂ ਅਤੇ ਪਿੰਗਲ ਦੇ ਨਿਯਮ ਸਿਖਾਉਂਦੇ ਰਹੇ। ਇਸ ਸਕੂਲ ਰਾਹੀਂ ਉਹਨਾਂ ਨੇ ਲਗਭਗ 350 ਸ਼ਾਗਿਰਦ ਤਿਆਰ ਕੀਤੇ, ਜਿਨ੍ਹਾਂ ਵਿਚ ਅਮਰਜੀਤ ਸੰਧੂ, ਡੀ.ਆਰ.ਧਵਨ, ਗੁਰਦਿਆਲ ਰੋਸ਼ਨ ਅਤੇ ਲਾਲਾ ਫਿਰੋਜ਼ਪੁਰੀ ਵਰਗੇ ਨਾਮ ਸ਼ਾਮਿਲ ਹਨ।
ਪੰਜਾਬੀ ਜ਼ੁਬਾਨ ਅਤੇ ਗ਼ਜ਼ਲ ਨੂੰ ਆਪਣੀ ਜ਼ਿੰਦਗੀ ਸਰਮਪਿਤ ਕਰਨ ਵਾਲੇ ਦੀਪਕ ਜੈਤੋਈ ਨੂੰ ਪੰਜਾਬ ਅਤੇ ਹਰਿਆਣਾ ਦੀ ਹਰ ਵੱਡੀ ਸਾਹਿਤਕ ਸੰਸਥਾ ਨੇ ਮਾਣ ਅਤੇ ਸਨਮਾਨ ਦਿੱਤਾ। ਉਹਨਾਂ ਨੂੰ ਸ਼ਰੋਮਣੀ ਪੰਜਾਬੀ ਕਵੀ ਸਨਮਾਨ, ਡਾ. ਸਾਧੂ ਸਿੰਘ ਹਮਦਰਦ ਐਵਾਰਡ, ਕਰਤਾਰ ਸਿੰਘ ਧਾਲੀਵਾਲ ਐਵਾਰਡ, ਬਾਬਾ-ਏ-ਗ਼ਜ਼ਲ ਐਵਾਰਡ, ਮੀਰ ਤਕੀ ਮੀਰ ਐਵਾਰਡ ਅਤੇ ਹੋਰ ਅਨੇਕਾਂ ਸਾਹਿਤਕ ਐਵਾਰਡਾਂ ਨਾਲ ਨਿਵਾਜ਼ਿਆ ਗਿਆ।
ਦੀਪਕ ਜੈਤੋਈ ਨੇ ਆਪਣੀ ਜ਼ਿੰਦਗੀ ਫੱਕਰਾਂ ਵਾਂਗ ਬਿਤਾਈ ਪਰ ਆਪਣੇ ਸ਼ੌਕ ਬਰਕਰਾਰ ਰੱਖੇ। ਬੇਸ਼ੱਕ ਉਹ ਆਪਣੀ ਜ਼ਿੰਦਗੀ ਤੰਗੀਆਂ-ਤੁਰਸ਼ੀਆਂ ਦਾ ਸਾਹਮਣੇ ਕਰਦੇ ਰਹੇ ਪਰ ਉਹਨਾਂ ਨੇ ਕਦੇ ਵੀ ਆਪਣੀ ਅਣਖ, ਗ਼ੈਰਤ ਅਤੇ ਸਵੈਮਾਣ ਨੂੰ ਠੇਸ ਨਹੀਂ ਲੱਗਣ ਦਿੱਤੀ। ਉਹ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਗੂੜ੍ਹੇ ਮਿੱਤਰ ਸਨ ਅਤੇ ਅਕਸਰ ਕਵੀ ਦਰਬਾਰਾਂ ਵਿਚ ਉਹ ਇਕੱਠੇ ਸ਼ਾਮਲ ਹੁੰਦੇ ਰਹੇ। ਪੰਜਾਬੀ ਗ਼ਜ਼ਲ ਦਾ ਇਹ ਸੂਰਜ 12 ਫਰਵਰੀ, 2005 ਨੂੰ ਹਮੇਸ਼ਾ ਦੇ ਲਈ ਛਿਪ ਗਿਆ।