ਮੰਜ਼ਲ ਵੱਲ ਪਿੱਠ ਕਰ ਕੇ ਟੁਰਿਆ, ਉਂਜ ਰਾਹੀ ਟੁਰਿਆ ਤਾਂ ਹੈ।
ਪਾਣੀ ਦੀ ਇਕ ਛਿੱਟ ਨੂੰ ਤਰਸੇ, ਦਿਲ ਭਾਵੇਂ ਦਰਿਆ ਤਾਂ ਹੈ।
ਤੁਰਦੇ ਫਿਰਦੇ ਮੁਰਦੇ ਏਥੇ, ਕ਼ਬਰੀਂ ਸੁੱਤੇ ਜੀਂਦੇ ਲੋਕ।
ਜੀਵਨ, ਮੌਤ ਵਿਚਾਲੇ ਇਕ ਬਾਰੀਕ ਜਿਹਾ ਪਰਦਾ ਤਾਂ ਹੈ।
ਖੰਡਰ, ਧੁੰਦੂਕਾਰਾ, ਚੁੱਪ, ਲਕੀਰਾਂ, ਨਫ਼ਰਤ, ਗੁੰਗੀ ਪੀੜ,
ਮੇਰੇ ਸਾਹਵੇਂ ਮੇਰੇ ਘਰ ਦੀ ਕ਼ਿਸਮਤ ਦਾ ਨਕਸ਼ਾ ਤਾਂ ਹੈ।
ਨੰਗੀਆਂ ਲਾਸ਼ਾਂ ਵੇਖ ਵੇਖ ਕੇ ਡੁੱਬਦਾ ਜਾਏ ਕਪਾਹ ਦਾ ਖੇਤ,
ਲਾਸ਼ਾਂ ਉੱਤੇ ਗਿੱਠ ਗਿੱਠ ਭਾਵੇਂ ਨਫ਼ਰਤ ਦਾ ਗਰਦਾ ਤਾਂ ਹੈ।
ਗੁੱਗੇ ਦੀ ਦਰਗਾਹੇ ਸੁੱਖਣਾ ਚਾੜ੍ਹੀ ਇਕ ਮਜਬੂਰੀ ਨੇ,
ਨਾ ਬੱਤੀ ਨਾ ਤੇਲ ਕ਼ਬਰ ਤੇ, ਇਕ ਬੋੜਾ ਦੀਵਾ ਤਾਂ ਹੈ
ਇਸ਼ਕ਼, ਅਮਲ ਨੂੰ ਪੂਜਣ ਵਾਲਾ, ਬੰਦਾ ਆਪ ਖ਼ੁਦਾ ਤਾਂ ਹੈ,
ਅਸਰ ਨਹੀਂ ਹੈ, ਪੱਥਰ ਅੱਗੇ ਹੁੰਦੀ ਰੋਜ਼ ਦੁਆ ਤਾਂ ਹੈ।
‘ਨੂਰ' ਨਾਲ ਮਸਰੂਰ ਮੁਹੱਬਤ ਦਾ ਮੁੱਲ ਪਾਉਣਾ ਖੇਡ ਨਹੀਂ,
ਤੂੰ ਦਰਬਾਰੀ ਸ਼ਾਇਰ ਨਾ ਸਈ, ਤੇਰੇ ਕੋਲ ਕਲਾ ਤਾਂ ਹੈ।