ਤੂੰ ਮਿਲੇਂ ਮੈਨੂੰ, ਸਰਾਪੀ ਰੂਹ ਨੂੰ ਬਰਕਤ ਮਿਲੇ।
ਇਸ਼ਕ਼ ਦੇ ਮਜ਼ਦੂਰ ਨੂੰ ਮਰ ਕੇ ਜਿਵੇਂ ਮਿਹਨਤ ਮਿਲੇ।
ਅਦਬ ਮੇਰੇ ਨੂੰ ਮਿਲੇਂ ਤੂੰ ਜਾਂਗਲੀ ਅੰਦਾਜ਼ ਵਿਚ,
ਚਿਰਾਂ ਪਿਛੋਂ ਜਿਸ ਤਰ੍ਹਾਂ ਤਹਿਜ਼ੀਬ ਨੂੰ ਕ਼ੁਦਰਤ ਮਿਲੇ।
ਅੱਜ ਸੁਪਨੇ ਵਿਚ ਇਉਂ ਆਵਾਜ਼ ਆਈ ਹੈ ਤਿਰੀ,
ਕ਼ਬਰ ਵਿਚ ਸੁੱਤੇ ਨੂੰ ਜੀਕਣ ਜ਼ਿੰਦਗੀ ਦਾ ਖ਼ਤ ਮਿਲੇ।
ਸਾਦਗੀ ਮੇਰੀ ਨੂੰ ਕੋਸੇ ਰੂਪ ਤੇਰੇ ਦਾ ਗ਼ਰੂਰ,
ਸਿਰ ਨਿਵਾ ਕੇ ਕਿਸ ਤਰ੍ਹਾਂ ਪਾਤਾਲ ਨੂੰ ਪਰਬਤ ਮਿਲੇ।
ਇਕ ਜਨਮ, ਦੋ ਜੁੱਗ, ਪਰਲੋ ਤੀਕ ਕਰ ਲਾਂਗਾ, ਉਡੀਕ,
ਯਾਰ, ਆ ਜਾਣਾ ਜੇ ਹੋ ਸਕੇ, ਜਦੋਂ ਫੁਰਸਤ ਮਿਲੇ।
ਇਸ ਤਰ੍ਹਾਂ ਮਿਲਦਾ ਹੈ ਮੈਨੂੰ ਯਾਦ ਤੇਰੀ ਦਾ ਖ਼ਿਆਲ,
ਹਰ ਚੁਰੱਸਤੇ ਵਿਚ ਜੀਕਣ ਕਰਮ ਨੂੰ ਕ਼ਿਸਮਤ ਮਿਲੇ।
ਕੁਫ਼ਰ ਨਗਰੀ ਵਿਚ ਆਖ਼ਰ ਜ਼ਿੰਦਗੀ ਦਾ ਹੱਜ ਕੀ,
ਈਦ ਪਿਛੋਂ ਇਸ਼ਕ਼ ਦੇ ਦਰਵੇਸ਼ ਨੂੰ ਦਾਅਵਤ ਮਿਲੇ।
ਮੁਸਕੁਰਾਂਦੇ ਟਿਮਟਿਮਾਉਂਦੇ 'ਨੂਰ' ਨੂੰ ਸੂਰਜ ਮਿਲੇ,
ਬਰਫ਼ ਨੂੰ ਹਰਕਤ ਮਿਲੇ, ਮਜਬੂਰ ਨੂੰ ਜੁਰੱਅਤ ਮਿਲੇ।