ਫਾਇਲਾਤੁਨ ਨੂੰ ਨਹੀਂ ਫੁਰਦੀ ਗ਼ਜ਼ਲ
ਚੇਤਨਾ ਦਾ ਤੋਲ ਹੈ ਅਸਲੀ ਗ਼ਜ਼ਲ।
ਇਹਦਿਆਂ ਨਕਸ਼ਾਂ 'ਚ ਕਿਹੜਾ ਰੰਗ ਨਹੀਂ,
ਜ਼ਿੰਦਗੀ ਵਰਗੀ ਨਹੀਂ ਕੋਈ ਗ਼ਜ਼ਲ ।
ਵੇਖਿਆ ਤੈਨੂੰ, ਤਿਰੀ ਧੜਕਣ ਸੁਣੀ,
ਰੂਪ ਤੇਰਾ ਗੀਤ, ਰੂਹ ਤੇਰੀ ਗ਼ਜ਼ਲ ।
ਰਿਸ਼ਤਿਆਂ ਦੇ ਸਾਜ਼ ਬੇ-ਸੁਰ ਹੋ ਗਏ,
ਮਾਮਤਾ ਵਰਗੀ ਨਹੀਂ ਸੁੱਚੀ ਗ਼ਜ਼ਲ।
ਗੀਤ ਪਹਿਲੇ ਮੇਲ ਦਾ ਅਹਿਸਾਸ ਹੈ,
ਬ੍ਰਿਹੜੇ ਦੀ ਪੀੜ ਹੈ ਪਹਿਲੀ ਗ਼ਜ਼ਲ |
ਤੇਰਿਆਂ ਬੋਲਾਂ 'ਚ ਧੜਕਣ ਲੋਕ-ਗੀਤ,
ਤੇਰੀ ਚੁੱਪ-ਰੰਗੀ ਨਹੀਂ ਵੇਖੀ ਗ਼ਜ਼ਲ |
ਹਿਜਰ ਦੀ ਭੱਠੀ 'ਚੋਂ ਮਾਰੂ-ਥਲ ਬਣੇ,
ਬਣ ਗਏ ਸਾਗਰ ਜਦੋਂ ਰੋਈ ਗ਼ਜ਼ਲ ।
ਜ਼ਿੰਦਗੀ ਵਿਚ ਕੋਈ ਸਕਤਾ ਨਾ ਰਹੇ,
ਸਿਰ ਜੇ ਸੁਣ ਸੱਕੇ ਕਿਤੇ ਦਿਲ ਦੀ ਗ਼ਜ਼ਲ
ਆਸ ਦੀ ਓਜ਼ੋਨ ਤੋਂ' ਅੰਬਰ ਬਣੇ,
ਬਣੇ ਚੰਨ, ਤਾਰੇ ਜਦੋਂ ਮਹਿਕੀ ਗ਼ਜ਼ਲ।
ਕਰਮ ਦੀ ਅੰਗੜਾਈ 'ਚੋਂ ਨਿੰਮ੍ਹਦੀ ਕਲਾ,
ਕਲਾ ਦੀ ਮੁਸਕਾਨ 'ਚੋਂ ਝਰਦੀ ਗ਼ਜ਼ਲ।
ਰੂਹ ਭਾਲੇ ਜਿਵੇਂ ਜੁੱਸੇ ਦਾ ਲਿਬਾਸ,
ਫ਼ਾਇਲਾਤੁਨ ਪਹਿਨਦੀ ਸੁਹਣੀ ਗ਼ਜ਼ਲ।
ਸ਼ਾਇਰੀ ਦੀ ਆਤਮਾ ਦਾ ਨੂਰ ਇਹ,
ਗ਼ਜ਼ਲ ਹੋਵੇ, ਕਦੀ ਨਾ ਮੋਈ ਗ਼ਜ਼ਲ।